ਹੁਣ ਮਨਮਰਜ਼ੀ ਨਾਲ 95 ਫ਼ੀਸਦੀ ਤੋਂ ਵੱਧ ਅੰਕ ਨਹੀਂ ਦੇ ਸਕਣਗੇ ਸਕੂਲ
ਨਵੀਂ ਦਿੱਲੀ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨਾਲ ਸਬੰਧਤ ਸਕੂਲ 10ਵੀਂ-12ਵੀਂ ਦੇ ਵਿਦਿਆਰਥੀਆਂ ਨੂੰ ਮਨਮਰਜ਼ੀ ਨਾਲ 95 ਫੀਸਦੀ ਤੋਂ ਵੱਧ ਅੰਕ ਨਹੀਂ ਦੇ ਸਕਣਗੇ। ਬੋਰਡ ਨੇ ਕਿਹਾ ਹੈ ਕਿ ਰੈਫਰੈਂਸ ਯੀਅਰ ਵਿਚ ਜਿੰਨੇ ਵਿਦਿਆਰਥੀਆਂ ਨੂੰ 95 ਫੀਸਦੀ ਤੋਂ ਵੱਧ ਅੰਕ ਮਿਲੇ ਸਨ, ਇਸ ਸਾਲ ਵੀ ਓਨੇ ਹੀ ਵਿਦਿਆਰਥੀਆਂ ਨੂੰ ਇੰਨੇ ਅੰਕ ਮਿਲ ਸਕਦੇ ਹਨ।
ਸੀਬੀਐੱਸਈ ਦੇ ਨਵੇਂ ਨਿਰਦੇਸ਼ਾਂ ਮੁਤਾਬਕ ਰੈਫਰੈਂਸ ਯੀਅਰ 'ਚ ਜੇ ਚਾਰ ਵਿਦਿਆਰਥੀਆਂ ਨੂੰ 95 ਫੀਸਦੀ ਤੋਂ ਵੱਧ ਅੰਕ ਮਿਲੇ ਸਨ ਤਾਂ ਇਸ ਸਾਲ ਵੀ ਸਕੂਲ ਕੇਵਲ ਚਾਰ ਵਿਦਿਆਰਥੀਆਂ ਨੂੰ ਇੰਨੇ ਅੰਕ ਦੇ ਸਕਦਾ ਹੈ। 2020-21 ਲਈ ਰੈਫਰੈਂਸ ਯੀਅਰ ਪਿਛਲੇ ਤਿੰਨ ਸਾਲਾਂ ਯਾਨੀ 2017-18, 18-19 ਤੇ 19-20 ਨੂੰ ਮੰਨਿਆ ਜਾਵੇਗਾ। ਜੇ ਕੋਈ ਸਕੂਲ ਬੋਰਡ ਦੇ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਬੋਰਡ ਖੁਦ ਹੀ ਵਿਦਿਆਰਥੀਆਂ ਦੇ ਅੰਕ ਘੱਟ ਕਰ ਦੇਵੇਗਾ। ਬੋਰਡ ਮੁਤਾਬਕ ਰੈਫਰੈਂਸ ਯੀਅਰ ਦਾ ਨਿਯਮ ਕੇਵਲ 96, 97, 98, 99 ਤੇ 100 ਅੰਕ ਦੇਣ ਲਈ ਲਾਗੂ ਹੋਵੇਗਾ।