ਵੰਨਗੀ (ਕਹਾਣੀ-ਭਾਗ) - ਸੰਪੂਰਨ ਸਾਰ (ਭਾਗ-1)
1. ਕੁਲਫ਼ੀ - ਲੇਖਕ ਪ੍ਰਿੰ: ਸੁਜਾਨ ਸਿੰਘ
‘ਕੁਲਫ਼ੀ' ਕਹਾਣੀ ਵਿੱਚ ਪ੍ਰਿੰ: ਸੁਜਾਨ ਸਿੰਘ ਨੇ ਘੱਟ ਤਨਖ਼ਾਹ ਲੈਣ ਵਾਲ਼ੇ ਮੁਲਾਜ਼ਮ ਦੀ ਆਰਥਕ ਹਾਲਤ ਨੂੰ ਬਿਆਨ ਕਰਦੇ ਹੋਏ ਦੱਸਿਆ ਕਿ ਕਿਵੇਂ ਉਹ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਜ਼ਰੂਰੀ ਲੋੜਾਂ ਅਤੇ ਖਾਹਸ਼ਾਂ ਨੂੰ ਦਬਾਅ ਕੇ ਰੱਖਦਾ ਹੈ। ਜੂਨ ਮਹੀਨੇ ਦੀ ਦੁਪਹਿਰ ਨੂੰ ਕਹਾਣੀਕਾਰ ਸੁੱਤਾ ਪਿਆ ਸੀ। ਗਲ਼ੀ 'ਚੋਂ ਵਾਰੀ-ਵਾਰੀ ਕੁਲਫ਼ੀ ਅਤੇ ਮੁਰਮਰਾ ਵੇਚਣ ਵਾਲ਼ੇ ਦੀ ਅਵਾਜ਼ ਸੁਣਾਈ ਦਿੱਤੀ। ਉਸ ਦਾ ਛੋਟਾ ਕਾਕਾ ਉਸ ਨੂੰ ਜਗਾ ਕੇ ਟਕਾ ਮੰਗਣ ਲੱਗਾ, ਪਰ ਮਹੀਨੇ ਦੀ 26 ਤਾਰੀਖ਼ ਹੋਣ ਕਰਕੇ ਜੇਬ ਖ਼ਾਲੀ ਸੀ। ਕਿਉਂਕਿ ਲੇਖਕ ਦੀ ਘੱਟ ਤਨਖ਼ਾਹ ਮਹੀਨੇ ਦੇ ਪਹਿਲੇ ਪੰਦਰਾਂ ਦਿਨ ਵਿੱਚ ਹੀ ਖ਼ਰਚ ਹੋ ਜਾਂਦੀ ਹੈ। ਕਹਾਣੀਕਾਰ ਨੇ ਸ਼ਾਮੀ ਬਜ਼ਾਰੋਂ ਕੁਲਫ਼ੀ ਖੁਆਉਣ ਦਾ ਇੱਕਰਾਰ ਕਰਕੇ ਇੱਕ ਵਾਰ ਤਾਂ ਕਾਕੇ ਤੋਂ ਪਿੱਛਾ ਛੁਡਾਇਆ ਅਤੇ ਆਪ ਘਰੋਂ ਬਾਹਰ ਚਲਾ ਗਿਆ। ਸ਼ਾਮ ਨੂੰ ਜਦੋਂ ਉਹ ਘਰ ਪਰਤਿਆ ਤਾਂ ਕਾਕੇ ਨੇ ਕੁਲਫ਼ੀ ਦੀ ਮੰਗ ਕੀਤੀ, ਪਰ ਕਹਾਣੀਕਾਰ ਨੇ ਦਬਕਾ ਮਾਰ ਕੇ ਅਤੇ ਅਗਲੇ ਦਿਨ ਦਾ ਇੱਕਰਾਰ ਕਰ ਕੇ ਚੁੱਪ ਕਰਵਾਇਆ। ਅਗਲੇ ਦਿਨ ਉਸ ਨੇ ਇੱਕ ਸਾਥੀ ਤੋਂ ਤਿੰਨ ਰੁਪਏ ਉਧਾਰ ਲਏ, ਪਰ ਉਹ ਘਰ ਦੀਆਂ ਲੋੜਾਂ ਖ਼ਾਤਰ ਉਸ ਦੀ ਪਤਨੀ ਨੇ ਲੈ ਲਏ। ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ। ਜਾਂਦਿਆਂ ਹੀ ਕਾਕੇ ਨੇ ਕੁਲਫ਼ੀ ਮੰਗੀ। ਕਹਾਣੀਕਾਰ ਨੇ ਫਿਰ ਸ਼ਾਮ ਦਾ ਇੱਕਰਾਰ ਕੀਤਾ। ਸ਼ਾਮ ਨੂੰ ਉਹ ਜਾਣ ਬੁੱਝ ਕੇ ਘਰ ਲੇਟ ਆਇਆ। ਕਾਕਾ ਸੌਂ ਚੁੱਕਾ ਸੀ। ਅੱਧੀ ਰਾਤ ਉਹ ਕੁਫ਼ੀ-ਕੁਫ਼ੀ ਬੁੜ-ਬੁੜਾਉਣ ਲੱਗਾ। ਸਵੇਰੇ ਉੱਠ ਕੇ ਉਸ ਨੇ ਕੁਲਫ਼ੀ ਨਾ ਮੰਗੀ। ਪਰ ਦੁਪਹਿਰੇ ਜਦੋਂ ਬਾਹਰੋਂ ਕੁਲਫ਼ੀ ਵਾਲ਼ੇ ਦੀ ਅਵਾਜ਼ ਆਈ, ਤਾਂ ਉਹ ਖੇਡ ਛੱਡ ਕੇ ਉਧਰ ਚਲਾ ਗਿਆ। ਕਹਾਣੀਕਾਰ ਦੱਬੇ ਪੈਰੀਂ ਉਸ ਮਗਰ ਗਿਆ। ਜਦੋਂ ਕੁਲਫ਼ੀ ਵਾਲ਼ਾ ਸ਼ਾਹਾਂ ਦੇ ਮੁੰਡੇ ਨੂੰ ਕੁਲਫ਼ੀ ਦੇ ਰਿਹਾ ਸੀ, ਤਾਂ ਕਾਕਾ ਉਸ ਨੂੰ ਧੁੱਸ ਦੇ ਕੇ ਪੈ ਗਿਆ, ਸ਼ਾਹਾਂ ਦਾ ਮੁੰਡਾ ਨਾਲੀ ਵਿੱਚ ਡਿੱਗ ਪਿਆ ਤੇ ਕੁਲਫ਼ੀ ਖ਼ਿਲਰ ਗਈ। ਜਦੋਂ ਉਹ ਉੱਠਿਆ ਤਾਂ ਕਾਕੇ ਨੇ ਫਿਰ ਢੁੱਡ ਮਾਰੀ ਤੇ ਉਹ ਮੁੜ ਡਿਗ ਪਿਆ। ਜਦੋਂ ਸ਼ਾਹਣੀ ਉਲ੍ਹਾਮਾ ਦੇਣ ਆਈ ਤਾਂ ਕਾਕੇ ਦੀ ਮਾਂ ਕਾਕੇ ਦੇ ਚਪੇੜ ਮਾਰਨ ਲੱਗੀ। ਪਰ ਕਹਾਣੀਕਾਰ ਨੇ ਰੋਕ ਲਿਆ ਅਤੇ ਕਿਹਾ ਕਿ ਕੁੱਝ ਵੰਡ ਸ਼ੁਦੈਣੇ, ਕਾਇਰ ਪਿਉ ਦੇ ਘਰ ਬਹਾਦਰ ਪੁੱਤ ਜੰਮਿਆ ਹੈ।
2. ਮੜ੍ਹੀਆਂ ਤੋਂ ਦੂਰ - ਲੇਖਕ ਰਘੁਵੀਰ ਢੰਡ
ਬਲਵੰਤ ਰਾਏ ਨੂੰ ਇੰਗਲੈਂਡ ਰਹਿੰਦਿਆਂ ਪੱਚੀ ਸਾਲ ਹੋ ਹਨ। ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਆਪਣੇ ਨਾਲ਼ ਇੰਗਲੈਂਡ ਲੈ ਗਿਆ। ਐਤਵਾਰ ਨੂੰ ਕਹਾਣੀਕਾਰ ਨੇ ਬਲਵੰਤ ਰਾਏ ਦੇ ਪਰਿਵਾਰ ਨੂੰ ਉਸ ਦੀ ਮਾਂ ਸਮੇਤ ਖਾਣੇ ਉੱਤੇ ਸੱਦਿਆ, ਤਾਂ ਗੱਲਾਂ-ਗੱਲਾਂ ਵਿੱਚ ਬਲਵੰਤ ਰਾਏ ਦੀ ਮਾਂ ਕਹਾਣੀਕਾਰ ਦੀ ਪਤਨੀ ਦੀ ਮਾਂ ਦੇ ਸ਼ਹਿਰ ਰਾਵਲਪਿੰਡੀ ਦੀ ਹੋਣ ਕਰਕੇ ਉਸ ਦੀ ਮਾਸੀ ਬਣ ਗਈ। ਕਹਾਣੀਕਾਰ ਤੇ ਉਸਦੀ ਪਤਨੀ ਮਾਸੀ ਦੇ ਮਿਲਾਪੜੇ ਸੁਭਾਅ ਵੱਲ ਮੋਹੇ ਗਏ। ਅਗਲੇ ਐਤਵਾਰ ਜਦੋਂ ਕਹਾਣੀਕਾਰ ਤੇ ਉਸ ਦੀ ਪਤਨੀ ਨੇ ਮਾਸੀ ਨੂੰ ਗੁਰਦੁਆਰੇ ਲਿਜਾਣਾ ਚਾਹਿਆ ਤਾਂ ਉਸ ਦੇ ਪੁੱਤਰ, ਨੂੰਹ ਅਤੇ ਪੁੱਤ-ਪੋਤੀਆਂ ਵਿੱਚੋਂ ਕੋਈ ਵੀ ਵਿਹਲ ਜਾਂ ਰੁਚੀ ਦੀ ਘਾਟ ਦੱਸ ਕੇ ਨਾਲ਼ ਨਾ ਤੁਰਿਆ। ਮਾਸੀ ਨੇ ਗੁਰਦੁਆਰੇ ਜਾ ਕੇ ਜਦੋਂ ਲੰਗਰ ਪਕਾਇਆ ਤੇ ਫਿਰ ਮੰਦਰ ਵਿਚ ਭਜਨ ਗਾਏ ਤਾਂ ਦੋਹਾਂ ਥਾਵਾਂ ਦੇ ਪ੍ਰਧਾਨ ਬਹੁਤ ਪ੍ਰਭਾਵਿਤ ਹੋਏ। ਮਾਸੀ ਨੂੰ ਇੰਗਲੈਂਡ, ਓਥੋਂ ਦੇ ਲੋਕਾਂ, ਖੁੱਲ੍ਹੀਆਂ ਸੜਕਾਂ, ਸਾਫ਼-ਸੁਥਰਾ ਵਾਤਾਵਰਨ, ਖੁੱਲ੍ਹੇ ਖਾਣ-ਪੀਣ ਤੇ ਹੋਰਨਾਂ ਸਹੂਲਤਾਂ ਕਰਕੇ ਸੁਰਗ ਜਾਪਦਾ ਸੀ। ਇਹ ਸਭ ਦੇਖ ਕੇ ਉਹ ਚਾਹੁੰਣ ਲੱਗੀ ਕਿ ਉਹ ਸਦਾ ਹੀ ਉੱਥੇ ਰਹੇ ਤੇ ਉਸ ਦੇ ਪਤੀ ਨੂੰ ਵੀ ਉੱਥੇ ਬੁਲਾ ਲਿਆ ਜਾਵੇ। ਇੱਕ ਦਿਨ ਕਹਾਣੀਕਾਰ ਨੂੰ ਮਾਸੀ ਦਾ ਟੈਲੀਫ਼ੋਨ ਆਇਆ। ਲੇਖਕ ਮਾਸੀ ਦੀਆਂ ਗੱਲਾਂ ਸੁਣ ਸਮਝ ਗਿਆ ਕਿ ਉਹ ਬਹੁਤ ਉਦਾਸ ਹੈ। ਕਹਾਣੀਕਾਰ ਜਦੋਂ ਉਸ ਦੇ ਕੋਲ ਪੁੱਜਾ, ਤਾਂ ਉਹ ਭੁੱਬਾਂ ਮਾਰ-ਮਾਰ ਕੇ ਰੋਣ ਲੱਗ ਪਈ ਤੇ ਕਹਿਣ ਲੱਗੀ ਕਿ ਉਹ ਬਲਵੰਤ ਨੂੰ ਆਖ ਕੇ ਉਸ ਨੂੰ ਛੇਤੀ ਤੋਂ ਛੇਤੀ ਇੰਡੀਆ ਭਿਜਵਾ ਦੇਵੇ। ਕਹਾਣੀਕਾਰ ਨੂੰ ਮਾਸੀ ਤੋਂ ਪੁੱਛਣ ਤੇ ਪਤਾ ਲੱਗਾ ਕਿ ਇੰਗਲੈਂਡ ਦੇ ਜੀਵਨ ਤੋਂ ਮਾਸੀ ਦਾ ਇਸ ਕਰਕੇ ਮੋਹ ਛੁੱਟ ਗਿਆ ਕਿ ਉਸ ਦੇ ਪੁੱਤਰ ਬਲਵੰਤ ਰਾਏ ਕੋਲ ਉਸ ਦੀ ਕੋਈ ਗੱਲ ਸੁਣਨ ਦਾ ਵਕਤ ਨਹੀਂ ਹੈ। ਉਸ ਦੀ ਨੂੰਹ ਦਾ ਸੁਭਾਅ ਤਾਂ ਗੋਰਿਆਂ ਤੋਂ ਵੀ ਭੈੜਾ ਹੈ। ਉਹਨਾਂ ਦੇ ਬੱਚੇ ਮੁੰਡਾ ਤੇ ਕੁੜੀਆਂ ਉਨ੍ਹਾਂ ਦੇ ਕਹਿਣੇ ਵਿੱਚ ਨਹੀਂ। ਵੱਡੀ ਕੁੜੀ ਮੀਰਾ ਚੰਗੀ ਹੈ, ਪਰ ਉਸ ਨਾਲ਼ ਮਾਸੀ ਦੀ ਬੋਲੀ ਦੀ ਸਾਂਝ ਨਹੀਂ ਹੈ। ਉਹ ਉਨ੍ਹਾਂ ਲਈ ਖਾਣਾ ਬਣਾ ਕੇ ਵਕਤ ਨਹੀਂ ਗੁਜ਼ਾਰ ਸਕਦੀ ਕਿਉਂਕਿ ਸਾਰਿਆਂ ਦੇ ਖਾਣ-ਪੀਣ ਦੇ ਰਾਹ ਅਲੱਗ-ਅਲੱਗ ਹਨ। ਮਾਸੀ ਇਹ ਸਾਰੀਆਂ ਗੱਲਾਂ ਦੱਸ ਕੇ ਮੁੜ ਰੋਣ ਲੱਗ ਪਈ। ਕਹਾਣੀਕਾਰ ਨੇ ਉਸ ਨੂੰ ਤਸੱਲੀ ਦਿੰਦਿਆਂ ਕਿਹਾ ਕਿ ਹੁਣ ਉਸ ਨੂੰ ਇੰਡੀਆ ਜਾਣਾ ਹੀ ਚਾਹੀਦਾ ਹੈ ਨਹੀਂ ਤਾਂ ਇਹ ਮੜ੍ਹੀਆਂ ਵਰਗੀ ਇਕੱਲ ਉਸ ਨੂੰ ਨਿਗਲ ਜਾਵੇਗੀ। ਮਾਸੀ ਨੇ ਹੁਣ ਇੰਗਲੈਂਡ ਨੂੰ ਮੜ੍ਹੀਆਂ ਤੋਂ ਵੀ ਕੋਈ ਦੂਰ ਦੀ ਕੋਈ ਚੀਜ਼ ਦੱਸਿਆ।
3. ਅੰਗ-ਸੰਗ - ਲੇਖਕ ਵਰਿਆਮ ਸਿੰਘ ਸੰਧੂ
ਕਰਤਾਰ ਸਿੰਘ ਦਾ ਬਾਪ ਜ਼ਮੀਨ ਗਹਿਣੇ ਪੈਣ ਕਰਕੇ ਅਤੇ ਸਿਰ ਚੜ੍ਹੇ ਕਰਜ਼ੇ ਤੋਂ ਤੰਗ ਆ ਕੇ ਸਿੰਘਾਪੁਰ ਚਲਾ ਗਿਆ। ਉੱਥੇ ਜਾ ਕੇ ਉਸ ਨੇ ਕਮਾਈ ਕਰਕੇ ਸਾਰਾ ਕਰਜ਼ਾ ਉਤਾਰ ਦਿੱਤਾ ਅਤੇ ਆਪਣੀ ਗਹਿਣੇ ਪਈ ਜ਼ਮੀਨ ਵੀ ਛੁਡਾ ਲਈ, ਪਰੰਤੂ ਉਸ ਦਾ ਪੁੱਤਰ ਕਰਤਾਰ ਸਿੰਘ ਬਾਹਰੋਂ ਆਉਂਦੇ ਪੈਸੇ ਤੇ ਐਸ਼ ਕਰਨ ਲੱਗ ਪਿਆ। ਉਸ ਨੇ ਜ਼ਮੀਨ ਠੇਕੇ ਉੱਤੇ ਦੇ ਕੇ ਆਪ ਸ਼ਾਨ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਉਸ ਨੇ ਸਾਰਾ ਦਿਨ ਵਿਹਲੇ ਢਾਣੀਆਂ ਵਿੱਚ ਫਿਰਨਾ, ਸ਼ਰਾਬ ਪੀਣਾ ਅਤੇ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ। ਉਸ ਦੇ ਦੋ ਪੁੱਤਰ ਤੇ ਤਿੰਨ ਧੀਆਂ ਸਨ। ਉਹ ਆਪਣੀ ਮਾਂ ਅਤੇ ਪਤਨੀ ਦੇ ਸਮਝਾਏ ਦੀ ਵੀ ਪਰਵਾਹ ਨਾ ਕਰਦਾ। ਉਸ ਦੇ ਪਿਤਾ ਦੀ ਮੌਤ ਹੋ ਗਈ ਅਤੇ ਬਾਹਰੋਂ ਆਉਂਦਾ ਪੈਸਾ ਬੰਦ ਹੋ ਗਿਆ, ਪਰ ਉਸ ਨੇ ਫੈਲ-ਸੂਫ਼ੀਆਂ ਨਾ ਬੰਦ ਕੀਤੀਆਂ। ਇਕ ਵਾਰੀ ਉਸ ਨੇ ਆਪਣੀ ਭੈਣ ਦੀਆਂ ਦੋ ਕੁੜੀਆਂ ਦੇ ਇਕੱਠੇ ਵਿਆਹਾਂ ਉੱਤੇ ਭੈਣ ਦੀ ਇੱਛਾ ਅਨੁਸਾਰ ਉੱਥੇ ਬਣ-ਠਣ ਕੇ ਜਾਣ ਲਈ ਪੈਸਿਆਂ ਦਾ ਪ੍ਰਬੰਧ ਨਾ ਹੋਣ ਕਰਕੇ ਆਪਣੀ ਪਤਨੀ ਤੋਂ ਟੂੰਮਾਂ ਮੰਗੀਆਂ, ਪਰ ਉਸ ਦੁਆਰਾ ਟੂਮਾਂ ਦੇਣ ਤੋਂ ਇਨਕਾਰ ਕਰਨ ਤੇ ਉਸ ਨੇ ਆਪਣੀ ਪਤਨੀ ਨੂੰ ਥਾਪੀ ਨਾਲ਼ ਕੁੱੱਟਿਆ। ਉਸ ਨੇ ਹਰ ਰੋਜ਼ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅਤੇ ਰੋਜ਼ਾਨਾ ਸ਼ਰਾਬ ਨਾਲ਼ ਰੱਜਿਆ ਘਰ ਆਉਂਦਾ, ਜਿਸ ਕਾਰਨ ਘਰ ਵਿੱਚ ਤਣਾਓ ਅਤੇ ਕਲੇਸ਼ ਬਣਿਆ ਰਹਿੰਦਾ। ਉਸ ਦਾ ਪੁੱਤਰ ਅਮਰੀਕ ਸਿੰਘ ਤੀਜੇ ਦਰਜੇ ਦਾ ਸਰਕਾਰੀ ਮੁਲਾਜ਼ਮ ਸੀ। ਉਹ ਆਪਣੇ ਪਿਤਾ ਦੀਆ ਆਦਤਾਂ ਨੂੰ ਪਸੰਦ ਨਹੀਂ ਕਰਦਾ ਸੀ। ਨਸ਼ਿਆਂ ਵਿੱਚ ਪੈਣ ਕਰਕੇ ਕਰਤਾਰ ਸਿੰਘ ਦੀ ਅਚਾਨਕ ਮੌਤ ਹੋ ਗਈ, ਜਿਸ ਤੋਂ ਬਾਆਦ ਹੀ ਅਮਰੀਕ ਨੂੰ ਆਪਣੇ ਪਿਤਾ ਦੀਆਂ ਬਹੁਤ ਸਾਰੀਆਂ ਮਾੜੀਆਂ ਆਦਤਾਂ ਦੇ ਨਾਲ਼-ਨਾਲ਼ ਜ਼ਮੀਨ ਗਹਿਣੇ ਪੈ ਜਾਣ ਅਤੇ ਪਰਿਵਾਰ ਦੇ ਕਰਜ਼ੇ ਵਿੱਚ ਡੁੱਬ ਜਾਣ ਦਾ ਪਤਾ ਲੱਗਾ। ਸੁਸਾਇਟੀ ਦੇ ਇੰਸਪੈਕਟਰ ਨੇ ਘਰ ਆ ਕੇ ਕਰਜ਼ੇ ਦੇ ਸਾਢੇ ਸੋਲਾਂ ਸੌ ਰੁਪਏ ਦੱਸੇ ਅਤੇ ਮੁਲਾਜ਼ਮ ਭਰਾ ਹੋਣ ਕਰਕੇ ਕਿਸਤਾਂ ਵਿੱਚ ਵਾਪਸ ਕਰਵਾਉਣ ਲਈ ਮੰਨ ਲਿਆ। ਅਮਰੀਕ ਨੂੰ ਛੋਟੇ ਭਰਾ ਮਹਿੰਦਰ ਤੋਂ ਪਤਾ ਲੱਗਾ ਕਿ ਪੰਜ ਸੌ ਰੁਪਏ ਉਸ ਨੇ ਮੱਖਣ ਸਿੰਘ ਦੇ ਦੇਣੇ ਸਨ। ਅਮਰੀਕ ਸਿੰਘ ਨੂੰ ਆਪਣੀ ਮਾਂ ਜਾਗੀਰ ਕੌਰ ਤੋਂ ਪਤਾ ਲੱਗਾ ਕਿ, ਜਿਸ ਜ਼ਮੀਨ ਨੂੰ ਉਹ ਬਚੀ ਹੋਈ ਸਮਝਦਾ ਸੀ, ਉਹ ਪੌਣਾ ਕਿੱਲਾ ਵੀ ਗਹਿਣੇ ਪਈ ਹੋਈ ਸੀ। ਇਹ ਸਭ ਕੁਝ ਦਾ ਅਚਾਨਕ ਪਤਾ ਲੱਗਣ ਕਰਕੇ ਅਮਰੀਕ ਨੂੰ ਬਹੁਤ ਦੁੱਖ ਹੋਇਆ ਅਤੇ ਘਰ ਵਾਲ਼ਿਆਂ 'ਤੇ ਗੁੱਸਾ ਵੀ ਆਇਆ, ਕਿਉਂਕਿ ਉਹਨਾਂ ਨੇ ਇਹ ਸਾਰੀਆਂ ਗੱਲਾਂ ਉਸ ਤੋਂ ਲੁਕਾਈਆਂ ਸਨ। ਅਮਰੀਕ ਨੇ ਦੁਖੀ ਹੋ ਕੇ ਕਿਹਾ ਕਿ ਇਸ ਤਰ੍ਹਾਂ ਜੇਕਰ ਉਹ ਹੋਰ ਜਿਉਂਦਾ ਰਹਿੰਦਾ, ਤਾਂ ਰਹਿੰਦੀ ਦੋ ਕਿੱਲੇ ਜ਼ਮੀਨ ਵੀ ਗਹਿਣੇ ਪੈ ਜਾਣੀ ਸੀ ਤੇ ਮਹਿੰਦਰ ਦੇ ਕਹਿਣ ਅਨੁਸਾਰ ਪਿੱਛੇ ਰਹਿ ਜਾਣਾ ਸੀ, "ਠੁਣ-ਠੁਣ ਗੋਪਾਲ।"
4. ਬੰਮ ਬਹਾਦਰ - ਲੇਖਕ ਗੁਰਬਖ਼ਸ਼ ਸਿੰਘ
ਇੱਕ ਮਹਾਰਾਜੇ ਦਾ ‘ਬੰਮ ਬਹਾਦਰ' ਨਾਂ ਦਾ ਹਾਥੀ ਹਾਥੀਖ਼ਾਨੇ ਵਿਚ ਊਧਮ ਮਚਾਈ ਰੱਖਦਾ ਸੀ। ਇਸ ਦਾ ਕਾਰਨ ਸੀ ਕਿ ਹਾਥੀਖ਼ਾਨੇ ਦਾ ਮਹੰਤ ਮਾਤਾਦੀਨ ਬੰਮ ਬਹਾਦਰ ਦੇ ਰਾਤਬ ਵਿਚੋਂ ਹਰ-ਰੋਜ਼ ਚੋਰੀ ਕਰਦਾ ਸੀ। ਮਹੰਤ ਨੇ ਰਾਜੇ ਕੋਲ਼ ਬੰਮ ਦੀ ਸ਼ਿਕਾਇਤ ਕੀਤੀ, ਪਰ ਉਹ ਬੰਮ ਬਹਾਦਰ ਦੇ ਪਿਆਰ ਤੇ ਕੋਮਲਤਾ ਤੋਂ ਜਾਣੂ ਸਨ, ਇਸ ਕਰਕੇ ਜਦੋਂ ਉਹ ਆਪਣੀ ਨਵ-ਵਿਆਹੀ ਮਹਾਰਾਣੀ ਨਾਲ਼ ਉਸ ਉੱਤੇ ਬੈਠ ਕੇ ਮਹਿਲਾਂ ਵਿਚ ਆਏ, ਤਾਂ ਕੋਈ ਵੀ ਬੰਮ ਦੀ ਗ਼ਲਤੀ ਨਹੀਂ ਕੱਢ ਸਕਿਆ। ਮਹਾਰਾਜ ਨੇ ਸ਼ਾਹੀ ਮਹਿਲਾਂ ਵਿਚ ਪੁੱਜ ਕੇ ਮਹਾਰਾਣੀ ਦੀ ਬੰਮ ਨਾਲ਼ ਜਾਣ-ਪਛਾਣ ਕਰਵਾਈ ਅਤੇ ਉਨ੍ਹਾਂ ਮਹਾਰਾਈ ਨੂੰ ਕਿਹਾ ਕਿ ਉਹ ਹਫ਼ਤੇ ਵਿਚ ਇੱਕ ਵਾਰ ਹਾਥੀਖ਼ਾਨੇ ਜਾ ਕੇ ਬੰਮ ਨੂੰ ਦੇਖ ਆਇਆ ਕਰਨ। ਇਕ ਦਿਨ ਮਹਾਰਾਣੀ ਬੰਮ ਲਈ ਦਸ ਸੇਰ ਲੱਡੂ ਬਣਵਾ ਕੇ ਲੈ ਗਈ। ਲੱਡੂ ਖਾ ਕੇ ਬੰਮ ਨੂੰ ਪਿਆਰ ਦੀ ਮਸਤੀ ਚੜ੍ਹ ਗਈ। ਉਸ ਦਿਨ ਮਾਤਾਦੀਨ ਨੇ ਲੱਡੂਆਂ ਦੇ ਬਦਲੇ ਬੰਮ ਦੇ ਰਾਤਬ ਵਿਚੋਂ ਹੋਰ ਵੱਧ ਚੋਰੀ ਕੀਤੀ, ਜਿਸ ਦਾ ਬੰਮ ਨੂੰ ਹੋਰ ਗੁੱਸਾ ਚੜ੍ਹ ਗਿਆ। ਬੰਮ ਮਹਾਰਾਣੀ ਨੂੰ ਸਿਰ 'ਤੇ ਬੈਠਾ ਲੈਂਦਾ ਤੇ ਸੁੰਡ ਉੱਪਰ ਚੁੱਕ ਕੇ ਸਲਾਮੀਆਂ ਦਿੰਦਾ। ਇਕ ਦਿਨ ਮਾਤਾਦੀਨ ਨੇ ਮਹਾਰਾਜ ਦੇ ਸ਼ਿਕਾਰ ਉੱਤੇ ਜਾਣ ਲਈ ਬੰਮ ਦੀ ਥਾਂ ਹੋਰ ਹਾਥੀ ਭੇਜ ਦਿੱਤਾ। ਇਹ ਦੇਖ ਕੇ ਬੰਮ ਨੂੰ ਬਹੁਤ ਗੁੱਸਾ ਚੜ੍ਹ ਗਿਆ। ਉਸ ਨੇ ਮਾਤਾਦੀਨ ਨੂੰ ਪੈਰਾਂ ਹੇਠ ਸੁੱਟ ਕੇ ਮਲ ਕੇ ਮਾਰ ਸੁੱਟਿਆ ਤੇ ਫਿਰ ਸੰਗਲ ਤੁੜਾ ਕੇ ਉਸ ਦਾ ਕੋਠਾ ਢਾਹ ਦਿੱਤਾ। ਮਹਾਰਾਣੀ ਨੂੰ ਦੇਖ ਕੇ ਬੰਮ ਇੱਕ ਥਾਂ ਖੜ੍ਹ ਗਿਆ। ਬੰਮ ਸੁੰਡ ਗੰਦੀ ਹੋਣ ਕਰਕੇ ਮਹਾਰਾਣੀ ਨੂੰ ਛੋਹ ਨਹੀਂ ਸਕਦਾ ਸੀ। ਰਾਤਬ ਚੋਰੀ ਬਾਰੇ ਮਹਾਰਾਣੀ ਨੂੰ ਪਤਾ ਚਲ ਗਿਆ ਸੀ। ਮਹਾਰਾਣੀ ਨੇ ਬੰਮ ਨੂੰ ਕਿਹਾ ਕਿ ਉਸ ਨੇ ਮਾਤਾਦੀਨ ਦੇ ਬੱਚਿਆਂ ਦੇ ਰਹਿਣ ਵਾਲ਼ਾ ਕੋਠਾ ਢਾਹ ਕੇ ਚੰਗਾ ਨਹੀਂ ਕੀਤਾ। ਇਸ ਲਈ ਉਸ ਨੂੰ ਆਪਣਾ ਅੱਧਾ ਰਾਤਬ ਕਟਵਾ ਕੇ ਉਹਨਾਂ ਪੈਸਿਆਂ ਨਾਲ਼ ਬੱਚਿਆਂ ਲਈ ਕੋਠਾ ਬਣਾ ਕੇ ਦੇਣਾ ਹੋਵੇਗਾ। ਬੰਮ ਨੇ ਆਪਣੀ ਸੁੰਡ ਨਾਲ਼ ਮਹਾਰਾਣੀ ਦੇ ਪੈਰਾਂ ਦੁਆਲ਼ੇ ਚੱਕਰ ਕੱਢ ਕੇ ਆਪਣੀ ਸਹਿਮਤੀ ਪ੍ਰਗਟ ਕੀਤੀ।
ਵੰਨਗੀ (ਕਹਾਣੀ-ਭਾਗ) - ਸੰਪੂਰਨ ਸਾਰ (ਭਾਗ-2)
5. ਬਾਗ਼ੀ ਦੀ ਧੀ - ਲੇਖਕ ਗੁਰਮੁਖ ਸਿੰਘ ਮੁਸਾਫ਼ਿਰ
ਦੇਸ਼ ਵਿੱਚ ਚੱਲ ਰਹੀ ਅਜ਼ਾਦੀ ਦੀ ਲੜਾਈ ਸਮੇਂ ਜਦੋਂ ਪੁਲਿਸ ਕਿਸ਼ਨ ਸਿੰਘ ਨੂੰ ਗ੍ਰਿਫ਼ਤਾਰ ਕਰਨ ਆਈ, ਤਾਂ ਉਸ ਸਮੇਂ ਉਸ ਦੀ ਧੀ ਲਾਜ ਦੀ ਉਮਰ 12 ਕੁ ਸਾਲ ਦੀ ਸੀ ਅਤੇ ਲਾਜ ਨੂੰ 102° ਬੁਖ਼ਾਰ ਸੀ। ਕਿਸ਼ਨ ਸਿੰਘ ਦੀ ਪਤਨੀ ਅਤੇ ਲਾਜ ਦੀ ਮਾਂ ਸ਼ਰਨ ਕੌਰ ਵੀ ਘਰ ਨਹੀਂ ਸੀ, ਉਹ ਔਰਤਾਂ ਦੀ ਇੱਕ ਮੀਟਿੰਗ ਵਿੱਚ ਗਈ ਹੋਈ ਸੀ। ਕਿਸ਼ਨ ਸਿੰਘ ਨੂੰ ਜੇਲ੍ਹ ਜਾਣ ਦਾ ਡਰ ਨਹੀਂ ਸੀ, ਪਰ ਲਾਜ ਦੀ ਬਿਮਾਰੀ ਕਾਰਨ ਉਹ ਫ਼ਿਕਰਮੰਦ ਸੀ। ਲਾਜ ਨੇ ਉਸ ਨੂੰ ਬੇਫ਼ਿਕਰ ਹੋ ਕੇ ਜੇਲ੍ਹ ਜਾਣ ਲਈ ਪ੍ਰੇਰਿਆ। ਕਿਸ਼ਨ ਸਿੰਘ ਲਾਜ ਨੂੰ ਆਪਣੀ ਭੈਣ ਵੀਰਾਂ ਵਾਲੀ ਦੇ ਆਸਰੇ ਛੱਡ ਕੇ ਆਪ ਪੁਲਿਸ ਵਾਲ਼ਿਆਂ ਨਾਲ਼ ਚਲਾ ਗਿਆ। ਦੂਜੇ ਪਾਸੇ ਕੌਮੀ ਝੰਡਾ ਹੱਥ ਵਿੱਚ ਫੜ ਕੇ ਔਰਤਾਂ ਦੇ ਜਲੂਸ ਦੀ ਅਗਵਾਈ ਕਰ ਰਹੀ ਸ਼ਰਨ ਕੌਰ ਨੇ ਵੀ ਗ੍ਰਿਫ਼ਤਾਰੀ ਦੇ ਦਿੱਤੀ। ਲਾਜ ਦਾ ਬੁਖ਼ਾਰ ਠੀਕ ਹੋਣ ਮਗਰੋਂ ਵੀਰਾਂਵਾਲੀ ਉਸ ਨੂੰ ਆਪਣੇ ਘਰ ਲੈ ਗਈ। ਜਦੋਂ ਵੀਰਾਂਵਾਲੀ ਦਾ ਪਤੀ ਹੁਸ਼ਨਾਕ ਸਿੰਘ ਛੁੱਟੀ ਆਇਆ ਤਾਂ ਉਹ ਲਾਜ ਨੂੰ ਦੇਖ ਕੇ ਗੁੱਸੇ ਨਾਲ਼ ਭਰ ਗਿਆ ਕਿਉਂਕਿ ਬਾਗ਼ੀਆਂ ਦੀ ਧੀ ਘਰ ਵਿੱਚ ਰੱਖਣ ਕਰਕੇ ਉਸ ਦੀ ਤਰੱਕੀ ਰੁਕ ਸਕਦੀ ਹੈ। ਹੁਸ਼ਨਾਕ ਸਿੰਘ ਵੀਰਾਂਵਾਲੀ ਨੂੰ ਆਪਣੇ ਨਾਲ਼ ਲੈ ਗਿਆ ਤੇ ਲਾਜ ਪਿੱਛੇ ਰਹਿ ਗਈ। ਵੀਰਾਂਵਾਲੀ ਆਪਣੇ ਭਰਾ ਨਾਲ਼ ਅਮਾਨਤ ਵਿੱਚ ਖ਼ਿਆਨਤ ਕਰਨ ਦੇ ਸਦਮੇ ਨੂੰ ਨਾ ਸਹਾਰ ਸਕੀ ਅਤੇ ਮਰ ਗਈ। ਲਾਜ ਹੁਣ ਲਾਹੌਰ ਤਪਦਿਕ ਦੇ ਹਸਪਤਾਲ ਵਿੱਚ ਦਾਖ਼ਲ ਸੀ। ਰਿਹਾਈ ਤੋਂ ਬਾਅਦ ਸ਼ਰਨ ਕੌਰ ਹਸਪਤਾਲ ਪਹੁੰਚੀ ਤਾਂ ਉੱਥੇ ਉਸ ਨੂੰ ਪਤਾ ਲੱਗਾ ਕਿ ਲਾਜ ਦੇ ਅਸਲੀ ਨਾਂ ਤੋਂ ਹਸਪਤਾਲ ਵਿੱਚ ਕੋਈ ਨਹੀਂ ਜਾਣਦਾ ਸੀ, ਸਗੋਂ ਉਸ ਦਾ ਨਾਂ ‘ਬਾਗ਼ੀ ਦੀ ਧੀ' ਹੀ ਪ੍ਰਸਿੱਧ ਹੋ ਚੁੱਕਾ ਸੀ। ਜਦੋਂ ਉਹ ਲਾਜ ਦੇ ਕਮਰੇ ਵਿੱਚ ਪੁੱਜੀ ਤਾਂ ਲਾਜ ਮਰ ਚੁੱਕੀ ਸੀ।
6. ਧਰਤੀ ਹੇਠਲਾ ਬਲ਼ਦ - ਲੇਖਕ ਕੁਲਵੰਤ ਸਿੰਘ ਵਿਰਕ
ਮਾਨ ਸਿੰਘ ਬਰਮਾ ਦੇ ਫਰੰਟ ਤੋਂ ਫ਼ੌਜ ਵਿੱਚੋਂ ਛੁੱਟੀ ਕੱਟਣ ਲਈ ਆਉਂਦਾ ਹੈ ਤਾਂ ਉਹ ਆਪਣੇ ਫ਼ੌਜੀ ਮਿੱਤਰ ਕਰਮ ਸਿੰਘ ਦੇ ਪਰਿਵਾਰ ਨੂੰ ਮਿਲ਼ਣ ਲਈ ਉਸ ਦੇ ਪਿੰਡ ਠੱਠੀਖਾਰੇ ਜਾਂਦਾ ਹੈ। ਪਰ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਕਰਮ ਸਿੰਘ ਦੇ ਲੜਾਈ ਵਿੱਚ ਮਾਰੇ ਜਾਣ ਦੀ ਖ਼ਬਰ ਪਰਿਵਾਰ ਕੋਲ਼ ਪਹੁੰਚ ਜਾਂਦੀ ਹੈ। ਮਾਨ ਸਿੰਘ ਨੂੰ ਕਰਮ ਸਿੰਘ ਦਾ ਬਾਪੂ ਅਤੇ ਉਸ ਦਾ ਬਾਕੀ ਪਰਿਵਾਰ ਉਸ ਦੇ ਪਹੁੰਚਣ 'ਤੇ ਖ਼ੁਸ਼ ਨਾ ਜਾਪਿਆ। ਜਦੋਂ ਮਾਨ ਸਿੰਘ ਵਾਪਸ ਜਾਣ ਦੀਆਂ ਸਲਾਹਾਂ ਕਰ ਰਿਹਾ ਸੀ ਤਾਂ ਡਾਕੀਆ ਕਰਮ ਸਿੰਘ ਦੀ ਪੈਨਸ਼ਨ ਦੇ ਕਾਗਜ਼ ਲੈ ਕੇ ਆ ਗਿਆ, ਜਿਸ ਤੋਂ ਉਸ ਨੂੰ ਕਰਮ ਸਿੰਘ ਦੀ ਮੌਤ ਬਾਰੇ ਪਤਾ ਲੱਗ ਜਾਂਦਾ ਹੈ। ਕਰਮ ਸਿੰਘ ਦੇ ਬਾਪੂ ਨੇ ਕਰਮ ਸਿੰਘ ਦੀ ਮੌਤ ਦੀ ਖ਼ਬਰ ਨੂੰ ਮਾਨ ਸਿੰਘ ਕੋਲ਼ੋਂ ਇਸ ਲਈ ਛੁਪਾਈ ਰੱਖਿਆ ਸੀ ਕਿ ਮਾਨ ਸਿੰਘ ਇਸ ਦੁੱਖ ਦੀ ਖ਼ਬਰ ਨੂੰ ਸੁਣ ਕੇ ਆਪਣੀ ਛੁੱਟੀ ਖ਼ਰਾਬ ਨਾ ਕਰੇ। ਜਦੋਂ ਮਾਨ ਸਿੰਘ ਨੂੰ ਇਸ ਭੇਦ ਬਾਰੇ ਪਤਾ ਲੱਗਾ ਤਾਂ ਉਸ ਨੂੰ ਕਰਮ ਸਿੰਘ ਦਾ ਬਾਪ ‘ਧਰਤੀ ਹੇਠਲਾ ਬਲ਼ਦ’ ਪ੍ਰਤੀਤ ਹੋਇਆ, ਜੋ ਦੂਜਿਆਂ ਨੂੰ ਦੁੱਖਾਂ ਦੇ ਭਾਰ ਤੋਂ ਹੌਲ਼ਾ ਰੱਖਣ ਲਈ ਸਾਰਾ ਭਾਰ ਆਪ ਹੀ ਚੁੱਕਣ ਦੀ ਕੋਸ਼ਿਸ ਕਰਦਾ ਹੈ।
7. ਇੱਕ ਪੈਰ ਘੱਟ ਤੁਰਨਾ - ਲੇਖਕ ਅਜੀਤ ਕੌਰ
ਰਸ਼ੀਦ ਦਿੱਲੀ ਦੇ ਇੱਕ ਦਫ਼ਤਰ ਵਿੱਚ ਕੰਮ ਕਰਦਾ ਸੀ। ਜਦੋਂ ਉਸ ਦੇ ਪੱਸਲੀਆਂ ਤੋਂ ਹੇਠਾਂ ਦਰਦ ਉੱਠਿਆ ਤਾਂ ਡਾਕਟਰ ਨੇ ਦੱਸਿਆ ਕਿ ਉਸ ਦੇ ਮਿਹਦੇ ਵਿੱਚ ਕੈਂਸਰ ਹੈ। ਰਸ਼ੀਦ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਜ਼ਿੰਦਗੀ ਦੇ ਬਚੇ ਹੋਏ ਦਿਨ ਗੁਜ਼ਾਰਨ ਲਈ ਆਪਣੇ ਪਿੰਡ ਵਿੱਚ ਚਲਾ ਜਾਂਦਾ ਹੈ। ਉਹ ਆਪਣੇ ਪਿੰਡ ਦੇ ਖੁੱਲ੍ਹੇ-ਡੁੱਲ੍ਹੇ ਮਾਹੌਲ ਵਿੱਚ ਆ ਕੇ ਬਹੁਤ ਖੁਸ਼ੀ ਮਹਿਸੂਸ ਕਰਦਾ ਹੈ। ਉਹ ਆਪਣੀ ਬਿਮਾਰੀ ਦੇ ਦਰਦ ਤੋਂ ਰਾਹਤ ਪਾਉਣ ਲਈ ਆਪਣੇ ਘਰ ਦੇ ਨੇੜੇ ਗੁਲਾਬ ਦੇ ਪੌਦੇ ਲਾ ਲੈਂਦਾ ਹੈ ਅਤੇ ਪੰਛੀ ਪਾਲ ਲੈਂਦਾ ਹੈ। ਉਹ ਸੋਚਦਾ ਹੈ ਕਿ ਪਰਮਾਤਮਾ ਨੇ ਉਸ ਨੂੰ ਕਿੰਨੀਆਂ ਨਿਆਮਤਾਂ ਦਿੱਤੀਆਂ ਹਨ। ਇੱਕ ਦਿਨ ਉਹ ਆਪਣੇ ਗੁਆਂਢੀਆਂ ਦੇ ਮੁੰਡੇ ਸ਼ਾਮ ਨਾਲ਼ ਮਿਲ਼ ਕੇ ਪਤੰਗ ਉਡਾਉਣ ਲਈ ਤਿਆਰ ਹੁੰਦਾ ਹੈ। ਜਦੋਂ ਰਸ਼ੀਦ ਪਤੰਗ ਨੂੰ ਹੁਲਾਰਾ ਦਿੰਦਾ ਹੈ ਤਾਂ ਅਚਾਨਕ ਉਸ ਦੇ ਭਿਆਨਕ ਦਰਦ ਉੱਠਦਾ ਹੈ ਅਤੇ ਖੂਨ ਦੀ ਉਲਟੀ ਆਉਂਦੀ ਹੈ ਅਤੇ ਡਿੱਗਦਿਆਂ ਸਾਰ ਉਸ ਦੀ ਮੌਤ ਹੋ ਜਾਂਦੀ ਹੈ।