ਐੱਜੂਸੈੱਟ ਰਾਹੀ ਸਿੱਖਿਆ ਸਕੱਤਰ ਨੇ ਸਕੂਲ ਮੁਖੀਆਂ
ਅਤੇ ਅਧਿਆਪਕਾਂ ਨਾਲ ਮੀਟਿੰਗ ਕੀਤੀ
ਸਿੱਖਿਆ ਸਕੱਤਰ ਨੇ ਰਾਸ਼ਟਰੀ ਪ੍ਰਾਪਤੀ ਸਰਵੇਖਣ 2021 ਬਾਰੇ ਭਰਿਆ ਉਤਸ਼ਾਹ
ਐੱਸ.ਏ.ਐੱਸ. ਨਗਰ 25 ਅਗਸਤ ( )
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ, ਬਲਾਕ ਨੋਡਲ ਅਧਿਕਾਰੀਆਂ ਦੇ ਨਾਲ-ਨਾਲ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਨਾਲ ਪੰਜਾਬ ਦੇ ਸਰਕਾਰੀ, ਅਰਧ ਸਰਕਾਰੀ, ਨਵੋਦਿਆ ਵਿਦਿਆਲਾ, ਕੇਂਦਰੀ ਵਿਦਿਆਲਾ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਕਰਵਾਏ ਜਾਣ ਵਾਲੇ ਰਾਸ਼ਟਰੀ ਪ੍ਰਾਪਤੀ ਸਰਵੇਖਣ 2021 ਬਾਰੇ ਐਜੂਸੈੱਟ ਰਾਹੀਂ ਕੀਤੀ ਮੀਟਿੰਗ ਕੀਤੀ ਅਤੇ ਉਤਸ਼ਾਹ ਭਰਿਆ।
ਇਸ ਮੌਕੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਸਮੂਹ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰੀ ਪ੍ਰਾਪਤੀ ਸਰਵੇਖਣ 2021 ਦੇ ਵਿਦਿਆਰਥੀਆਂ ਦੁਆਰਾ ਗ੍ਰਹਿਣ ਕੀਤੀ ਗਈ ਸਿੱਖਿਆ ਦੇ ਸਿੱਖਣ ਪਰਿਣਾਮਾਂ ਦੇ ਮੁਲਾਂਕਣ ‘ਤੇ ਆਧਾਰਿਤ ਹੁੰਦੀ ਹੈ। ਇਸ ਲਈ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਗੁਣਾਤਮਿਕ ਸਿੱਖਿਆ ਵੱਲ ਤਵੱਜੋਂ ਦਿੰਦੇ ਹੋਏ ਫੀਲਡ ਵਿੱਚ ਇੱਕ ਟੀਮ ਵੱਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਮੀਟਿੰਗ ਦੌਰਾਨ ਸਕੱਤਰ ਸਕੂਲ ਸਿੱਖਿਆ ਨੇ ਕਿਹਾ ਕਿ 12 ਨਵੰਬਰ, 2021 ਨੂੰ ਤੀਜੀ, ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤਾਂ ਦੇ ਕਰਵਾਏ ਜਾਣ ਵਾਲੇ ਰਾਸ਼ਟਰੀ ਸਰਵੇਖਣ ਵਿੱਚ ਬੱਚਿਆਂ ਨੂੰ ਸਰਵੇਖਣ ਦਾ ਪੈਟਰਨ ਅਤੇ ਇਸ ਪ੍ਰਕਿਰਿਆ ਨੂੰ ਸਮਝਣ ਲਈ ਕੋਈ ਔਖਿਆਈ ਨਾ ਆਏ ਇਸ ਲਈ ਵਿਭਾਗ ਵੱਲੋਂ ਪਹਿਲਾਂ ਹੀ ਆਬਜੈਕਟਿਵ ਕਿਸਮ ਦੇ ਸਵਾਲ ਨਿਰੰਤਰ ਆਨਲਾਈਨ ਕੁਇਜ਼ ਵਿੱਚ ਭੇਜੇ ਜਾ ਰਹੇ ਹਨ। ਪਰ ਸਰਵੇਖਣ ਦੌਰਾਨ ਓ.ਐੱਮ.ਆਰ. ਸ਼ੀਟ ਦੀ ਵਰਤੋਂ ਹੋਵੇਗੀ ਇਸ ਲਈ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਇਸ ਸਬੰਧੀ ਪਹਿਲਾਂ ਸਮਾਰਟ ਕਲਾਸਰੂਮਾਂ ਵਿੱਚ ਜਾਣਕਾਰੀ ਦਿੱਤੀ ਜਾਵੇ।
ਉਹਨਾਂ ਕਿਹਾ ਕਿ ਵਿਦਿਆਰਥੀਆਂ ਤੋਂ ਇਲਾਵਾ ਇਸ ਸਰਵੇਖਣ ਵਿੱਚ ਅਧਿਆਪਕਾਂ ਅਤੇ ਸਕੂਲ ਮੁਖੀਆਂ ਲਈ ਵੀ ਸਵਾਲ ਹੁੰਦੇ ਹਨ ਜਿਨਾਂ ਸਬੰਧੀ ਅਧਿਆਪਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਇਹ ਪ੍ਰੋਗਰਾਮ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਨੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨਾਲ ਬਹੁਤ ਸਾਰੇ ਉਦਾਹਰਨ ਵੱਜੋਂ ਸਵਾਲ ਸਾਂਝੇ ਕੀਤੇ ਅਤੇ ਸਿੱਖਣ ਪਰਿਣਾਮਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਸਿੱਖਿਆ ਸਕੱਤਰ ਨੇ ਕਿਹਾ ਕਿ ਬੱਚਿਆਂ, ਅਧਿਆਪਕਾਂ ਅਤੇ ਸਕੂਲ ਮੁਖੀਆਂ ਦੇ ਸਕੂਲ ਸਬੰਧੀ ਆਮ ਗਿਆਨ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਸਬੰਧੀ ਵੀ ਸਰਵੇਖਣ ਵਿੱਚ ਪੁੱਛੇ ਜਾ ਸਕਦੇ ਹਨ ਸਵਾਲਾਂ ਨੂੰ ਉਦਾਹਰਨਾਂ ਸਹਿਤ ਪੇਸ਼ ਕਰਕੇ ਮੀਟਿੰਗ ਵਿੱਚ ਹਾਜ਼ਰ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੁੰ ਜਾਣਕਾਰੀ ਦਿੱਤੀ ਅਤੇ ਵਿਸਤਾਰ ਨਾਲ ਚਰਚਾ ਕੀਤੀ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਗੁਣਾਤਮਿਕ ਬਣਾਉਣ ਲਈ ਸਿੱਖਿਆ ਵਿਭਾਗ ਵੱਲੋਂ ਬਹੁਤ ਸਾਰ ਉਪਰਾਲੇ ਕੀਤੇ ਗਏ ਹਨ। ਸਰਕਾਰੀ ਸਕੂਲਾਂ ਵਿੱਚ ਸਮਾਰਟ ਕਲਾਸਰੂਮ ਬਣਾਏ ਗਏ ਹਨ ਅਤੇ ਪਾਠਕ੍ਰਮ ਨੂੰ ਈ-ਕੰਟੈਂਟ ਵਿੱਚ ਬਦਲਿਆ ਗਿਆ ਹੈ। ਇਸਦੇ ਨਾਲ ਹੀ ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਸਕੂਲ ਦਾ ਮਾਹੌਲ ਗਿਆਨ ਵਧਾਊ ਬਣਾਉਣ ਲਈ ਸਕੂਲਾਂ ਦiਆਂ ਦੀਵਾਰਾਂ ‘ਤੇ ਬਾਲਾ ਵਰਕ ਕੀਤਾ ਕੀਤਾ ਗਿਆ। ਸਕੂਲਾਂ ਦੀ ਦਿੱਖ ਨੂੰ ਆਕਰਸ਼ਕ ਬਣਾਉਣ ਲਈ ਵਿੱਦਿਅਕ ਪਾਰਕ ਬਣਾਏ ਗਏ ਹਨ। ਵਿਦਿਆਰਥੀਆਂ ਦੀ ਬੋਲਚਾਲ ਦੀ ਭਾਸ਼ਾ ਵਿੱਚ ਸੁਧਾਰ ਕਰਨ ਲਈ ਲਿਸਨਿੰਗ ਲੈਬਜ਼ ਤਿਆਰ ਕੀਤੀਆਂ ਗਈਆਂ ਹਨ ਅਤੇ ਸਕੂਲਾਂ ਵਿੱਚ ਇਗੰਲਿਸ਼ ਬੂਸਟਰ ਕਲੱਬ ਸਥਾਪਤ ਕਰਕੇ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਸ ਵਧਾਇਆ ਜਾ ਰਿਹਾ ਹੈ। ਇਹਨਾਂ ਸਭਨਾਂ ਵਿੱਚ ਜਿੱਥੇ ਸਰਕਾਰ ਦਾ ਵਿੱਤੀ ਯੋਗਦਾਨ ਸ਼ਾਮਲ ਹੈ ਉੱਥੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਸੁਚੱਜੀ ਯੋਜਨਾਬੰਦੀ ਵੀ ਸਹਾਈ ਹੋ ਰਹੀ ਹੈ।