ਲੁਧਿਆਣਾ 2 ਮਈ ( ਪਵਿੱਤਰ ਸਿੰਘ )ਲ਼ੋਕ ਨਾਚ ਗਿੱਧਾ, ਵਿਰਾਸਤੀ ਇਮਾਰਤਾਂ ਅਤੇ ਵਿੱਦਿਅਕ ਪਾਰਕਾਂ ਦੀ ਝਲਕ ਦਿਖੀ ਨਵੀਆਂ ਪੈੜਾਂ ਪ੍ਰੋਗਰਾਮ 'ਚ
ਡੀਡੀ ਪੰਜਾਬੀ ਦਾ ਪ੍ਰੋਗਰਾਮ 'ਨਵੀਆਂ ਪੈੜਾਂ' ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਲਈ ਕਰ ਰਿਹਾ ਹੈ ਪ੍ਰੇਰਿਤ
ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਤਵਾਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਸਰਕਾਰੀ ਸਮਾਰਟ ਸਕੂਲਾਂ ਦੀ ਝਲਕ ਪੇਸ਼ ਕਰਦਾ ਹਫਤਾਵਾਰੀ ਪ੍ਰੋਗਰਾਮ ਨਵੀਆਂ ਪੈੜਾਂ ਪ੍ਰਸਾਰਿਤ ਹੋਇਆ।ਸਰਕਾਰੀ ਪ੍ਰਾਇਮਰੀ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੇ ਪ੍ਰੋਗਰਾਮ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਸ਼ਾਨਦਾਰ ਝਲਕੀਆਂ ਦਿਖਾਈਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਖਵੀਰ ਸਿੰਘ ਸਮਰਾ. ਜ਼ਿਲ਼੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਲੁਧਿਆਣਾ ਅਤੇ ਜਸਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਲੁਧਿਆਣਾ ਨੇ ਸਾਂਝੇ ਤੌਰ 'ਤੇ ਸਮੂਹ ਜ਼ਿਲ੍ਹੇ ਦੇ ਸਕੂਲ ਮੁਖੀਆਂ, ਬਲਾਕ ਸਿੱਖਿਆ ਅਫ਼ਸਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ 'ਨਵੀਆਂ ਪੈੜਾਂ' ਪ੍ਰੋਗਰਾਮ ਨੇ ਜ਼ਿਲ੍ਹਾ ਲੁਧਿਆਣਾ ਦੇ ਸਰਕਾਰੀ ਸਕੂਲਾਂ ਵਿੱਚ ਚਲ ਰਹੀਆਂ ਅਕਾਦਮਿਕ ਅਤੇ ਸਹਿ-ਅਕਾਦਮਿਕ ਗਤੀਵਿਧੀਆਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ।
ਇਸ ਮੌਕੇ ਅੰਜੂ ਸੂਦ ਜ਼ਿਲ੍ਹਾ ਸੋਸ਼ਲ ਮੀਡੀਆ ਕੋਆਰਡੀਨੇਟਰ ਲੁਧਿਆਣਾ ਨੇ ਕਿਹਾ ਕਿ 'ਨਵੀਆਂ ਪੈੜਾਂ' ਪ੍ਰੋਗਰਾਮ ਨੂੰ ਜਨਤਾ ਤੱਕ ਪਹੁੰਚਾਉਣ ਲਈ ਸਿੱਖਿਆ ਵਿਭਾਗ ਦੀ ਮੀਡੀਆ ਟੀਮ ਵੱਲੋਂ ਯਤਨ ਕੀਤੇ ਜਾ ਰਹੇ ਹਨ। ਇਸ ਪ੍ਰੋਗਰਾਮ ਦੀ ਤਿਆਰੀ ਲਈ ਪ੍ਰਮੋਦ ਭਾਰਤੀ ਸਟੇਟ ਮੀਡੀਆ ਕੋਆਰਡੀਨੇਟਰ, ਡਾ. ਸੁਖਦਰਸ਼ਨ ਚਹਿਲ, ਰਾਜਿੰਦਰ ਸਿੰਘ ਚਾਨੀ, ਮੰਜੂ ਭਾਰਦਵਾਜ ਡੀ ਐਸ ਐਮ, ਸੰਜੀਵ ਕਲਿਆਣ, ਅਮਰਦੀਪ ਸਿੰਘ ਬਾਠ, ਅਸ਼ੋਕ ਕੁਮਾਰ, ਨਵੀਨ ਸ਼ਰਮਾ ਅਤੇ ਗੁਰਦੀਪ ਜੋਨੀ ਦੀ ਭੂਮਿਕਾ ਪ੍ਰਸ਼ੰਸਾਯੋਗ ਰਹੀ ਹੈ।
ਉਹਨਾਂ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਐਪੀਸੋਡ ਵਿੱਚ ਸਰਕਾਰੀ ਸਮਾਰਟ ਹਾਈ ਸਕੂਲ ਬੁਆਣੀ ਵਿੱਚ ਬੱਚਿਆਂ ਨੂੰ ਧਾਰਨਾਵਾਂ ਦੀ ਪ੍ਰਯੋਗੀ ਜਾਣਕਾਰੀ ਦੇਣ ਲਈ ਲਗਾਏ ਗਏ ਵਰਕਿੰਗ ਮਾਡਲਾਂ ਦਾ ਖੁਬਸੂਰਤ ਢੰਗ ਨਾਲ ਅਧਿਆਪਕਾਂ ਵੱਲੋਂ ਵਰਨਣ ਕੀਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਡਾਣੀ ਕਲਾਂ ਦੇ ਬੱਚਿਆਂ ਨੇ ਪੰਜਾਬ ਦੇ ਲੋਕ ਨਾਚ ਗਿੱਧੇ ਦੀ ਪੇਸ਼ਕਾਰੀ ਕੀਤੀ।
ਜ਼ਿਲ੍ਹਾ ਸੋਸ਼ਲ ਮੀਡੀਆ ਕੋਆਰਡੀਨੇਟਰ ਅੰਜੂ ਸੂਦ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਟੀਮ ਵੱਲੋਂ ਬਣਾਈ ਗਈ ਮਿੰਨੀ ਫਿਲਮ ਦਾ ਚਿਤਰਣ ਵੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੁਆਰਾ ਡੀਡੀ ਪੰਜਾਬੀ 'ਤੇ ਦਿਖਾਇਆ ਗਿਆ ਜਿਸ ਦੀ ਸਮੂਹ ਅਧਿਆਪਕਾਂ, ਸਕੂਲ ਮੁਖੀਆਂ ਅਤੇ ਬੱਚਿਆਂ ਦੇ ਮਾਪਿਆਂ ਨੇ ਸਰਾਹਨਾ ਕੀਤੀ।
ਪ੍ਰਿੰਸੀਪਲ ਡਾ. ਦਵਿੰਦਰ ਸਿੰਘ ਛੀਨਾ ਜ਼ਿਲ੍ਹਾ ਪ੍ਰਿੰਟ ਮੀਡੀਆ ਕੋਆਰਡੀਨੇਟਰ ਲੁਧਿਆਣਾ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁਲਾਲ ਅਤੇ ਸ਼ਮਸ਼ਪੁਰ ਦੇ ਬੱਚਿਆਂ ਨੇ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਦੀਆਂ ਅਕਾਦਮਿਕ ਅਤੇ ਸਹਿ-ਅਕਾਦਮਿਕ ਕਿਰਿਆਵਾਂ ਦੀਆਂ ਪੇਸ਼ਕਾਰੀਆਂ ਕੀਤੀਆਂ। ਲੁਧਿਆਣਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਅਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਇੰਗਲਿਸ਼ ਬੂਸਟਰ ਕਲੱਬ ਤਹਿਤ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਦਾ ਵੀ ਹੌਂਸਲੇ ਨਾਲ ਪ੍ਰਦਰਸ਼ਨ ਕੀਤਾ। ਸਕੂਲਾਂ ਵਿੱਚ ਬਣੀਆਂ ਸਾਇੰਸ ਅਤੇ ਹੋਰ ਵਿਸ਼ਿਆਂ ਦੀਆਂ ਪ੍ਰਯੋਗਸ਼ਾਲਾਵਾਂ, ਲਾਈਬ੍ਰੇਰੀ ਅਤੇ ਖੂਬਸੂਰਤ ਖੇਡ ਮੈਦਾਨਾਂ ਨੂੰ ਵੀ ਇਸ ਐਪੀਸੋਡ ਵਿੱਚ ਦਿਖਾਇਆ ਗਿਆ। ਇਸ ਐਪੀਸੋਡ ਵਿੱਚ ਸਕੂਲਾਂ ਦੇ ਵਿਦਿਆਰਥੀਆਂ, ਅਧਿਆਪਕਾਂ, ਸਕੂਲ ਮੁਖੀਆਂ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।