ਲੁਧਿਆਣਾ 6 ਮਾਰਚ(ਅੰਜੂ ਸੂਦ) ਸਰਕਾਰੀ ਸਕੂਲਾਂ ਦੇ ਅੱਪਰ ਪ੍ਰਾਇਮਰੀ ਵਿਦਿਆਰਥੀਆਂ ਦੀ ਮਾਪੇ-ਅਧਿਆਪਕ ਮਿਲਣੀ 8 ਅਤੇ 9 ਮਾਰਚ ਨੂੰ
ਵਿਦਿਆਰਥੀਆਂ ਦੀ ਪ੍ਰੀ-ਬੋਰਡ ਪ੍ਰੀਖਿਆ ਕਾਰਗੁਜ਼ਾਰੀ ਬਾਰੇ ਮਾਪਿਆਂ ਨੂੰ ਦਿੱਤੀ ਜਾਵੇਗੀ ਜਾਣਕਾਰੀ।
ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਮਾਪਿਆਂ ਨਾਲ ਮੀਟਿੰਗਾਂ ਕਰਕੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਿਹਤਰ ਬਣਾਉਣ ਦੇ ਉਪਰਾਲੇ ਲਗਾਤਾਰ ਜਾਰੀ ਹਨ।ਫਰਵਰੀ ਮਹੀਨੇ ਦੌਰਾਨ ਸਮੂਹ ਸਰਕਾਰੀ ਸਕੂਲਾਂ ਦੇ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਵਿਸ਼ਾਵਾਰ ਪ੍ਰੀ-ਬੋਰਡ ਮੁਲਾਂਕਣ ਕਰਵਾਇਆ ਗਿਆ। ਇਸ ਮੁਲਾਂਕਣ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸਬੰਧੀ ਮਾਪਿਆਂ ਨੂੰ ਜਾਣੂ ਕਰਵਾਉਣ ਅਤੇ ਸਾਲਾਨਾ ਪ੍ਰੀਖਿਆਵਾਂ ਵਿੱਚ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਪ੍ਰਾਪਤੀ ਲਈ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਦੇ ਉਦੇਸ਼ ਨਾਲ 8 ਅਤੇ 9 ਮਾਰਚ ਨੂੰ ਸਮੂਹ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਵਿੱਚ ਮਾਪੇ-ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ।
ਡੀਈਓ ਹਰਜੀਤ ਸਿੰਘ ਅਤੇ ਡਿਪਟੀ ਡੀਈਓ ਚਰਨਜੀਤ ਸਿੰਘ |
ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਜੀਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਚਰਨਜੀਤ ਸਿੰਘ ਜਲਾਜਣ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਲ੍ਹੇ ਦੇ ਸਮੂਹ ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ।ਇਸ ਦੌਰਾਨ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਵਿਦਿਆਰਥੀਆਂ ਦੀ ਪ੍ਰੀ-ਬੋਰਡ ਪ੍ਰੀਖਿਆ ਕਾਰਗੁਜ਼ਾਰੀ ਤੋਂ ਜਾਣੂ ਕਰਵਾ ਕੇ ਵਿਦਿਆਰਥੀਆਂ ਦੇ ਬਿਹਤਰ ਅਤੇ ਕਮਜ਼ੋਰ ਪੱਖਾਂ ਬਾਰੇ ਵਿਸਥਾਰ 'ਚ ਵਟਾਂਦਰਾ ਕੀਤਾ ਜਾਵੇਗਾ ਤਾਂ ਕਿ ਮਿਸ਼ਨ ਸ਼ਤ ਪ੍ਰਤੀਸ਼ਤ ਅਧੀਨ ਸਾਲਾਨਾ ਪ੍ਰੀਖਿਆਵਾਂ ਵਿੱਚੋਂ ਸਮੂਹ ਵਿਦਿਆਰਥੀਆਂ ਦੀ ਸਫ਼ਲਤਾ ਯਕੀਨੀ ਬਣਾਈ ਜਾ ਸਕੇ।ਅਧਿਕਾਰੀਆਂ ਨੇ ਕਿਹਾ ਕਿ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਮਾਪੇ-ਅਧਿਆਪਕ ਮਿਲਣੀ ਸਬੰਧੀ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਕਿ ਇਹ ਸਕਾਰਾਤਮਕ ਪ੍ਰਭਾਵ ਵਾਲੀ ਹੋਵੇ।
ਅਧਿਕਾਰੀਆਂ ਨੇ ਅੱਗੇ ਕਿਹਾ ਕਿ ਕੋਵਿਡ-19 ਮਹਾਂਮਾਰੀ ਸਬੰਧੀ ਜਾਰੀ ਸਰਕਾਰੀ ਹਦਾਇਤਾਂ ਅਤੇ ਬੱਚਿਆਂ ਦੀ ਸਿਹਤ ਸੰਭਾਲ ਬਾਰੇ ਗੱਲਬਾਤ ਕਰਨ ਦੇ ਨਾਲ ਨਾਲ ਸਾਲਾਨਾ ਇਮਤਿਹਾਨਾਂ ਦੀ ਡੇਟਸ਼ੀਟ ਵੀ ਮਾਪਿਆਂ ਨੂੰ ਨੋਟ ਕਰਵਾਈ ਜਾਵੇਗੀ। ਸੈਸ਼ਨ 2021-22 ਲਈ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਸ਼ੁਰੂ ਹੋਣ ਸਬੰਧੀ ਵੀ ਮਾਪਿਆਂ ਨੂੰ ਦੱਸਿਆ ਜਾਵੇਗਾ ਤਾਂ ਜੋ ਆਲ਼ੇ-ਦੁਆਲੇ ਵਿੱਚ ਇਸ ਸਬੰਧੀ ਪ੍ਰਚਾਰ ਹੋ ਸਕੇ।ਵਿਦਿਆਰਥੀਆਂ ਦੀ ਬਿਹਤਰ ਪੜ੍ਹਾਈ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਸਕੂਲ ਵਿੱਚ ਪ੍ਰੋਜੈਕਟਰ, ਐੱਲ.ਈ.ਡੀ., ਮੁਫ਼ਤ ਕਿਤਾਬਾਂ, ਸਪਲੀਮੈਂਟਰੀ ਕਿਤਾਬਾਂ ਆਦਿ ਸਹੂਲਤਾਂ ਦੀ ਉਪਲਬਧਤਾ ਬਾਰੇ ਮਾਪਿਆਂ ਅਤੇ ਕਮਿਊਨਟੀ ਨੂੰ ਜਾਣੂ ਕਰਵਾਉਣਾ, ਸਕੂਲ ਦੀਆਂ ਚੰਗੀਆਂ ਗਤੀਵਿਧੀਆਂ ਨੂੰ ਪ੍ਰੋਜੈਕਟਰ ਰਾਹੀਂ ਮਾਪਿਆਂ ਨਾਲ ਸਾਂਝਾ ਕਰਨਾ, ਮਾਪਿਆਂ ਨੂੰ ਸਕੂਲ ਵਿਜ਼ਿਟ ਕਰਵਾਉਣਾ ਅਤੇ ਸਕੂਲ ਵਿੱਚ ਕੀਤੇ ਗਏ ਨਿਵੇਕਲੇ ਕੰਮਾਂ ਦੀ ਜਾਣਕਾਰੀ ਦੇਣਾ ਅਤੇ ਬੱਚਿਆਂ ਦੀ ਸੁੰਦਰ ਲਿਖਾਈ ਦੇ ਨਮੂਨੇ ਮਾਪਿਆਂ ਨੂੰ ਦਿਖਾਉਣਾ ਵੀ ਮਾਪੇ- ਅਧਿਆਪਕ ਮਿਲਣੀ ਦੇ ਮਨੋਰਥ ਵਿੱਚ ਸ਼ਾਮਲ ਹੈ।ਮਿਲਣੀ ਦੌਰਾਨ ਮਾਪਿਆਂ ਦੇ ਨਾਲ ਨਾਲ ਪੰਚਾਇਤਾਂ, ਆਂਗਨਵਾੜੀ ਵਰਕਰਾਂ, ਯੂਥ ਕਲੱਬ ਦੇ ਮੈਂਬਰਾਂ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਹੋਰ ਪਤਵੰਤੇ ਲੋਕਾਂ ਤੱਕ ਪਹੁੰਚ ਕਰਨ ਦਾ ਵੀ ਟੀਚਾ ਰੱਖਿਆ ਗਿਆ ਹੈ। ਸਮੂਹ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਟੀਮ ਮੈਂਬਰ ਇਸ ਮਾਪੇ-ਅਧਿਆਪਕ ਮਿਲਣੀ ਵਿੱਚ ਆਪ ਵੀ ਭਾਗ ਲੈਂਦੇ ਹੋਏ ਅਧਿਆਪਕਾਂ ਦਾ ਸਹਿਯੋਗ ਕਰਨਗੇ ਅਤੇ ਇਹਨਾਂ ਮਿਲਣੀਆਂ ਸਬੰਧੀ ਇਕੱਤਰ ਡਾਟੇ ਨੂੰ ਸਿੱਖਿਆ ਦਰਪਣ ਐਪ ਵਿੱਚ ਨਿਰਧਾਰਿਤ ਪ੍ਰੋਫਾਰਮੇ ਵਿੱਚ ਭਰਨ ਦਾ ਕੰਮ ਕਰਨਗੇ।ਇਸ ਮੌਕੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਲੁਧਿਆਣਾ ਅੰਜੂ ਸੂਦ ਨੇ ਕਿਹਾ ਕਿ ਸਕੂਲ ਮੁਖੀ ਸਾਹਿਬਾਨ ਆਪਣੇ ਸਕੂਲਾਂ ਦੀਆਂ ਪ੍ਰਾਪਤੀਆਂ , ਸੁੰਦਰ ਇਮਾਰਤਾਂ ਅਤੇ ਸਹੂਲਤਾਂ ਨੂੰ ਸੋਸ਼ਲ ਮੀਡੀਆ,ਫਲੈਕਸ ਰਾਂਹੀ ਲੋਕਾਂ ਤੱਕ ਪਹੁੰਚਾਉਣ।