ਬਦਲੀਆਂ 'ਚ ਹੋ ਰਹੀ ਧੱਕੇਸ਼ਾਹੀ ਅਤੇ ਪੈਡਿੰਗ ਤਰੱਕੀਆਂ ਲਟਕਾਉਣ ਖਿਲਾਫ ਵਿਸ਼ਾਲ ਰੋਸ ਸਿੱਖਿਆ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ

 ਬਦਲੀਆਂ 'ਚ ਹੋ ਰਹੀ ਧੱਕੇਸ਼ਾਹੀ ਅਤੇ ਪੈਡਿੰਗ ਤਰੱਕੀਆਂ ਲਟਕਾਉਣ ਖਿਲਾਫ ਵਿਸ਼ਾਲ ਵਫਦ ਦੇ ਰੂਪ 'ਚ ਦਿੱਤਾ ਰੋਸ ਪੱਤਰ 

ਅਧਿਆਪਕਾਂ ਦੇ ਫੌਰੀ ਮਸਲੇ ਹੱਲ ਨਾ ਹੋਣ ਦੀ ਸੂਰਤ ਵਿੱਚ 12 ਅਗਸਤ ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ  


ਬਦਲੀ ਨੀਤੀ ਨੂੰ ਲਾਂਭੇ ਕਰਕੇ ਨਿੱਤ ਨਵੇਂ ਫੈਸਲਿਆਂ ਰਾਹੀਂ ਅਧਿਆਪਕਾਂ ਨਾਲ ਧੱਕੇਸ਼ਾਹੀ ਕਰਨ ਖਿਲਾਫ ਪ੍ਰਗਟਾਇਆ ਰੋਸ



ਦਲਜੀਤ ਕੌਰ ਭਵਾਨੀਗੜ੍ਹ

ਐੱਸ ਏ ਐੱਸ ਨਗਰ, 6 ਅਗਸਤ, 2021: ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਬੀਤੀ 25 ਜੂਨ ਨੂੰ ਅਧਿਆਪਕਾਂ ਅਤੇ ਸਿੱਖਿਆ ਨਾਲ ਜੁੜੇ ਮਸਲਿਆਂ ਦੇ ਹੱਲ ਨੂੰ ਲੈ ਕੇ ਪੰਜਾਬ ਭਵਨ (ਚੰਡੀਗੜ੍ਹ) ਵਿਖੇ ਪੰਜਾਬ ਸਰਕਾਰ ਦੇ ਮੁੱਖ ਪ੍ਰਮੁੱਖ ਸਕੱਤਰ ਨਾਲ ਹੋਈ ਮੀਟਿੰਗ ਦੇ ਸਾਰੇ ਫੈਸਲੇ ਲਾਗੂ ਕਰਕੇ ਅਧਿਆਪਕਾਂ ਨੂੰ ਕੋਈ ਰਾਹਤ ਦੇਣ ਦੀ ਥਾਂ, ਸਿੱਖਿਆ ਵਿਭਾਗ ਵਿੱਚ ਆਨਲਾਈਨ ਬਦਲੀ ਪ੍ਰਕਿਰਿਆ ਦੌਰਾਨ ਮਨ ਆਈਆਂ ਹੋਣ ਅਤੇ ਵੱਖ ਵੱਖ ਕਾਡਰਾਂ ਦੀਆਂ ਪੈਂਡਿੰਗ ਤਰੱਕੀਆਂ ਨਾ ਨੇਪਰੇ ਚਾੜ੍ਹਣ ਦੇ ਵਿਰੋਧ ਵਿੱਚ ਅਧਿਆਪਕਾਂ ਦੇ ਵਿਸ਼ਾਲ ਵਫ਼ਦ ਵੱਲੋਂ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਨਾਂ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਰਾਹੀਂ ਰੋਸ ਪੱਤਰ ਦਿੱਤਾ ਗਿਆ। ਫੌਰੀ ਮੰਗਾਂ ਦਾ ਵਾਜਿਬ ਹੱਲ ਨਾ ਹੋਣ ਦੀ ਸੂਰਤ ਵਿੱਚ 12 ਅਗਸਤ ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ ਵੀ ਕੀਤਾ।



       ਸਾਂਝਾ ਅਧਿਆਪਕ ਮੋਰਚਾ ਦੇ ਸੂਬਾਈ ਕਨਵੀਨਰਾਂ ਸੂਬਾ ਕਨਵੀਨਰਾਂ ਹਰਜੀਤ ਸਿੰਘ ਬਸੋਤਾ, ਬਾਜ ਸਿੰਘ ਖਹਿਰਾ, ਵਿਕਰਮ ਦੇਵ ਸਿੰਘ, ਹਰਵਿੰਦਰ ਸਿੰਘ ਬਿਲਗਾ, ਜਸਵਿੰਦਰ ਸਿੰਘ ਔਲਖ ਅਤੇ ਸੂਬਾਈ ਆਗੂਆਂ ਕੁਲਦੀਪ ਸਿੰਘ ਦੌੜਕਾ, ਗੁਰਪ੍ਰੀਤ ਮਾਡ਼ੀ ਮੇਘਾ, ਮਨਦੀਪ ਸਿੰਘ ਅਤੇ ਜੋਗੇਸ਼ ਕੁਮਾਰ ਨੇ ਦੱਸਿਆ ਕਿ ਆਨਲਾਈਨ ਬਦਲੀ ਪ੍ਰਕਿਰਿਆ ਦੌਰਾਨ ਬਦਲੀਆਂ ਕਰਨ ਦੇ ਮਾਪਦੰਡਾਂ ਵਿੱਚ ਇੱਕਸਾਰਤਾ ਨਾ ਹੋਣ, ਵੱਖ-ਵੱਖ ਕਾਰਨਾਂ ਦੇ ਹਵਾਲੇ ਨਾਲ ਰਿਲੀਵਿੰਗਾਂ ਰੋਕਣ ਅਤੇ ਬਿਨ੍ਹਾਂ ਅਗਾਉਂ ਸੂਚਿਤ ਕੀਤਿਆਂ ਅਧਿਆਪਕਾਂ ਨੂੰ ਡੀ ਬਾਰ ਕਰਨ ਆਦਿ ਦੇ ਮਾਮਲਿਆਂ ਸਬੰਧੀ ਸਿੱਖਿਆ ਵਿਭਾਗ ਵੱਲੋਂ ਨਿੱਤ ਨਵੇਂ ਗੈਰ ਵਾਜਿਬ ਫ਼ੈਸਲੇ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਬਦਲੀਆਂ ਲਾਗੂ ਕਰਨ ਲਈ 50% ਸਟਾਫ, ਸਿੰਗਲ ਟੀਚਰ, ਅਧਿਆਪਕ ਦਾ ਬਦਲ ਹੋਣਾ ਜਾਂ ਪਰਖ ਸਮਾਂ ਪੂਰਾ ਹੋਣ ਆਦਿ ਦੀ ਲਗਾਈ ਸ਼ਰਤ ਹਟਾ ਕੇ ਸਭ ਨੂੰ ਬਦਲੀ ਕਰਵਾਉਣ ਦਾ ਬਰਾਬਰ ਮੌਕਾ ਦਿੱਤਾ ਜਾਵੇ। ਸਾਰੀਆਂ ਅਸਾਮੀਆਂ ਲਈ ਨਵੀਂ ਭਰਤੀ/ਤਰੱਕੀ ਪ੍ਰਕਿਰਿਆ ਬਿਨਾ ਦੇਰੀ ਮੁਕੰਮਲ ਕਰਨ ਦੀ ਸਰਕਾਰੀ ਜਿੰਮੇਵਾਰੀ ਨਿਭਾਈ ਜਾਵੇ। ਸਾਰੇ ਵਰਗਾਂ ਦਰਮਿਆਨ ਇੱਕਸਾਰਤਾ ਰੱਖੀ ਜਾਵੇ ਅਤੇ ਬੇਯਕੀਨੀ ਦੇ ਮਾਹੋਲ ਨੂੰ ਖਤਮ ਕੀਤਾ ਜਾਵੇ। ਬਿਨਾਂ ਅਗਾਊਂ ਸੂਚਿਤ ਕੀਤਿਆਂ, ਪਿਛਲੇ ਸਮੇ ਵਿੱਚ ਵਿਭਾਗੀ ਆਪਸ਼ਨ ਅਨੁਸਾਰ ਬਦਲੀ ਕੈਂਸਲ ਕਰਵਾਉਣ ਵਾਲਿਆਂ ਨੂੰ ਡੀ.ਬਾਰ. ਕਰਨ ਦਾ ਫ਼ੈਸਲਾ ਵਾਪਸ ਲਿਆ ਜਾਵੇ ਅਤੇ ਇਸ ਸਬੰਧੀ ਤਰਕਸੰਗਤ ਨਿਯਮ ਤੈਅ ਕਰਨ ਉਪਰੰਤ ਭਵਿੱਖ ਵਿੱਚ ਲਾਗੂ ਕੀਤੇ ਜਾਣ। 180 ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਲਈ ਸ਼ੁਰੂਆਤੀ ਭਰਤੀਆਂ ਅਨੁਸਾਰ ਪਿਛਲੀ ਸਰਵਿਸ ਦਾ ਲਾਭ ਬਰਕਰਾਰ ਰੱਖਿਆ ਜਾਵੇ ਅਤੇ ਇਨ੍ਹਾਂ ਦੀਆਂ ਬਦਲੀਆਂ ਨੂੰ ਰੱਦ ਕਰਨ ਦਾ ਗੈਰ ਵਾਜਿਬ ਵਿਭਾਗੀ ਫੈਸਲਾ ਵਾਪਿਸ ਲਿਆ ਜਾਵੇ ਅਤੇ ਹੋਈਆਂ ਬਦਲੀਆਂ ਲਾਗੂ ਕੀਤੀਆਂ ਜਾਣ। ਅਧਿਆਪਕਾਂ ਨੂੰ ਪੱਕੀ ਰਿਹਾਇਸ਼ ਤੋਂ ਸਟੇਸ਼ਨ ਦੀ ਦੂਰੀ ਅਨੁਸਾਰ ਅੰਕਾਂ ਦੀ ਵੇਟੇਜ਼ ਦਿੱਤੀ ਜਾਵੇ। ਖਾਲੀ ਅਸਾਮੀਆਂ ਨੂੰ ਸਕੂਲ ਅਨੁਸਾਰ ਵੱਖਰੇ-ਵੱਖਰੇ ਤੌਰ ‘ਤੇ ਸਟੇਸ਼ਨ ਚੌਣ ਲਈ ਪੇਸ਼ ਕੀਤਾ ਜਾਵੇ ਅਤੇ ਸੰਗੀਤ-ਤਬਲਾ ਟੀਚਰਾਂ, ਖੇਤੀਬਾੜੀ, ਨਾਨ ਟੀਚਿੰਗ (ਐੱਸ.ਐੱਲ.ਏ. ਆਦਿ) ਲਈ ਵੀ ਸਾਰੀਆਂ ਖਾਲੀ ਅਸਾਮੀਆਂ ਦਿਖਾਈਆਂ ਜਾਣ। ਪ੍ਰਾਇਮਰੀ ਵਰਗ ਦੀਆਂ ਅੰਤਰ ਜਿਲ੍ਹਾ ਬਦਲੀਆਂ ਫੌਰੀ (ਡੈਪੂਟੇਸ਼ਨ ਦੀ ਬਜਾਏ) ਬਿਨਾਂ ਸ਼ਰਤ ਲਾਗੂ ਕੀਤੀਆਂ ਜਾਣ। ਸਕੂਲ ਮੁਖੀਆਂ ਦੀ ਬਦਲੀ ਹੋਣ ਉਪਰੰਤ ਪੁਰਾਣੇ ਸਟੇਸ਼ਨ ਦਾ ਚਾਰਜ ਬਰਕਰਾਰ ਰੱਖਣ ਦਾ ਗੈਰਵਾਜਿਬ ਫੈਸਲਾ ਰੱਦ ਕੀਤਾ ਜਾਵੇ। ਆਪਸੀ ਬਦਲੀਆਂ ਅਤੇ ਨਵ-ਵਿਆਹ ਦੇ ਮਾਮਲਿਆਂ ਵਿੱਚ ਬਿਨਾਂ ਸ਼ਰਤ ਬਦਲੀ ਕੀਤੀ ਜਾਵੇ। ਬਦਲੀਆਂ ਸਬੰਧੀ ਇਤਰਾਜਾਂ ਲਈ ਨਿੱਜੀ ਸੁਣਵਾਈ ਦਾ ਮੌਕਾ ਦੇ ਕੇ ਯੋਗ ਹੱਲ ਕੀਤਾ ਜਾਵੇ। 25-06-2019 ਤੋਂ ਬਾਅਦ ਸਕੂਲਾਂ ਦੀ ਮਰਜਿੰਗ ਜਾਂ ਸਟਰੀਮ ਟੁੱਟਣ ਕਾਰਨ ਸਟੇਸ਼ਨਾਂ ਤੋਂ ਜਬਰੀ ਬਦਲੇ ਅਧਿਆਪਕਾਂ ਨੂੰ ਵੀ ਬਦਲੀ ਪ੍ਰਕਿਰਿਆ ਵਿੱਚ ਸ਼ਾਮਿਲ ਕੀਤਾ ਜਾਵੇ। 



       ਆਗੂਆਂ ਨੇ ਦੱਸਿਆ ਕਿ ਅਧਿਆਪਕਾਂ ਦੇ ਸਾਰੇ ਕਾਡਰਾਂ ਲਈ ਪਦਉੱਨਤੀ ਕੋਟਾ 75% ਹੀ ਰੱਖਿਆ ਜਾਵੇ। ਹਰੇਕ ਪੱਧਰ ‘ਤੇ ਤਰੱਕੀ ਪ੍ਰਕਿਰਿਆ ਨੂੰ ਵਿਭਾਗੀ ਨਿਯਮਾਂ ਅਨੁਸਾਰ ਸਮਾਂਬੱਧ ਢੰਗ ਨਾਲ ਮੁੁਕੰਮਲ ਕਰਨੀ ਯਕੀਨੀ ਬਣਾਉਣ ਦੀ ਠੋਸ ਨੀਤੀ ਤਿਆਰ ਕੀਤੀ ਜਾਵੇ। ਪ੍ਰਾਇਮਰੀ ਵਰਗ ਦੀਆਂ ਪੈਂਡਿੰਗ ਬਦਲੀਆਂ ਅਤੇ ਈ.ਟੀ.ਟੀ. ਤੋਂ ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਦੀਆਂ ਪੈਡਿੰਗ ਤਰੱਕੀਆਂ ਜਿੰਮੇਵਾਰੀ ਫਿਕਸ ਕਰਦਿਆਂ ਫੌਰੀ ਕੀਤੀਆਂ ਜਾਣ। ਸੀ.ਐਂਡ.ਵੀ. ਤੋਂ ਮਾਸਟਰ ਕਾਡਰ ਦੀ ਪੈਡਿੰਗ ਤਰੱਕੀ (ਤਰੱਕੀ ਕੋਟਾ ਤਰਕਸੰਗਤ ਢੰਗ ਨਾਲ ਮੁੜ ਤੈਅ ਕਰਕੇ ਵਧਾਂਉਂਦਿਆਂ) ਮੁਕੰਮਲ ਕੀਤੀ ਜਾਵੇ। ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਵਿੱਚ ਨਵੇਂ ਅਧਿਆਪਕਾਂ ਨੂੰ ਸ਼ਾਮਿਲ ਕਰਕੇ ਫੌਰੀ ਅਪਡੇਟ ਕੀਤਾ ਜਾਵੇ। ਮਾਸਟਰ ਤੋਂ ਮੁੱਖ ਅਧਿਆਪਕ ਕਾਡਰ ਅਤੇ ਲੈਕਚਰਾਰ ਕਾਡਰ ਦੇ ਸਾਰੇ ਵਿਸ਼ਿਆਂ ਦੀਆਂ, ਅਸਾਮੀਆਂ ਦੀ ਸਹੀ ਗਿਣਤੀ ਅਨੁਸਾਰ ਬਣਦੀਆਂ ਪੈਂਡਿੰਗ ਪਦਉਨਤੀਆਂ ਦੀ ਪ੍ਰਕਿਰਿਆ ਵੀ ਜਲਦ ਸ਼ੁਰੂ ਕੀਤੀ ਜਾਵੇ ਅਤੇ ਤਰੱਕੀ ਛੱਡਣ ਦੇ ਮਾਮਲਿਆਂ ‘ਚ ਮੈਰਿਟ ਅਨੁਸਾਰ ਅਗਲੇ ਯੋਗ ਅਧਿਆਪਕਾਂ ਨੂੰ ਤਰੱਕੀ ਪੱਤਰ ਜਾਰੀ ਕੀਤੇ ਜਾਣ। ਮਾਸਟਰ ਤੋਂ ਸਰੀਰਿਕ ਸਿੱਖਿਆ ਲੈਕਚਰਾਰ ਲਈ ਤਰੱਕੀਆਂ ਲਾਗੂ ਕਰਨ ਸਬੰਧੀ ਕਾਰਵਾਈ ਆਰੰਭੀ ਜਾਵੇ। ਨਾਨ ਟੀਚਿਗ ਤੋਂ ਵੱਖ-ਵੱਖ ਕਾਡਰਾਂ ਲਈ ਤਰੱਕੀਆਂ ਵਿੱਚ ਟੀ.ਈ.ਟੀ. ਪਾਸ ਹੋਣ ਦੀ ਸ਼ਰਤ ਹਟਾਈ ਜਾਵੇ ਅਤੇ ਮਾਸਟਰ ਕਾਡਰ ਦੇ ਪੈਡਿੰਗ ਵਿਸ਼ਿਆਂ ਲਈ ਤਰੱਕੀਆਂ ਵੀ ਕੀਤੀਆਂ ਜਾਣ। ਲੈਕਚਰਾਰ ਤੋਂ ਪ੍ਰਿੰਸੀਪਲ ਦੀਆਂ ਪੈਡਿੰਗ ਪਦਉੱਨਤੀਆਂ ਸੀਨਆਰਤਾ ਅਨੁਸਾਰ ਸਮੇਂ ਸਿਰ ਹੋਣੀਆਂ ਯਕੀਨੀ ਬਣਾਈਆਂ ਜਾਣ ਅਤੇ ਅਧਿਆਪਕਾਂ ਵੱਲੋਂ ਸ਼ੋਸ਼ਲ ਮੀਡਿਆ ‘ਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ‘ਤੇ ਪ੍ਰਸ਼ਨ ਚਿੰਨ੍ਹ ਲਗਾਉਣ ਵਰਗੇ ਫੈਸਲਿਆਂ ਸਬੰਧੀ ਵੀ ਅਧਿਆਪਕ ਵਰਗ ਵਿੱਚ ਗਹਿਰਾ ਰੋਸ ਹੈ। ਇਸ ਦੇ ਨਾਲ ਹੀ ਕੈਬਨਿਟ ਸਬ ਕਮੇਟੀ ਨੂੰ ਛੇਵੇਂ ਪੰਜਾਬ ਤਨਖਾਹ ਕਮਸ਼ਿਨ ਨੂੰ ਲਾਗੂ ਕਰਨ ਸਬੰਧੀ ਅਧਿਆਪਕਾਂ ਦੇ ਇਤਰਾਜ ਲਿਖਤੀ ਰੂਪ ਵਿੱਚ ਮੁੜ ਭੇਜਦਿਆਂ, ਇਨ੍ਹਾਂ ਦਾ ਵਾਜਿਬ ਹੱਲ ਕਰਨ ਦੀ ਮੰਗ ਵੀ ਕੀਤੀ ਗਈ।



      ਇਸ ਮੌਕੇ ਸੁਰਜੀਤ ਸਿੰਘ ਮੋਹਾਲੀ, ਮੁਕੇਸ਼ ਕੁਮਾਰ ਗੁਜਰਾਤੀ, ਨਰੈਣ ਦੱਤ ਤਿਵਾੜੀ, ਧਰਮ ਸਿੰਘ ਰਾਈਏਵਾਲ, ਬਿਕਰਮਜੀਤ ਸਿੰਘ ਕੱਦੋਂ, ਜਤਿੰਦਰ ਸਿੰਘ, ਪ੍ਰਵੀਨ ਕੁਮਾਰ, ਕੁਲਵਿੰਦਰ ਸਿੰਘ ਬਰਾੜ ਅਤੇ ਗੁਰਮੁਖ ਸਿੰਘ ਆਦਿ ਮੌਜੂਦ ਰਹੇ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends