*ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ*
*4 ਸਤੰਬਰ ਤੋਂ ਕਰਨਗੇ ਲੰਬੀ ਹੜਤਾਲ*
*ਮਾਨਸੂਨ ਸੈਸ਼ਨ ਦੇ ਦੂਜੇ ਦਿਨ ਇਕ ਲੱਖ ਤੋਂ ਵੱਧ ਮੁਲਾਜ਼ਮ/ ਪੈਨਸ਼ਨਰ ਕਰਨਗੇ ਵਿਧਾਨ ਸਭਾ ਵੱਲ ਮਾਰਚ*
ਨਵਾਂ ਸ਼ਹਿਰ 25 ਅਗਸਤ ( ) ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ - ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕਣ ਦੇ ਸੱਦੇ 'ਤੇ ਅੱਜ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਕਨਵੀਨਰ ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਰਾਮ ਲੁਭਾਇਆ, ਗੁਲਸ਼ਨ ਕੁਮਾਰ, ਮੁਕੰਦ ਲਾਲ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਰੋਸ ਰੈਲੀ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ, ਮਨਜੀਤ ਕੁਮਾਰ, ਮੋਹਨ ਸਿੰਘ ਪੂਨੀਆ, ਸੁਖਰਾਮ, ਰੇਸ਼ਮ ਲਾਲ, ਅਸ਼ੋਕ ਕੁਮਾਰ, ਰਾਮਪਾਲ, ਬੇਅੰਤ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਮੰਤਰੀਆਂ ਦੀ ਕਮੇਟੀ ਮੰਗਾਂ ਦਾ ਹੱਲ ਕਰਨ ਲਈ ਪੂਰੇ ਮੰਗ ਪੱਤਰ ਉਤੇ ਗੱਲਬਾਤ ਕਰਨ ਲਈ ਵੀ ਤਿਆਰ ਨਹੀਂ ਹੈ ਅਤੇ ਉਹ ਸਿਰਫ਼ ਤੇ ਸਿਰਫ਼ ਤਨਖਾਹ ਕਮਿਸ਼ਨ ਤਕ ਹੀ ਸੀਮਤ ਰਹਿ ਕੇ ਉਸ ਦਾ ਨਿਪਟਾਰਾ ਵੀ ਝੂਠੇ ਅੰਕੜੇ ਅਤੇ ਬੇਈਮਾਨੀ ਨਾਲ ਕਰਨਾ ਚਾਹੁੰਦੀ ਹੈ, ਨਾ ਕਿ ਮੁਲਾਜ਼ਮਾਂ/ ਪੈਨਸ਼ਨਰਾਂ ਨੂੰ ਇਨਸਾਫ਼ ਦੇ ਕੇ। ਪੈਨਸ਼ਨਰਾਂ ਦਾ ਨੋਟੀਫਿਕੇਸ਼ਨ ਵੀ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਇਹ ਕਮੇਟੀ ਆਪਣਾ ਰਾਜਨੀਤਕ ਮੁੱਦਾ ਦੱਸਦੀ ਹੋਈ ਮੌਨਸੂਨ ਸ਼ੈਸਨ ਵਿੱਚ ਮੁਲਾਜ਼ਮ ਵਿਰੋਧੀ ਐਕਟ ਪਾਸ ਕਰਨਾ ਚਾਹੁੰਦੀ ਹੈ। ਸਰਕਾਰ ਮਾਣ ਭੱਤਾ/ ਇਨਸੈੱਟਿਵ ਮੁਲਾਜ਼ਮਾਂ ਨੂੰ ਘੱਟੋ ਘੱਟ ਜਿਉਣ ਯੋਗ ਪੈਸੇ ਦੇਣ ਵਾਸਤੇ ਵੀ ਤਿਆਰ ਨਹੀਂ, ਸਮਾਜਿਕ ਸੁਰੱਖਿਆ ਦੇ ਤੌਰ ਤੇ ਮਿਲਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਤੋਂ ਇਹ ਕਮੇਟੀ ਭੱਜ ਰਹੀ ਹੈ। ਆਗੂਆਂ ਆਖਿਆ ਕਿ ਪੁਨਰਗਠਨ ਦੇ ਨਾਂ ਉੱਤੇ ਅਦਾਰਿਆਂ ਦਾ ਉਜਾੜਾ ਲਗਾਤਾਰ ਜਾਰੀ ਹੈ ਅਤੇ ਮੁਢਲੀ ਤਨਖਾਹ 'ਤੇ ਨਿਯੁਕਤੀ ਦਾ ਪੱਤਰ, ਮੁਲਾਜ਼ਮ ਵਿਰੋਧੀ 3 ਸਾਲ ਪ੍ਰੋਵੇਸ਼ਨਲ ਸਮੇਂ ਦਾ ਪੱਤਰ, 17 ਜੁਲਾਈ 2020 ਦਾ ਕੇਂਦਰ ਦੇ ਤਨਖਾਹ ਸਕੇਲਾਂ ਨਾਲ ਜੋੜਨ ਵਾਲਾ ਪੱਤਰ ਅਤੇ ਡਿਵੈਲਪਮੈਂਟ ਦੇ ਨਾਂ ਤੇ ਕੱਟਿਆ ਜਾ ਰਿਹਾ 200 ਰੁਪਏ ਵਾਲਾ ਪੱਤਰ ਅਜੇ ਤੱਕ ਵਾਪਸ ਨਹੀਂ ਲਿਆ ਗਿਆ। ਇਸ ਕਰਕੇ ਪੰਜਾਬ ਦੇ ਮੁਲਾਜ਼ਮਾਂ / ਪੈਨਸ਼ਨਰਾਂ ਅੰਦਰ ਇਸ ਸਰਕਾਰ ਪ੍ਰਤੀ ਵਿਆਪਕ ਗੁੱਸਾ ਹੈ, ਜਿਸ ਦਾ ਪ੍ਰਗਟਾਵਾ ਅੱਜ ਬਲਾਕ ਤਹਿਸੀਲ ਪੱਧਰ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕ ਕੇ ਕੀਤਾ ਗਿਆ ਹੈ। ਆਗੂਆਂ ਨੇ ਐਲਾਨ ਕੀਤਾ ਕਿ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਕੰਮ ਵਾਲੇ ਦਿਨ ਇੱਕ ਲੱਖ ਤੋਂ ਵੱਧ ਮੁਲਾਜ਼ਮ ਅਤੇ ਪੈਨਸ਼ਨਰ ਵਿਧਾਨ ਸਭਾ ਵੱਲ ਮਾਰਚ ਕਰਨਗੇ ਅਤੇ 4 ਸਤੰਬਰ ਤੋਂ ਲੰਬੀ ਹੜਤਾਲ ਵੱਲ ਵਧਣਗੇ।