*ਵਿਦਿਆਰਥੀ, ਅਧਿਆਪਕ ਅਤੇ ਸਕੂਲ ਮੁਖੀ ਕੋਵਿਡ 19 ਸਬੰਧੀ ਹਦਾਇਤਾਂ ਅਤੇ ਸਾਵਧਾਨੀਆਂ ਦਾ ਪਾਲਣ ਕਰ ਰਹੇ ਹਨ ਅਤੇ ਭਵਿੱਖ ਵਿੱਚ ਵੀ ਕਰਨ - ਸਿੱਖਿਆ ਸਕੱਤਰ*
ਪਟਿਆਲਾ 6 ਮਾਰਚ ( ਪ੍ਰਮੋਦ ਭਾਰਤੀ )
ਮਿਸ਼ਨ ਸ਼ਤ ਪ੍ਰਤੀਸ਼ਤ ਸਮੇਤ ਵਿਭਾਗ ਦੇ ਹੋਰਨਾਂ ਟੀਚਿਆਂ ਦੀ ਪੂਰਤੀ ਲਈ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਨੇ ਜਿਲ੍ਹਾ ਸੰਗਰੂਰ ਅਤੇ ਪਟਿਆਲਾ ਦੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰੇਰਨਾਦਾਇਕ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਸੈਸ਼ਨ 2020-21 ਵਿੱਚ ਮਿਸ਼ਨ ਸ਼ਤ-ਪ੍ਰਤੀਸ਼ਤ–2021 ਨੂੰ ਕਾਮਯਾਬ ਬਣਾਉਣ ਲਈ ਹੱਲਾਸ਼ੇਰੀ ਦਿੱਤੀ। ਉਹਨਾਂ ਕਿਹਾ ਕਿ 7 ਨਵੰਬਰ 2020 ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਸ਼ਨ ਸ਼ਤ-ਪ੍ਰਤੀਸ਼ਤ 2021 ਦਾ ਆਗਾਜ਼ ਕੀਤਾ ਗਿਆ ਸੀ। ਇਸਦਾ ਮਨੋਰਥ 100 ਫੀਸਦੀ ਵਿਦਿਆਰਥੀ ਪਾਸ ਹੋਣ ਅਤੇ ਵੱਧ ਤੋਂ ਵੱਧ ਵਿਦਿਆਰਥੀ 90 ਫੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ। ਇਸਦੇ ਨਾਲ ਹੀ ਵਿਦਿਆਰਥੀਆਂ ਦੇ ਪ੍ਰਾਪਤ ਅੰਕਾਂ ਦੀ ਵੇਟੇਡ ਐਵਰੇਜ਼ ਵੀ ਵੱਧ ਹੋਵੇ।
ਸਿੱਖਿਆ ਸਕੱਤਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਕੋਵਿਡ-19 ਸੰਕ੍ਰਮਣ ਦੇ ਕਾਰਣ ਹੋਈ ਤਾਲਾਬੰਦੀ ਦੌਰਾਨ ਯੋਧਿਆਂ ਦੀ ਤਰ੍ਹਾਂ ਸਾਹਮਣੇ ਆ ਕੇ ਕਾਰਜ ਕੀਤੇ ਹਨ। ਇਸ ਸਮੇਂ ਦੌਰਾਨ ਹੀ ਦੌਰਾਨ ਵਿਭਾਗ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਦੇ ਸਫ਼ਲਤਾਪੂਰਵਕ ਨਤੀਜੇ ਦੇਣ ਲਈ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ, ਅਧਿਆਪਕਾਂ, ਨਾਨ-ਟੀਚਿੰਗ ਸਟਾਫ਼, ਮਿਡ-ਡੇ-ਮੀਲ ਵਰਕਰਾਂ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਪਿੰਡਾਂ ਅਤੇ ਸ਼ਹਿਰਾਂ ਦੇ ਪਤਵੰਤੇ ਸੱਜਣਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਉਹਨਾਂ ਕਿਹਾ ਕਿ ਅਧਿਆਪਕਾਂ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਸੈਸ਼ਨ 2020-21 ਦੇ ਦਾਖਲਿਆਂ ਵਿੱਚ ਰਿਕਾਰਡ ਵਾਧਾ ਕਰਨ ਲਈ 'ਈਚ ਵਨ, ਬਰਿੰਗ ਵਨ' ਮੁਹਿੰਮ, ਵਿਦਿਆਰਥੀਆਂ ਦੀ ਪੰਜਾਬ ਪ੍ਰਾਪਤੀ ਸਰਵੇਖਣ ਵਿੱਚ ਸ਼ਮੂਲੀਅਤ ਅਤੇ ਸ਼ਾਨਦਾਰ ਕਾਰਗੁਜ਼ਾਰੀ, ਬੱਚਿਆਂ ਨੂੰ ਘਰ ਬੈਠੇ ਸਿੱਖਿਆ ਦੇਣ ਲਈ ਪੰਜਾਬ ਐਜੂਕੇਅਰ ਐਪ ਅਤੇ ਆਨਲਾਈਨ ਵਰਚੁਅਲ ਜਮਾਤਾਂ, ਬੁੱਕ ਬੈਂਕਾਂ ਅਤੇ ਨਵੀਆਂ ਪਾਠਕ੍ਰਮ ਦੀਆਂ ਕਿਤਾਬਾਂ ਦੀ ਸਮੇਂ 'ਤੇ ਵੰਡ, ਮਾਪੇ ਅਧਿਆਪਕ ਵਰਚੁਅਲ ਅਤੇ ਆਫ਼ਲਾਈਨ ਮਿਲਣੀਆਂ ਵਿੱਚ ਬੱਚਿਆਂ ਅਤੇ ਮਾਪਿਆਂ ਨੂੰ ਉਤਸ਼ਾਹਿਤ ਕਰਨਾ, ਸਕੂਲਾਂ ਨੂੰ ਸਮਾਰਟ ਬਣਾਉਣ, ਸਕੂਲਾਂ ਦੇ ਫ਼ਰਨੀਚਰ ਨੂੰ ਸੰਭਾਲਣ ਅਤੇ ਸੰਵਾਰਨ ਲਈ ਕੀਤੇ ਉਪਰਾਲੇ, ਹਫ਼ਤਾਵਾਰੀ ਅਤੇ ਦੋਮਾਹੀ ਟੈਸਟਾਂ ਦਾ ਆਯੋਜਨ ਅਤੇ ਮੁਲਾਂਕਣ ਕਰਕੇ ਵਿਦਿਆਰਥੀਆਂ ਦੀ ਅਗਵਾਈ ਕਰਨਾ, ਆਨਲਾਈਨ ਵਿੱਦਿਅਕ ਮੁਕਾਬਲਿਆਂ ਵਿੱਚ ਲੱਖਾਂ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਕੇ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਕਾਰਜ ਸਰਾਹਨਾਯੋਗ ਹਨ।
ਇਸ ਤੋਂ ਇਲਾਵਾ ਕੌਮੀ ਪ੍ਰਤਿਭਾ ਖੋਜ ਪ੍ਰੀਖਿਆਵਾਂ, ਐੱਨ.ਐੱਮ.ਐੱਮ.ਐੱਸ. ਅਤੇ ਪੀ.ਐੱਸ.ਟੀ.ਐੱਸ.ਈ. ਵਿੱਚ ਵੀ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਪ੍ਰੇਰਣਾ ਸਦਕਾ ਵਿਦਿਆਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ ਹੈ।
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹੁਣ ਸਮਾਂ ਹੈ ਕਿ ਮਿਸ਼ਨ ਸ਼ਤ-ਪ੍ਰਤੀਸ਼ਤ 2021 ਨੂੰ ਸੰਜ਼ੀਦਗੀ ਨਾਲ ਲੈ ਕੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੇ ਅੰਕੜਿਆਂ ਦਾ ਸੂਖਮ ਵਿਸ਼ਲੇਸ਼ਣ ਕੀਤਾ ਜਾਵੇ। ਜਿਹੜੇ ਪੱਖਾਂ ਵਿੱਚ ਵਿਦਿਆਰਥੀ ਕਮਜ਼ੋਰ ਹਨ ਉਹਨਾਂ ਦੇ ਸਿੱਖਣ ਪਰਿਣਾਮਾਂ ਦੇ ਮੁਲਾਂਕਣ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚਿਆਂ ਨੂੰ ਬਡੀ ਗਰੁੱਪ ਵਿੱਚ ਕੰਮ ਕਰਵਾਕੇ ਸਬੰਧਿਤ ਵਿਸ਼ੇ ਦੀਆਂ ਧਾਰਨਾਵਾਂ ਦੀ ਦੁਹਰਾਈ ਕਰਵਾਈ ਜਾਵੇ। ਇਸ ਲਈ ਸਿੱਖਿਆ ਵਿਭਾਗ ਦੀਆਂ ਸਿੱਖਿਆ ਸੁਧਾਰ ਟੀਮਾਂ, ਸਮੂਹ ਵਿਸ਼ਿਆਂ ਦੇ ਜ਼ਿਲ੍ਹਾ ਅਤੇ ਬਲਾਕ ਮੈਂਟਰ ਆਪਣੇ-ਆਪਣੇ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਦੀ ਅਗਵਾਈ ਵਿੱਚ ਮਾਈਕ੍ਰੋ ਯੋਜਨਾਬੰਦੀ ਕਰਕੇ ਮੁੱਖ ਦਫਤਰ ਵੱਲੋਂ ਦਿੱਤੇ ਜਾ ਰਹੀ ਯੋਜਨਾ ਨੂੰ ਲਾਗੂ ਕਰਵਾਉਣ ਤਾਂ ਜੋ ਸ਼ਤ-ਪ੍ਰਤੀਸ਼ਤ ਨਤੀਜੇ ਲਏ ਜਾ ਸਕਣ। ਸਿੱਖਿਆ ਵਿਭਾਗ ਵੱਲੋਂ ਚਲਾਈ ਬਡੀ ਮੇਰਾ ਸਿੱਖਿਆ ਸਾਥੀ ਦੀ ਮੁੱਖ ਮੰਤਰੀ ਵੱਲੋਂ ਵੀ ਸ਼ਲਾਘਾ ਕੀਤੀ ਗਈ ਹੈ। ਉਹਨਾਂ ਕਿਹਾ ਕਿ 'ਈਚ ਵਨ ਆਸਕ ਵਨ' ਮੁਹਿੰਮ ਤਹਿਤ ਵਿਦਿਆਰਥੀ ਨਾ ਕੇਵਲ ਆਪਣੇ ਬਡੀ ਸਾਥੀਆਂ ਨੂੰ ਹੀ ਸਵਾਲ ਪੁੱਛ ਰਹੇ ਹਨ ਸਗੋਂ ਅਧਿਆਪਕਾਂ, ਸਕੂਲ ਮੁਖੀਆਂ ਅਤੇ ਸਿੱਖਿਆ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਕੇ ਵੱਖ-ਵੱਖ ਵਿਸ਼ਿਆਂ ਦੀਆਂ ਧਾਰਨਾਵਾਂ ਦੇ ਸ਼ੰਕਿਆਂ ਦਾ ਨਿਵਾਰਣ ਕਰ ਰਹੇ ਹਨ।
ਵਿਦਿਆਰਥੀਆਂ ਨੂੰ ਮਾਡਲ ਟੈਸਟ ਪੇਪਰਾਂ ਨਾਲ ਪਾਠਕ੍ਰਮ ਦੀ ਦੁਹਰਾਈ ਕਰਵਾਉਣ ਅਤੇ ਲਿਖਣ ਦਾ ਅਭਿਆਸ ਵੀ ਵਾਰ-ਵਾਰ ਕਰਵਾਉਣ ਤਾਂ ਜੋ ਉਹਨਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਗਲਤੀਆਂ ਨੂੰ ਖਤਮ ਕੀਤਾ ਜਾ ਸਕੇ। ਸਕੱਤਰ ਸਕੂਲ ਸਿੱਖਿਆ ਨੇ ਵੱਧ ਹਾਜ਼ਰੀ ਵਾਲੇ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਉਹਨਾਂ ਦੀ ਯੋਜਨਾਬੰਦੀ ਬਾਰੇ ਵੀ ਵਧਾਈ ਦਿੱਤੀ ਅਤੇ ਨਾਲ ਹੀ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਸੰਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਕਰਨ ਬਾਰੇ ਵੀ ਜਾਗਰੂਕ ਕੀਤਾ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਬਾਰ੍ਹਵੀਂ ਤੱਕ ਨੈਤਿਕ ਸਿੱਖਿਆ ਦਾ ਵਿਸ਼ਾ 'ਸਵਾਗਤ ਜ਼ਿੰਦਗੀ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਪਾਠਕ੍ਰਮ ਅਧਿਆਪਕਾਂ ਵੱਲੋਂ ਹੀ ਤਿਆਰ ਕੀਤਾ ਗਿਆ ਹੈ ਅਤੇ ਸਮਾਜ ਦੇ ਹਰ ਵਰਗ ਵੱਲੋਂ ਇਸਦਾ ਸਵਾਗਤ ਕੀਤਾ ਗਿਆ ਹੈ। ਇੱਥੋਂ ਤੱਕ ਕਿ ਦੂਜੇ ਰਾਜ ਵੀ ਇਸ ਉਪਰਾਲੇ ਦੀ ਸਰਾਹਨਾ ਕਰ ਰਹੇ ਹਨ।
ਅਧਿਆਪਕਾਂ ਅਤੇ ਸਕੂਲ ਮੁਖੀਆਂ ਦਾ ਉਤਸ਼ਾਹ ਵਧਾਉਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਕਾਲਾਝਾੜ, ਸਮਿਸ ਕਾਲਾਝਾੜ, ਸਸਸਸ ਫਤਿਹਗੜ੍ਹ ਛੰਨਾ, ਸਸਸਸ ਗਾਜੇਵਾਸ, ਸਪਸ ਗਾਜੇਵਾਸ, ਸਹਸ ਮਵੀ ਕਲਾਂ, ਸਹਸ ਮਰਦਾਂਹੇੜੀ, ਸਪਸ ਮਰਦਾਂਹੇੜੀ, ਸਹਸ ਲਾਡਬਨਜਾਰਾ ਕਲਾਂ ਅਤੇ ਸਪਸ ਲਾਡਬਨਜਾਰਾ ਕਲਾਂ ਵਿਖੇ ਵਿਜਿਟ ਕੀਤਾ।