ਮਿਸ਼ਨ ਸ਼ਤ-ਪ੍ਰਤੀਸਤ: ਬਲਾਕ ਨੋਡਲ ਅਫ਼ਸਰਾਂ ਦਾ ਇੱਕ ਦਿਨਾ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
ਐੱਸ.ਏ.ਐੱਸ. ਨਗਰ 11 ਫਰਵਰੀ ( )
ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਾਲਾਨਾ ਇਮਤਿਹਾਨਾਂ ਵਿੱਚ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਫ਼ਲਤਾ ਲਈ ਪੰਜਾਬ ਦੇ 9 ਜਿਲ੍ਹਿਆਂ ਦੇ 100 ਤੋਂ ਵੱਧ ਬਲਾਕ ਨੋਡਲ ਅਫ਼ਸਰਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਕਰਵਾਏ ਗਏ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਭਾਗ ਲਿਆ। ਇਸ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਬਲਾਕ ਨੋਡਲ ਅਫ਼ਸਰਾਂ ਨੂੰ ਸੰਬੋਧਨ ਕਰਦਿਆਂ ਬਲਾਕ ਨੋਡਲ ਅਫ਼ਸਰ ਵਿਵਹਾਰ ਕੁਸ਼ਲਤਾ ਦੀ ਮਿਸਾਲ ਬਣਨ ਅਤੇ ਸਕੂਲਾਂ ਮੁਖੀਆਂ ਨਾਲ ਤਾਲਮੇਲ ਬਣਾ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਣ ਲਈ ਮਿਸ਼ਨ ਸ਼ਤ-ਪ੍ਰਤੀਸ਼ਤ ਦੇ ਟੀਚੇ ਨੂੰ ਸੰਭਵ ਬਣਾਏ ਜਾਣ ਲਈ ਪ੍ਰੇਰਿਤ ਕੀਤਾ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਬਲਾਕ ਨੋਡਲ ਅਫ਼ਸਰਾਂ ਨੂੰ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਸਫ਼ਲ ਬਣਾਉਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਉਣ, 50 ਫ਼ੀਸਦੀ ਅੰਕਾਂ ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਰਾਬਤਾ ਰੱਖ ਕੇ ਸਵੇਰ ਅਤੇ ਸ਼ਾਮ ਤੱਕ ਵੱਧ ਤੋਂ ਵੱਧ ਦੁਹਰਾਈ ਲਈ ਪ੍ਰੇਰਿਤ ਕਰਨਾ, ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਦੁਹਰਾਈ ਲਈ ਪ੍ਰਿੰਟਿੰਗ ਮਟੀਰੀਅਲ ਦੀ ਪੂਰਤੀ ਕਰਨਾ, ਬਡੀ ਗਰੁੱਪ ਰਾਹੀਂ ਈਚ ਵਨ ਆਸਕ ਵਨ ਐਕਟੀਵਿਟੀ ਕਰਦਿਆਂ ਧਾਰਨਾਵਾਂ ਨੂੰ ਸਮਝਣ ਅਤੇ ਸਮਝਾਉਣ ਲਈ ਯਤਨ ਕਰਨਾ, ਸਕੂਲਾਂ ਵਿੱਚ ਬਲਾਕ ਨੋਡਲ ਅਫ਼ਸਰਾਂ ਦੁਆਰਾ ਕੀਤੀਆਂ ਜਾ ਰਹੀਆਂ ਉਤਸ਼ਾਹ ਵਧਾਉਣ ਲਈ ਵਿਜਟਾਂ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਪ੍ਰੋਜੈਕਟਰਾਂ ਜਾਂ ਐੱਲ ਈ ਡੀਜ ਰਾਹੀਂ ਪੰਜਾਬ ਐਜੂਕੇਅਰ ਐਪ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇ।
ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਫ਼ਲਤਾ ਲਈ ਬਲਾਕ ਨੋਡਲ ਅਫ਼ਸਰਾਂ ਨੇ ਆਪਣੇ ਆਪਣੇ ਬਲਾਕਾਂ ਦੇ ਸਕੂਲਾਂ ਅਤੇ ਬਲਾਕਾਂ ਦੇ ਘਰੇਲੂ ਇਮਤਿਹਾਨਾਂ ਵਿੱਚ ਬੋਰਡ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਵਿਸ਼ਲੇਸ਼ਣ ਕੀਤਾ।
ਇਸ ਮੌਕੇ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ ਸਲਿੰਦਰ ਸਿੰਘ, ਸੁਸ਼ੀਲ ਭਾਰਦਵਾਜ, ਜਸਵੀਰ ਸਿੰਘ, ਬਲਦੇਵ ਸਿੰਘ, ਵਰਿੰਦਰ ਸੇਖੋਂ ਸਟੇਟ ਰਿਸੋਰਸ ਪਰਸਨ ਦੇ ਨਾਲ ਨਾਲ ਜਿਲ੍ਹਾ ਐੱਸ.ਏ.ਐੱਸ. ਨਗਰ, ਐੱਸ ਬੀ.ਐੱਸ. ਨਗਰ, ਪਟਿਆਲਾ, ਸੰਗਰੂਰ, ਲੁਧਿਆਣਾ, ਰੂਪਨਗਰ, ਮੋਗਾ, ਹੁਸ਼ਿਆਰਪੁਰ ਅਤੇ ਫਤਿਹਗੜ੍ਹ ਸਾਹਿਬ ਦੇ ਬਲਾਕ ਨੋਡਲ ਅਫ਼ਸਰਾਂ ਨੇ ਵੀ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਫ਼ਲਤਾ ਲਈ ਵੱਖ-ਵੱਖ ਵਿਸ਼ਿਆਂ ਤੇ ਚਰਚਾ ਕੀਤੀ। ਇਸ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਪ੍ਰਿੰਸੀਪਲ ਸੁਰੇਸ਼ ਕੁਮਾਰ ਨੇ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਕਰਵਾਉਣ ਸਬੰਧੀ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਇਸ ਦੇ ਨਾਲ ਹੀ ਪ੍ਰਵੀਨ ਜਿੰਦਲ, ਵਿਸ਼ਵਾ ਕਿਰਨ, ਅਲਕਾ ਸ਼ਰਮਾ, ਕਰਨਜੀਤ ਕੌਰ, ਹਰਿੰਦਰ ਕੌਰ, ਜਗਮੀਤ ਸਿੰਘ, ਗੌਤਮ ਗੌੜ, ਸੁਰੇਸ਼ ਕੁਮਾਰ, ਅਨਿਲ ਕੁਮਾਰ ਨੇ ਵੀ ਸਕੂਲਾਂ ਵਿੱਚ ਚਲਾਈਆਂ ਜਾ ਰਹੀਆਂ ਵਧੀਆ ਪ੍ਰੈਕਟਿਸਜ ਨੂੰ ਵੀ ਸਾਂਝਾ ਕੀਤਾ।