ਵੰਨਗੀ (ਕਹਾਣੀ-ਭਾਗ) - ਸੰਪੂਰਨ ਪ੍ਰਸ਼ਨ-ਉੱਤਰ (ਭਾਗ-1)
1. ਕੁਲਫ਼ੀ (ਪ੍ਰਿੰ: ਸੁਜਾਨ ਸਿੰਘ)
ਛੋਟੇ ਉੱਤਰ ਵਾਲ਼ੇ ਪ੍ਰਸ਼ਨ
ਕੁਲਫ਼ੀ ਵਾਲ਼ੇ ਦਾ ਹੋਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ?
ਕੁਲਫ਼ੀ ਵਾਲ਼ੇ ਦਾ ਹੋਕਾ ਸੁਣ ਕੇ ਲੇਖਕ ਦੀਆਂ ਅੱਖਾਂ ਸਾਹਮਣੇ ਚਿੱਟੀ ਦੁੱਧ ਕੁਲਫ਼ੀ ਨੱਚਣ ਲੱਗੀ। ਉਸ ਦੇ ਮੂੰਹ ਵਿੱਚ ਪਾਣੀ ਆ ਗਿਆ ਪਰ ਉਹ ਆਪਣੀ ਆਰਥਿਕ ਤੰਗੀ ਕਰਕੇ ਕੁਲਫ਼ੀ ਖ਼ਰੀਦਣ ਤੋਂ ਅਸਮਰਥ ਸੀ। ਉਹ ਸੋਚ ਰਿਹਾ ਸੀ ਕਿ ਉਸ ਦੀ ਤਨਖ਼ਾਹ ਤਾਂ ਮਹੀਨੇ ਦੇ ਪਹਿਲੇ ਪੰਦਰਾਂ ਦਿਨ ਵਿੱਚ ਹੀ ਉਡ-ਪੁੱਡ ਜਾਂਦੀ ਹੈ। ਉਹ ਪੈਸੇ ਦੀ ਤੰਗੀ ਨੂੰ ਹਵਾਲ਼ਾਤ ਦੀ ਤੰਗੀ ਤੋਂ ਵੀ ਭੈੜੀ ਅਨੁਭਵ ਕਰ ਰਿਹਾ ਸੀ।
“ਤੁਸੀਂ ਤਕਾ ਦੇ ਦਿਉ, ਮੈਨੂੰ ਨਹੀਂ ਲਗਦੀ ਖੰਘ।” ਕਾਕੇ ਦੇ ਇਨ੍ਹਾਂ ਸ਼ਬਦਾਂ ਤੋਂ ਕੀ ਭਾਵ ਸੀ?
ਜਦੋਂ ਕਹਾਣੀਕਾਰ ਵੱਖ-ਵੱਖ ਬਹਾਣੇ ਬਣਾ ਕੇ ਕਾਕੇ ਨੂੰ ਟਕਾ ਦੇਣ ਤੋਂ ਟਾਲ਼-ਮਟੋਲ ਕਰਦਾ ਹੈ, ਤਾਂ ਕਾਕਾ ਇਸ ਨੂੰ ਸਮਝ ਜਾਂਦਾ ਹੈ। ਜਦੋਂ ਲੇਖਕ ਮੁਰਮੁਰੇ ਨਾਲ਼ ਖੰਘ ਹੋਣ ਦਾ ਡਰ ਦਿੰਦਾ ਹੈ, ਤਾਂ ਕਾਕਾ ਉਸ ਦੀ ਗੱਲ ਰੱਦ ਕਰਦਾ ਹੈ ਅਤੇ ਆਖਦਾ ਹੈ ਮੈਨੂੰ ਖੰਘ ਨਹੀਂ ਲੱਗਦੀ। ਤੁਸੀਂ ਮੈਂਨੂੰ ਟਕਾ ਦੇ ਦੇਵੇ।
ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ਼ ਕਿਉਂ ਕਰਦਾ ਹੈ?
ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ਼ ਇਹ ਦੱਸਣ ਲਈ ਕਰਦਾ ਹੈ ਕਿ ਪਹਿਲੇ ਵਿਸ਼ਵ ਯੁੱਧ ਤੋਂ ਮਗਰੋਂ ਕਿਸ ਤਰ੍ਹਾਂ ਤੇਜ਼ੀ ਨਾਲ਼ ਮਹਿੰਗਾਈ ਵਧੀ। ਪੜ੍ਹੇ-ਲਿਖੇ ਲੋਕਾਂ ਦੀ ਤਨਖ਼ਾਹ ਪਹਿਲਾਂ ਦੇ ਘੱਟ ਪੜ੍ਹੇ ਲਿਖੇ ਲੋਕਾਂ ਦੀ ਤਨਖ਼ਾਹ ਨਾਲੋਂ ਘੱਟ ਹੈ। ਲੋਕਾਂ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਇਸ ਦਾ ਕਾਰਨ ਉਹ ਸਮਝਦਾ ਹੈ ਕਿ ਦੇਸ਼ ਦੀ ਆਰਥਿਕਤਾ ਉੱਤੇ ਧਨ-ਕੁਬੇਰਾਂ ਦਾ ਕਬਜ਼ਾ ਹੋ ਗਿਆ ਹੈ।
ਲੇਖਕ ਮਾਲਕ ਤੋਂ ਤਨਖ਼ਾਹ ਵਧਾਉਣ ਦੀ ਮੰਗ ਤੋਂ ਸੰਕੋਚ ਕਿਉਂ ਕਰ ਰਿਹਾ ਸੀ?
ਲੇਖਕ ਨੂੰ ਡਰ ਸੀ ਕਿ ਜੇ ਉਸ ਨੇ ਮਾਲਕ ਤੋਂ ਤਨਖ਼ਾਹ ਵਧਾਉਣ ਦੀ ਮੰਗ ਕੀਤੀ, ਤਾਂ ਉਹ ਉਸ ਨੂੰ ਨੌਕਰੀ ਤੋਂ ਹੀ ਨਾ ਕੱਢ ਦੇਵੇ। ਕਿਸੇ ਸਾਥੀ ਨੇ ਵੀ ਲੇਖਕ ਦਾ ਸਾਥ ਨਹੀਂ ਦੇਣਾ। ਜੇਕਰ ਉਹ ਬੇਰੁਜਗਾਰ ਹੋ ਗਿਆ ਤਾਂ ਉਸ ਦੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੋਵੇਗਾ।
ਸ਼ਾਹਾਂ ਦੇ ਮੁੰਡੇ ਤੋਂ ਕੁਲਫ਼ੀ ਖੋਹਣ 'ਤੇ ਕਾਕੇ ਦੇ ਮਾਪਿਆਂ ਦੀ ਕੀ ਪ੍ਰਤੀਕਿਰਿਆ ਸੀ?
ਜਦੋਂ ਸ਼ਾਹਣੀ ਲੇਖਕ ਦੇ ਘਰ ਉਲ੍ਹਾਮਾ ਦੇਣ ਆਈ, ਤਾਂ ਲੇਖਕ ਦੀ ਪਤਨੀ ਕਾਕੇ ਦੇ ਚਪੇੜ ਮਾਰਨ ਲੱਗੀ। ਪਰ ਲੇਖਕ ਨੇ ਉਸ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਉਹ ਕਾਕੇ ਨੂੰ ਮਾਰੇ ਨਾ ਸਗੋਂ ਕੁਝ ਵੰਡੇ ਕਿਉਂਕਿ ਕਾਇਰ ਪਿਉ ਦੇ ਘਰ ਬਹਾਦਰ ਪੁੱਤ ਜੰਮਿਆ ਹੈ।
ਕਾਕਾ ਸੁਪਨੇ ਵਿੱਚ ਕਿਉਂ ਬੁੜਬੁੜਾ ਰਿਹਾ ਸੀ?
ਕਾਕਾ ਸੁਪਨੇ ਵਿੱਚ ਇਸ ਕਰਕੇ ਬੁੜ-ਬੁੜਾ ਰਿਹਾ ਸੀ, ਕਿਉਂਕਿ ਭਾਵੇਂ ਉਹ ਸੁੱਤਾ ਪਿਆ ਸੀ ਪਰ ਉਸ ਦਾ ਅਚੇਤ ਮਨ ਜਾਗ ਰਿਹਾ ਸੀ ਅਤੇ ਉਸ ਦੇ ਅਚੇਤ ਮਨ ਉੱਤੇ ਉਸ ਦੀ ਕੁਲਫ਼ੀ ਖਾਣ ਦੀ ਅਪੂਰਤ ਇੱਛਾ ਹੀ ਭਾਰੂ ਸੀ। ਮਨੋਵਿਗਿਆਨ ਅਨੁਸਾਰ ਇਹ ਕਾਕੇ ਦੀ ਸਿਹਤਮੰਦ ਮਾਨਸਿਕ ਅਵਸਥਾ ਦਾ ਸੂਚਕ ਨਹੀਂ।
ਲੇਖਕ ‘ਕੁਲਫ਼ੀ' ਕਹਾਣੀ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦਾ ਹੈ?
ਕਹਾਣੀਕਾਰ ਇਸ ਕਹਾਣੀ ਵਿੱਚ ਦੱਸਣਾ ਚਾਹੁੰਦਾ ਹੈ ਕਿ ਕਿਰਤੀ ਦੀਆਂ ਆਰਥਿਕ ਮੁਸ਼ਕਲਾਂ ਦਾ ਹੱਲ ਸਰਮਾਏਦਾਰਾਂ ਕੋਲੋਂ ਧਨ ਅਤੇ ਜਾਇਦਾਦ ਖੋਹ ਲੈਣ ਨਾਲ਼ ਹੀ ਹੋ ਸਕਦਾ ਹੈ। ਕਹਾਣੀਕਾਰ ਕੁਲਫ਼ੀ ਖੋਹਣ ਦੀ ਘਟਨਾ ਤੋਂ ਮਾਸੂਮ ਬੱਚੇ ਵਿੱਚ ਵਿਦਰੋਹ ਦੀ ਭਾਵਨਾ ਦਿਖਾ ਕੇ ਭਵਿੱਖ ਵਿੱਚ ਜਾਗ ਰਹੇ ਲੋਕ-ਯੁੱਧ ਦਾ ਦ੍ਰਿਸ਼ ਸਾਕਾਰ ਕਰਦਾ ਹੈ।
ਵਸਤੁਨਿਸ਼ਠ ਪ੍ਰਸ਼ਨ
'ਕੁਲਫੀ' ਕਹਾਣੀ ਦਾ ਲੇਖਕ ਕੌਣ ਹੈ?
ਪ੍ਰਿੰਸੀਪਲ ਸੁਜਾਨ ਸਿੰਘ।
'ਕੁਲਫੀ' ਕਹਾਣੀ ਦੀ ਘਟਨਾ ਕਿਹੜੇ ਮਹੀਨੇ ਵਿੱਚ ਵਾਪਰਦੀ ਹੈ?
ਜੂਨ ਵਿੱਚ।
ਲੇਖਕ ਦੀ ਆਰਥਕ ਹਾਲਤ ਕਿਹੋ ਜਿਹੀ ਹੈ?
ਗਰੀਬੀ ਭਰੀ।
ਕਾਕੇ ਨੇ ਲੇਖਕ ਨੂੰ ਜਗਾ ਕੇ ਕੀ ਮੰਗਿਆ?
ਟਕਾ।
'ਕੁਲਫੀ' ਕਹਾਣੀ ਦੀ ਘਟਨਾ ਕਿਸ ਤਾਰੀਖ਼ ਨੂੰ ਵਾਪਰਦੀ ਹੈ?
26 ਜੂਨ ਨੂੰ।
ਕੁਲਫੀ ਵੇਚਣ ਵਾਲ਼ੇ ਤੋਂ ਮਗਰੋਂ ਕਿਹੜੀ ਚੀਜ਼ ਵਿਕਣ ਲਈ ਆਈ?
ਮੁਰਮੁਰੇ।
ਪਹਿਲੀ ਜੰਗ ਤੋਂ ਮਗਰੋਂ ਕਿੰਨੇ ਦੇ ਛੋਲੇ ਲਏ ਮੁੱਕਦੇ ਨਹੀਂ ਸਨ?
ਧੇਲੇ ਦੇ।
ਲੇਖਕ ਕਿਸ ਦੀ ਦੁਕਾਨ ਤੋਂ ਛੋਲੇ ਲੈਂਦਾ ਹੁੰਦਾ ਸੀ?
ਮਸੱਦੀ ਰਾਮ ਦੀ।
ਕਾਕਾ ਅਸਮਾਨ ਦੇ ਤਾਰਿਆਂ ਨੂੰ ਕੀ ਸਮਝਦਾ ਸੀ?
ਰੁਪਏ।
ਲੇਖਕ ਨੇ ਆਪਣੇ ਕਿਸੇ ਸਾਥੀ ਤੋਂ ਕਿੰਨੇ ਰੁਪਏ ਲਏ?
ਤਿੰਨ ਰੁਪਏ।
ਲੇਖਕ ਦੁਆਰਾ ਸਾਥੀ ਤੋਂ ਮੰਗ ਕੇ ਲਿਆਂਦੇ ਰੁਪਏ ਕਿਸ ਨੇ ਲੈ ਲਏ?
ਉਸ ਦੀ ਪਤਨੀ ਨੇ।
ਗਲ਼ੀ ਦਾ ਬੁਲੀ ਕੌਣ ਸੀ?
ਸ਼ਾਹਾਂ ਦਾ ਮੁੰਡਾ।
ਕਾਕੇ ਦੇ ਧੱਕੇ ਮਾਰਨ ਨਾਲ਼ ਸ਼ਾਹਾਂ ਦਾ ਮੁੰਡਾ ਕਿੱਥੇ ਡਿੱਗਿਆ?
ਨਾਲੀ ਵਿੱਚ।
ਸ਼ਾਹਾਂ ਦੇ ਮੁੰਡੇ ਦੀ ਉਮਰ ਕਿੰਨੀ ਸੀ?
ਅੱਠ ਸਾਲ।
ਕਾਕੇ ਦੀ ਉਮਰ ਕਿੰਨੀ ਸੀ?
ਸਾਢੇ ਕੁ ਚਾਰ ਸਾਲ।
2. ਮੜ੍ਹੀਆਂ ਤੋਂ ਦੂਰ (ਰਘੁਵੀਰ ਢੰਡ)
ਛੋਟੇ ਉੱਤਰ ਵਾਲ਼ੇ ਪ੍ਰਸ਼ਨ
ਵਿਦੇਸ਼ੋਂ ਆਏ ਬਲਵੰਤ ਰਾਏ ਨੂੰ ਉਸ ਦੀ ਮਾਂ ਕੀ ਕਹਿੰਦੀ ਹੈ?
ਵਿਦੇਸ਼ੋਂ ਆਏ ਬਲਵੰਤ ਰਾਏ ਦੀ ਮਾਂ ਉਸ ਨੂੰ ਗੁੱਸੇ, ਦੁੱਖ ਅਤੇ ਨਿਹੋਰਿਆਂ ਨਾਲ਼ ਕਹਿੰਦੀ ਹੈ ਕਿ ਉਸ ਨੂੰ ਪੱਚੀ ਸਾਲ ਇੰਗਲੈਂਡ ਗਏ ਨੂੰ ਹੋ ਗਏ ਹਨ ਲੋਕਾਂ ਦੇ ਮੁੰਡਿਆਂ ਨੇ ਆਪਣੀਆਂ ਮਾਵਾਂ ਨੂੰ ਕਈ ਕਈ ਵਾਰੀ ਇੰਗਲੈਂਡ ਬੁਲਾਇਆ ਹੈ, ਪਰ ਉਸ ਨੇ ਉਸ ਨੂੰ ਕਦੇ ਨਹੀਂ ਬੁਲਾਇਆ ਜਿਸ ਕਰਕੇ ਆਂਢਣਾਂ-ਗੁਆਂਢਣਾਂ ਬੋਲੀਆਂ ਮਾਰਦੀਆਂ ਹਨ। ਉਹ ਉਨ੍ਹਾਂ ਨੂੰ ਮੂੰਹ ਵਿਖਾਉਣ ਜੋਗੀ ਨਹੀਂ ਹੈ। ਉਹ ਤਾਂ ਰਨ ਦਾ ਹੋ ਕੇ ਹੀ ਰਹਿ ਗਿਆ ਹੈ ਅਤੇ ਆਪਣੀ ਮਾਂ ਨੂੰ ਭੁੱਲ ਗਿਆ ਹੈ, ਜਿਸ ਨੇ ਉਸ ਦਾ ਪਾਲਣ-ਪੋਸ਼ਣ ਕਰਦਿਆਂ ਕਿੰਨੇ ਦੁੱਖ ਸਹਾਰੇ ਸਨ।
ਲੇਖਕ ਦੀ ਮਾਸੀ ਦਾ ਸੁਭਾਅ ਕਿਹੋ ਜਿਹਾ ਹੈ?
ਮਾਸੀ ‘ਮੜ੍ਹੀਆਂ ਤੋਂ ਦੂਰ' ਕਹਾਣੀ ਦੀ ਮੁੱਖ ਪਾਤਰ ਹੈ। ਉਹ ਸਰੀਰਕ ਤੌਰ ਤੇ ਖੂਬਸੂਰਤ ਹੋਣ ਤੋਂ ਇਲਾਵਾ ਮਿਲਾਪੜੇ, ਮਿੱਠੇ ਅਤੇ ਮੋਹ ਲੈਣ ਵਾਲ਼ੇ ਸਭਾਅ ਦੀ ਮਾਲਕ ਹੈ। ਭਾਵੁਕ ਹੋਣ ਕਰਕੇ ਸ਼ੁਰੂ ਵਿੱਚ ਉਹ ਇੰਗਲੈਂਡ ਦੀ ਖੁਸ਼ਹਾਲੀ ਨੂੰ ਦੇਖ ਕੇ ਮੋਹਿਤ ਹੋ ਜਾਂਦੀ ਹੈ। ਉਹ ਧਾਰਮਿਕ ਭੇਦਭਾਵ ਤੋਂ ਰਹਿਤ, ਲੰਗਰ ਵਿੱਚ ਸੇਵਾ ਕਰਨ ਵਾਲ਼ੀ ਅਤੇ ਭਜਨ ਗਾਉਣ ਵਾਲ਼ੀ ਔਰਤ ਹੈ। ਉਹ ਸਫ਼ਾਈ ਪਸੰਦ ਅਤੇ ਖਾਣ-ਪੀਣ ਦੀ ਸ਼ੌਕੀਨ ਹੈ, ਪਰ ਉਸ ਨੂੰ ਮਾਸਾਹਾਰੀ ਭੋਜਨ ਬਿਲਕੁਲ ਵੀ ਪਸੰਦ ਨਹੀਂ। ਉਹ ਇੰਗਲੈਂਡ ਦੇ ਬੇਗਾਨੇ ਸੱਭਿਆਚਾਰ ਵਿੱਚ ਅਪਣੱਤਹੀਨ ਜੀਵਨ ਨੂੰ ਦੇਖ ਕੇ ਘੋਰ ਨਿਰਾਸ਼ ਹੋ ਜਾਂਦੀ ਹੈ।
ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚਿਆਂ ਦਾ ਆਪਣੇ ਮਾਪਿਆਂ ਪ੍ਰਤੀ ਵਤੀਰਾ ਕਿਹੋ ਜਿਹਾ ਹੈ?
ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚੇ ਆਪਣੇ ਮਾਪਿਆਂ ਦੇ ਕਹਿਣੇ ਵਿੱਚ ਨਹੀਂ ਹਨ। ਉਹ ਆਪਣੀ ਮਰਜ਼ੀ ਨਾਲ਼ ਆਪਣੇ ਦੋਸਤਾਂ, ਮਿੱਤਰਾਂ ਨਾਲ਼ ਘੁੰਮਦੇ ਹਨ, ਪ੍ਰੋਗਰਾਮ ਬਣਾਉਂਦੇ ਹਨ, ਪਰ ਆਪਣੇ ਮਾਤਾ-ਪਿਤਾ ਦੀ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਨੂੰ ਮਾਪਿਆਂ ਨਾਲ਼ ਮੰਦਰ ਜਾਂ ਗੁਰਦੁਆਰੇ ਜਾਣਾ ਵੀ ਪਸੰਦ ਨਹੀਂ।
ਮਾਸੀ ਵੱਲੋਂ ਅਜਿਹੀ ਕਿਹੜੀ ਗੱਲ ਕਹੀ ਗਈ ਸੀ, ਜਿਸ ਨੇ ਲੇਖਕ ਨੂੰ ਕੀਲ ਲਿਆ ਸੀ?
ਜਦੋਂ ਮਾਸੀ ਨੇ ਲੇਖਕ ਦੇ ਪੁੱਛਣ ਤੇ ਦੱਸਿਆ ਕਿ ਉਹ ਗੁਰਦੁਆਰੇ ਅਤੇ ਮੰਦਰ ਵਿੱਚ ਫ਼ਰਕ ਨਹੀਂ ਸਮਝਦੀ, ਉਹ ਦੋਵੇਂ ਥਾਵਾਂ ਤੇ ਜਾਵੇਗੀ। ਪਾਕਿਸਤਾਨ ਬਣਨ ਤੋਂ ਪਹਿਲਾਂ ਹਿੰਦੂਆਂ ਨੂੰ ਗੁਰੂ-ਘਰ ਨਾਲ਼ ਬਹੁਤ ਪਿਆਰ ਅਤੇ ਲਗਾਅ ਸੀ। ਉਹ ਆਪਣੇ ਇਕ ਪੁੱਤਰ ਨੂੰ ਸਿੱਖ ਜ਼ਰੂਰ ਬਣਾਉਂਦੇ ਸਨ। ਇਹ ਫ਼ਰਕ ਵਾਲ਼ੀ ਬਿਮਾਰੀ ਤਾਂ ਹੁਣੇ ਹੀ ਚੱਲ ਪਈ ਹੈ। ਇਹਨਾਂ ਗੱਲਾਂ ਨੇ ਲੇਖਕ ਨੂੰ ਕੀਲ ਲਿਆ।
ਮਾਸੀ ਨੇ ਲੇਖਕ ਨੂੰ ਮੜ੍ਹੀਆਂ-ਸਿਵਿਆਂ ਵਰਗੇ ਨਹਿਸ ਬੋਲ ਬੋਲਣ ਤੋਂ ਕਿਉਂ ਵਰਜਿਆ?
ਮਾਸੀ ਜਦੋਂ ਪਹਿਲੀ ਵਾਰ ਇੰਗਲੈਂਡ ਗਈ, ਤਾਂ ਉਹ ਉਥੋਂ ਦੀ ਸਾਫ਼-ਸਫ਼ਾਈ, ਮੌਸਮ, ਸੁੱਖ-ਸਹੂਲਤਾਂ ਤੇ ਸੋਹਣੇ ਲੋਕਾਂ ਨੂੰ ਦੇਖ ਕੇ ਮੋਹਿਤ ਹੋ ਗਈ। ਮਾਸੀ ਨੂੰ ਉਹ ਥਾਂ ਸਵਰਗ ਵਰਗੀ ਜਾਪੀ। ਲੇਖਕ ਇੰਗਲੈਂਡ ਦੀ ਮੜ੍ਹੀਆਂ ਵਰਗੀ ਚੁੱਪ ਅਤੇ ਅਪਣੱਤ ਭਰੇ ਜੀਵਨ ਤੋਂ ਜਾਣੂ ਸੀ। ਜਦੋਂ ਉਸ ਨੇ ਮਾਸੀ ਸਾਹਮਣੇ ਅਜਿਹੇ ਸ਼ਬਦ ਬੋਲੇ ਤਾਂ ਮਾਸੀ ਨੂੰ ਖ਼ੁਸ਼ਹਾਲ ਮੁਲਕ ਲਈ ਇਹ ਸ਼ਬਦ ਬੁਰੇ ਲੱਗੇ। ਇਸ ਕਰਕੇ ਉਸ ਨੇ ਲੇਖਕ ਨੂੰ ਬੋਲਣ ਤੋਂ ਵਰਜਿਆ।
ਮਾਸੀ ਇੰਗਲੈਂਡ ਤੋਂ ਇੰਡੀਆ ਕਿਉਂ ਪਰਤ ਆਉਣਾ ਚਾਹੁੰਦੀ ਹੈ?
ਸ਼ੁਰੂ ਵਿੱਚ ਤਾਂ ਮਾਸੀ ਇੰਗਲੈਂਡ ਤੋਂ ਪ੍ਰਭਾਵਤ ਹੋਈ, ਪਰ ਜਦੋਂ ਪੁੱਤਰ ਬਲਵੰਤ ਰਾਏ ਅਤੇ ਉਸ ਦੀ ਨੂੰਹ ਮਾਸੀ ਲਈ ਵਕਤ ਨਾ ਕੱਢ ਸਕੇ, ਤਾਂ ਮਾਸੀ ਨੂੰ ਅਜਿਹੀ ਬੇਰੁਖ਼ੀ ਕਾਰਨ ਬਹੁਤ ਦੁੱਖ ਹੋਇਆ। ਮਾਸੀ ਦੇ ਪੋਤੇ-ਪੋਤੀਆਂ ਦਾ ਵਤੀਰਾ ਵੀ ਮੋਹ ਪਿਆਰ ਵਾਲ਼ਾ ਨਹੀਂ ਸੀ। ਉਹ ਮਾਸ-ਮੱਛੀ ਖਾਂਦੇ ਹਨ, ਜਿਸ ਕਾਰਨ ਮਾਸੀ ਆਪਣਾ ਧਰਮ ਭ੍ਰਿਸ਼ਟ ਹੋਇਆ ਦੱਸਦੀ ਹੈ। ਉਨ੍ਹਾਂ ਨਾਲ਼ ਮਾਸੀ ਦੀ ਬੋਲੀ ਦੀ ਵੀ ਕੋਈ ਸਾਂਝ ਨਹੀਂ ਸੀ। ਅਜਿਹੀ ਸ਼ਕਤੀ ਵਿੱਚ ਮਾਸੀ ਨੂੰ ਜਾਪਦਾ ਸੀ ਕਿ ਉਹ ਘੁੱਟ-ਘੁੱਟ ਕੇ ਮਰ ਜਾਵੇਗੀ। ਉੱਥੋਂ ਦਾ ਜੀਵਨ ਮਾਸੀ ਨੂੰ ਮੜ੍ਹੀਆਂ ਤੋਂ ਵੀ ਬੁਰਾ ਜਾਪਣ ਲੱਗ ਪਿਆ।
ਬਲਵੰਤ ਰਾਏ ਦਾ ਸੁਭਾ ਕਿਹੋ ਜਿਹਾ ਹੈ?
ਬਲਵੰਤ ਰਾਏ ‘ਮੜ੍ਹੀਆਂ ਤੋਂ ਦੂਰ’ ਕਹਾਣੀ ਦਾ ਮਹੱਤਵਪੂਰਨ ਪਾਤਰ ਹੈ। ਉਹ ਪਿਛਲੇ ਪੱਚੀ ਸਾਲਾਂ ਤੋਂ ਇੰਗਲੈਂਡ ਰਹਿ ਰਿਹਾ ਹੈ। ਉਹ ਅਤੇ ਉਸ ਦੀ ਪਤਨੀ ਦੁਕਾਨ ਚਲਾਉਂਦੇ ਹਨ,ਜਿਸ ਕਾਰਨ ਉਹ ਕੰਮ ਵਿੱਚ ਵਿਅਸਥ ਹੋ ਕੇ ਆਪਣੀ ਮਾਂ ਲਈ ਸਮਾਂ ਨਹੀਂ ਕੱਢ ਸਕਦਾ। ਉਹ ਪਿਆਰ ਕਰਨ ਵਾਲ਼ਾ, ਸਪੱਸ਼ਟ, ਪਰ ਬੇਵੱਸ ਇਨਸਾਨ ਹੈ।
ਵਸਤੁਨਿਸ਼ਠ ਪ੍ਰਸ਼ਨ
‘ਮੜ੍ਹੀਆਂ ਤੋਂ ਦੂਰ' ਕਹਾਣੀ ਦਾ ਲੇਖਕ ਕੌਣ ਹੈ?
ਰਘਬੀਰ ਢੰਡ।
ਬਲਵੰਤ ਰਾਏ ਨੂੰ ਇੰਗਲੈਂਡ ਵਿੱਚ ਰਹਿੰਦੇ ਕਿੰਨੇ ਸਾਲ ਹੋ ਗਏ ਸਨ?
ਪੱਚੀ ਸਾਲ।
ਕਹਾਣੀਕਾਰ ਨੂੰ ਕਿਸ ਦਾ ਟੈਲੀਫ਼ੋਨ ਆਇਆ ਸੀ?
ਮਾਸੀ ਦਾ।
ਕਹਾਣੀਕਾਰ ਨੂੰ ਮਾਸੀ ਦਾ ਟੈਲੀਫ਼ੋਨ ਕਿੰਨੇ ਵਜੇ ਆਇਆ ਸੀ?
ਸਵੇਰੇ ਨੌਂ ਵਜੇ।
ਰੂਹ ਤੜਫ-ਤੜਫ ਕੇ ਕਦੋਂ ਮਰ ਜਾਂਦੀ ਹੈ?
ਜਦੋਂ ਉਦਾਸੀ ਹੋਵੇ।
ਮਾਸੀ ਦੇ ਇੰਗਲੈਂਡ ਵਿੱਚ ਰਹਿੰਦੇ ਪੁੱਤਰ ਦਾ ਕੀ ਨਾਂ ਸੀ?
ਬਲਵੰਤ ਰਾਏ।
ਬਲਵੰਤ ਰਾਏ ਦੀ ਪਤਨੀ ਦਾ ਕੀ ਨਾਂ ਸੀ?
ਬਿੰਦੂ।
ਮਾਸੀ ਦੇ ਵਾਲ, ਅੱਖਾਂ ਤੇ ਦੰਦ ਕਿਹੋ ਜਿਹੇ ਸਨ?
ਨੀਗਰੋ ਮੁਟਿਆਰ ਵਰਗੇ।
ਮਾਸੀ ਦਾ ਕੱਦ ਕਿੰਨਾ ਸੀ?
ਪੰਜ ਫੁੱਟ ਚਾਰ ਇੰਚ।
ਮਾਸੀ ਪਾਕਿਸਤਾਨ ਤੋਂ ਕਿਸ ਥਾਂ ਤੋਂ ਆਈ ਹੋਈ ਸੀ?
ਰਾਵਲਪਿੰਡੀ ਤੋਂ।
ਮਾਸੀ ਨੇ ਕਹਾਣੀਕਾਰ ਦੀ ਪਤਨੀ ਨੂੰ ਆਪਣੀ ਕੀ ਬਣਾ ਲਿਆ?
ਭਣੇਵੀ।
ਬਲਵੰਤ ਰਾਏ ਕਿਹੜੇ ਦਿਨ ਨੂੰ ਆਪਣੇ ਲਈ ਸੁਰਗ ਸਮਝਦਾ ਸੀ?
ਐਤਵਾਰ ਨੂੰ।
ਕਹਾਣੀਕਾਰ ਨੂੰ ਕਿਹੜੀ ਕੁੜੀ ਭਲੀਮਾਣਸ ਜਿਹੀ ਲੱਗਦੀ ਸੀ?
ਮੀਰਾ।
ਮਾਸੀ ਨੇ ਮੰਦਰ ਵਿੱਚ ਕੀ ਕੀਤਾ?
ਭਜਨ ਗਾਏ।
ਬਲਵੰਤ ਰਾਏ ਦੇ ਕਿੰਨੇ ਬੱਚੇ ਹਨ?
ਤਿੰਨ - ਦੋ ਕੁੜੀਆਂ ਇੱਕ ਮੁੰਡਾ।
3. ਅੰਗ-ਸੰਗ (ਵਰਿਆਮ ਸਿੰਘ ਸੰਧੂ)
ਛੋਟੇ ਉੱਤਰ ਵਾਲ਼ੇ ਪ੍ਰਸ਼ਨ
‘ਅੰਗ-ਸੰਗ' ਕਹਾਣੀ ਵਿੱਚ ਅਜਿਹੀ ਕਿਹੜੀ ਘਟਨਾ ਵਾਪਰੀ ਜਿਸ ਕਾਰਨ ਘਰ ਵਿੱਚ ਹਨੇਰੇ ਵਰਗੀ ਚੁੱਪ ਛਾਈ ਹੋਈ ਸੀ?
ਕਹਾਣੀ ਵਿੱਚ ਘਰ ਦੇ ਮੁਖੀ ਕਰਤਾਰ ਸਿੰਘ ਦੀ ਮੌਤ ਹੋ ਗਈ ਸੀ। ਜਿਸ ਕਰਕੇ ਘਰ ਵਿੱਚ ਹਨੇਰੇ ਵਰਗੀ ਚੁੱਪ ਛਾਈ ਹੋਈ ਸੀ। ਇਸ ਚੁੱਪ ਦਾ ਕਾਰਨ ਇਹ ਵੀ ਸੀ ਕਿ ਕਰਤਾਰ ਸਿੰਘ ਦੇ ਵੈਲਾਂ ਕਾਰਨ ਘਰ ਉੱਜੜ ਚੁੱਕਿਆ ਸੀ। ਜ਼ਮੀਨ ਗਹਿਣੇ ਪੈ ਚੁੱਕੀ ਸੀ ਅਤੇ ਸਾਰਾ ਪਰਿਵਾਰ ਕਰਜ਼ੇ ਦੇ ਭਾਰ ਥੱਲੇ ਦੱਬਿਆ ਹੋਇਆ ਸੀ।
ਸੁਸਾਇਟੀ ਦੇ ਇੰਸਪੈਕਟਰ ਨੇ ਅਮਰੀਕ ਸਿੰਘ ਨੂੰ ਕਿਸ ਗੱਲ ਦੀ ਰਿਆਇਤ ਦਿੱਤੀ ਤੇ ਕਿਉਂ?
ਸੁਸਾਇਟੀ ਦੇ ਇੰਸਪੈਕਟਰ ਨੇ ਅਮਰੀਕ ਨੂੰ ਸੁਸਾਇਟੀ ਦਾ ਖਾਦ ਦਾ ਸਾਢੇ ਸੋਲਾਂ ਸੌ ਰੁਪਏ ਕਰਜ਼ਾ ਮੋੜਨ ਲਈ ਰਿਆਇਤ ਦਿੱਤੀ ਕਿ ਉਹ ਇਸ ਨੂੰ ਦੋ ਕਿਸ਼ਤਾਂ ਵਿੱਚ ਮੋੜ ਸਕਦਾ ਹੈ ਅਤੇ ਪਹਿਲੀ ਕਿਸ਼ਤ ਲਈ ਪੰਦਰਾਂ ਦਿਨਾਂ ਦੀ ਮੋਹਲਤ ਹੋਰ ਦੇ ਦਿੱਤੀ। ਇੰਸਪੈਕਟਰ ਨੇ ਅਜਿਹਾ ਮੁਲਾਜ਼ਮ ਭਰਾ ਹੋਣ ਕਰਕੇ ਕੀਤਾ।
ਕਰਤਾਰ ਸਿੰਘ ਦੇ ਛੋਟੀ ਉਮਰੇ ਦੁਨੀਆਂ ਤੋਂ ਤੁਰ ਜਾਣ ਦੇ ਕੀ ਕਾਰਨ ਸਨ?
ਕਰਤਾਰ ਸਿੰਘ ਦੇ ਛੋਟੀ ਉਮਰੇ ਦੁਨੀਆਂ ਤੋਂ ਤੁਰ ਜਾਣ ਦੇ ਕਾਰਨ ਉਸ ਦੇ ਕਈ ਪ੍ਰਕਾਰ ਦੇ ਵੈਲ ਸਨ। ਉਹ ਸ਼ਰਾਬ ਪੀਂਦਾ, ਅਫ਼ੀਮ ਖਾਂਦਾ ਅਤੇ ਨਸ਼ੇ ਦੀਆਂ ਗੋਲੀਆਂ ਵੀ ਖਾਣ ਲੱਗ ਪਿਆ ਸੀ। ਉਹ ਨਸਵਾਰ ਤੇ ਬੀੜਾ ਵੀ ਲੈਂਦਾ ਸੀ।
ਬਚਪਨ ਵਿੱਚ ਅਮਰੀਕ ਕਿਹੋ ਜਿਹੇ ਬਾਪ ਦੀ ਕਲਪਨਾ ਕਰਦਾ ਤੇ ਕਿਉਂ?
ਬਚਪਨ ਵਿੱਚ ਅਮਰੀਕ ਚਾਹੁੰਦਾ ਹੈ ਕਿ ਉਸ ਦਾ ਬਾਪ ਧੌਲੀ ਦਾੜ੍ਹੀ ਵਾਲ਼ਾ ਹੋਵੇ ਕਿਉਂਕਿ ਨਵੇਂ ਆਏ ਅਧਿਆਪਕ ਅਤੇ ਅਣਜਾਣ ਲੋਕ ਉਸਦੇ ਪਿਓ ਕਰਤਾਰ ਸਿੰਘ ਨੂੰ ਉਸ ਦਾ ਵੱਡਾ ਭਰਾ ਹੀ ਸਮਝ ਲੈਂਦੇ ਸਨ। ਇਹ ਉਸ ਨੂੰ ਚੰਗਾ ਨਹੀਂ ਲੱਗਦਾ ਸੀ।
ਅਮਰੀਕ ਦੇ ਦਾਦੇ ਨੇ ਗਹਿਣੇ ਪਈ ਆਪਣੀ ਪੈਲੀ ਨੂੰ ਕਿਵੇਂ ਛੁਡਾਇਆ?
ਅਮਰੀਕ ਦਾ ਦਾਦਾ ਕਰਜ਼ੇ ਹੇਠ ਦੱਬੇ ਜਾਣ ਪਿੱਛੋਂ ਜ਼ਮੀਨ ਦੇ ਗਹਿਣੇ ਪੈਣ ਕਰਕੇ ਸਿੰਘਾਪੁਰ ਚਲਾ ਗਿਆ ਤੇ ਉੱਥੇ ਜਾ ਕੇ ਕਮਾਈ ਕਰ ਕੇ ਉਸ ਨੇ ਹੌਲ਼ੀ-ਹੌਲ਼ੀ ਆਪਣੀ ਗਹਿਣੇ ਪਈ ਜ਼ਮੀਨ ਨੂੰ ਛੁਡਵਾ ਲਿਆ।
ਅਮਰੀਕ ਸਿੰਘ ਨੂੰ ਘਰਦਿਆਂ ਨਾਲ਼ ਕਿਸ ਗੱਲ ਦਾ ਇਤਰਾਜ਼ ਸੀ?
ਅਮਰੀਕ ਸਿੰਘ ਨੂੰ ਘਰਦਿਆਂ ਨਾਲ਼ ਇਸ ਗੱਲ ਦਾ ਇਤਰਾਜ਼ ਸੀ ਕਿ ਉਨ੍ਹਾਂ ਉਸ ਤੋਂ ਆਪਣੇ ਪਿਓ ਦੁਆਰਾ ਕੀਤੇ ਵੈਲ ਅਤੇ ਬਹੁਤ ਸਾਰੀਆਂ ਮਾੜੀਆਂ ਗੱਲਾਂ (ਜ਼ਮੀਨ ਗਹਿਣੇ ਹੋਣਾ, ਕਰਜ਼ਾ) ਲੁਕਾ ਕੇ ਰੱਖੀਆਂ ਸਨ।
ਕਰਤਾਰ ਸਿੰਘ ਦਾ ਚਰਿੱਤਰ ਚਿਤਰਨ ਕਰੋ।
ਕਰਤਾਰ ਸਿੰਘ ‘ਅੰਗ-ਸੰਗ' ਕਹਾਣੀ ਦਾ ਮੁੱਖ ਪਾਤਰ ਹੈ। ਉਹ ਕਈ ਪ੍ਰਕਾਰ ਦੇ ਨਸ਼ੇ ਕਰਦਾ ਹੈ ਅਤੇ ਸ਼ਿਕਾਰ ਖੇਡਦਾ ਹੈ। ਆਪਣੇ ਨਸ਼ਿਆਂ ਲਈ ਉਸ ਨੇ ਬਹੁਤ ਸਾਰੀ ਜ਼ਮੀਨ ਵੀ ਗਹਿਣੇ ਕਰ ਦਿੱਤੀ ਸੀ। ਉਹ ਇੱਕ ਗੈਰ ਜ਼ਿੰਮੇਵਾਰ ਵਿਅਕਤੀ ਹੈ। ਉਸ ਨੇ ਜਿਉਂਦੇ ਜੀਅ ਰਹਿ ਕੇ ਆਪਣੇ ਪਰਿਵਾਰ ਨੂੰ ਸੰਕਟ ਵਿੱਚ ਪਾ ਦਿੱਤਾ ਹੈ।
ਵਸਤੁਨਿਸ਼ਠ ਪ੍ਰਸ਼ਨ
‘ਅੰਗ-ਸੰਗ' ਕਹਾਣੀ ਦਾ ਲੇਖਕ ਕੌਣ ਹੈ?
ਵਰਿਆਮ ਸਿੰਘ ਸੰਧੂ।
ਕਰਤਾਰ ਸਿੰਘ ਦੇ ਕੁੱਲ ਕਿੰਨੇ ਬੱਚੇ ਸਨ?
ਪੰਜ।
ਪਰਿਵਾਰ ਵਿੱਚ ਸਭ ਤੋਂ ਵੱਡੇ ਮੁੰਡੇ ਦਾ ਕੀ ਨਾਂ ਹੈ?
ਅਮਰੀਕ ਸਿੰਘ।
ਕਰਤਾਰ ਸਿੰਘ ਦਾ ਪਿਓ ਕਿੱਥੇ ਕੰਮ ਕਰਦਾ ਸੀ?
ਸਿੰਘਾਪੁਰ।
ਕਰਤਾਰ ਸਿੰਘ ਕੋਲ ਕੁੱਲ ਕਿੰਨੀ ਜ਼ਮੀਨ ਸੀ?
ਦਸ ਕਿੱਲੇ।
ਕਰਤਾਰ ਸਿੰਘ ਨੇ ਘਰੋਂ ਪਤੀਲਾ ਚੁੱਕ ਕੇ ਕਿੱਥੇ ਵੇਚ ਦਿੱਤਾ ਸੀ?
ਚੈਂਚਲ ਕਲੀ ਵਾਲ਼ੇ ਕੋਲ਼।
ਮੱਖਣ ਸੁੰਹ ਤੋਂ ਕਰਤਾਰ ਸਿੰਘ ਨੇ ਕਿੰਨਾ ਕਰਜ਼ਾ ਲਿਆ ਸੀ?
ਪੰਜ ਸੌ ਰੁਪਏ।
ਮੌਤ ਸਮੇਂ ਕਰਤਾਰ ਸਿੰਘ ਦੀ ਉਮਰ ਕਿੰਨੀ ਸੀ?
45 ਸਾਲ।
ਵੰਨਗੀ (ਕਹਾਣੀ-ਭਾਗ) - ਸੰਪੂਰਨ ਪ੍ਰਸ਼ਨ-ਉੱਤਰ (ਭਾਗ-2)
4. ਬੰਮ ਬਹਾਦਰ (ਗੁਰਬਖ਼ਸ਼ ਸਿੰਘ)
ਸੰਖੇਪ ਉੱਤਰ ਵਾਲ਼ੇ ਪ੍ਰਸ਼ਨ
ਬੰਮ ਨੂੰ ਮਾਤਾ ਦੀਨ ਨਾਲ਼ ਕਿਸ ਗੱਲੋਂ ਈਰਖਾ ਸੀ?
ਬੰਮ ਨੂੰ ਮਾਤਾਦੀਨ ਨਾਲ਼ ਈਰਖਾ ਸੀ, ਕਿਉਂਕਿ ਉਹ ਉਸ ਦੇ ਰਾਤਬ ਵਿਚੋਂ ਚੋਰੀ ਕਰਦਾ ਸੀ ਤੇ ਉਸ ਤੋਂ ਉਸ ਦੇ ਹੱਕ ਖੋਹ ਰਿਹਾ ਸੀ। ਜਦੋਂ ਮਹਾਰਾਜ ਦੇ ਸ਼ਿਕਾਰ ਖੇਡਣ ਜਾਣ ਲਈ ਮਾਤਾਦੀਨ ਨੇ ਬੰਮ ਦੀ ਥਾਂ ਕਿਸੇ ਹੋਰ ਹਾਥੀ ਨੂੰ ਭੇਜ ਦਿੱਤਾ ਤਾਂ, ਬੰਮ ਦਾ ਗੁੱਸਾ ਅਤੇ ਈਰਖਾ ਫੁੱਟ ਪਿਆ ਅਤੇ ਉਸ ਨੇ ਮਾਤਾਦੀਨ ਨੂੰ ਕੁਚਲ ਕੇ ਮਾਰ ਦਿੱਤਾ।
ਮਹਾਰਾਣੀ ਨੂੰ ਮਹਿਲਾਂ ਦੇ ਦਰਾਂ ਤੇ ਲਿਆਉਣ ਸਮੇਂ, ਬੰਮ ਬਹਾਦਰ ਨੇ ਕਿਹੋ-ਜਿਹਾ ਵਿਹਾਰ ਪ੍ਰਗਟਾਇਆ?
ਮਹਾਰਾਣੀ ਨੂੰ ਮਹਿਲਾਂ ਦੇ ਦਰਾਂ ਵਿਚ ਲਿਆਉਣ ਸਮੇਂ ਬੰਮ ਬਹਾਦਰ ਨੇ ਬਹੁਤ ਵਧੀਆ ਵਿਹਾਰ ਪ੍ਰਗਟ ਕੀਤਾ। ਉਹ ਇੱਕ ਚੰਗੇ ਸਿਪਾਹੀ ਤੋਂ ਵੀ ਵੱਧ ਚੇਤੰਨ ਸੀ। ਉਹ ਝੂਮਦਾ-ਝਾਮਦਾ, ਲਟਕਦਾ-ਮਟਕਦਾ ਆਪਣੇ ਸ਼ਾਹੀ ਭਾਰ ਨੂੰ ਚੁੱਕ ਕੇ ਮਹਿਲਾਂ ਦੇ ਦਰਾਂ ਉੱਤੇ ਲੈ ਆਇਆ। ਜਲੂਸ ਵਿਚ ਕੋਈ ਵੀ ਉਸ ਦੇ ਵਿਹਾਰ ਵਿੱਚ ਗ਼ਲਤੀ ਨਾ ਕੱਢ ਸਕਿਆ।
ਮਹਾਰਾਜ ਤੇ ਮਹਾਰਾਣੀ ਦਾ ਬੰਮ ਬਹਾਦਰ ਪ੍ਰਤਿ ਕਿਹੋ-ਜਿਹਾ ਵਤੀਰਾ ਸੀ?
ਮਹਾਰਾਜ ਤੇ ਮਹਾਰਾਣੀ ਦਾ ਬੰਮ ਬਹਾਦਰ ਪ੍ਰਤੀ ਵਰਤਾਓ ਬਹੁਤ ਹੀ ਪਿਆਰ ਭਰਪੂਰ ਤੇ ਹਮਦਰਦੀ ਵਾਲ਼ਾ ਸੀ। ਮਹਾਰਾਜ ਬੰਮ ਨੂੰ ਹਰ ਜਲਸੇ ਦਾ ਸ਼ਿੰਗਾਰ ਬਣਾਉਂਦੇ ਸਨ, ਕਿਉਂਕਿ ਉਹ ਜਾਣਦੇ ਸਨ ਕਿ ਬੰਮ ਤਮਾਸ਼ਬੀਨ ਹੈ। ਮਹਾਰਾਣੀ ਦਾ ਵੀ ਬੰਮ ਪ੍ਰਤੀ ਵਿਹਾਰ ਬਹੁਤ ਹੀ ਪਿਆਰ ਅਤੇ ਅਪਣੱਤ ਨਾਲ਼ ਭਰਿਆ ਸੀ। ਉਹ ਉਸ ਨੂੰ ਹਫਤੇ ਵਿਚ ਇਕ ਜਾਂ ਦੋ ਵਾਰੀ ਜਰੂਰ ਮਿਲ਼ਣ ਲਈ ਜਾਂਦੀ ਸੀ। ਉਹ ਬੰਮ ਲਈ ਲੱਡੂ ਜਾਂ ਪਰਾਉਂਠੇ ਬਣਾ ਕੇ ਲੈ ਕੇ ਜਾਂਦੀ, ਜਿਹਨਾਂ ਨੂੰ ਬੰਮ ਬੜੇ ਚਾਅ ਨਾਲ਼ ਖਾਂਦਾ ਸੀ।
ਬੰਮ ਬਹਾਦਰ ਨੇ ਪੈਰਾਂ ਦੇ ਸੰਗਲ਼ ਤੋੜ ਕੇ ਕੀ ਤਬਾਹੀ ਕੀਤੀ?
ਰਾਤਬ ਦੀ ਚੋਰੀ ਕਾਰਨ ਗੁੱਸੇ ਨਾਲ਼ ਭਰੇ ਬੰਮ ਬਹਾਦਰ ਨੇ ਮਾਤਾਦੀਨ ਨੂੰ ਪੈਰਾਂ ਨਾਲ਼ ਕੁਚਲ ਦਿੱਤਾ ਅਤੇ ਸੰਗਲ ਤੁੜਾ ਕੇ ਸਿੱਧਾ ਮਾਤਾਦੀਨ ਦੇ ਬਾਗ਼ ਵਿਚ ਪੁੱਜ ਕੇ ਬਾਗ਼ ਦੇ ਸਾਰੇ ਬੂਟੇ ਪੁੱਟ ਸੁੱਟੇ ਤੇ ਉੱਗਿਆ ਸਭ ਕੁੱਝ ਰੋਲ ਦਿੱਤਾ। ਮਾਤਾਦੀਨ ਦੇ ਬਾਲ-ਬੱਚੇ ਘਰ ਖ਼ਾਲੀ ਕਰ ਕੇ ਨੱਠ ਗਏ। ਬੰਮ ਨੇ ਉਨ੍ਹਾਂ ਦੀ ਕੋਠੜੀ ਢਾਹ ਕੇ ਖੋਲਾ ਬਣਾ ਦਿੱਤੀ। ਫਿਰ ਉਸ ਨੇ ਇਕ ਛੱਪੜ ਵਿਚੋਂ ਆਪਣੀ ਸੁੰਡ ਵਿਚ ਗੰਦਾ ਪਾਣੀ ਭਰ ਲਿਆ ਤੇ ਜਿਹੜਾ ਵੀ ਉਸ ਦੇ ਰਸਤੇ ਵਿਚ ਆਉਂਦਾ ਸੀ, ਉਹ ਪਾਣੀ ਦੀ ਵਾਛੜ ਸੁੱਟ ਕੇ ਉਸ ਨੂੰ ਡਰਾ ਦਿੰਦਾ ਸੀ।
ਨਰਾਜ਼ ਹੋਏ ਬੰਮ ਬਹਾਦਰ ਨੂੰ ਮਹਾਰਾਣੀ ਨੇ ਆਪਣੇ ਵੱਸ ਵਿਚ ਕਿਵੇਂ ਕੀਤਾ?
ਮਹਾਰਾਣੀ ਗੁੱਸੇ ਨਾਲ਼ ਬੇਕਾਬੂ ਹੋਏ ਬੰਮ ਦੇ ਰਸਤੇ ਵਿਚ ਪਹੁੰਚ ਗਈ। ਉਸ ਨੇ ਕਪਤਾਨ ਨੂੰ ਕਿਹਾ ਕਿ ਉਹ ਆਪਣਾ ਦਸਤਾ ਤਿਆਰ ਰੱਖੇ, ਪਰ ਜਿੰਨਾ ਚਿਰ ਉਹ ਹੱਥ ਚੁੱਕ ਕੇ ਇਸ਼ਾਰਾ ਨਾ ਕਰੇ, ਗੋਲੀ ਨਾ ਚਲਾਈ ਜਾਵੇ। ਆਪਣੇ ਵੱਲ ਤਈਆਂ ਬੰਦੂਕਾਂ ਦੇਖ ਕੇ ਬੰਮ ਮੋਟਰ ਵੱਲ ਦੌੜਿਆ ਅਤੇ ਮਹਾਰਾਣੀ ਉਸ ਵੱਲ ਦੌੜ ਪਈ। ਬੰਮ ਮਹਾਰਾਣੀ ਤੋਂ ਪੰਜਾਹ ਗਜ਼ ਦੀ ਵਿੱਥ ਉੱਤੇ ਖੜ੍ਹਾ ਹੋ ਗਿਆ। ਮਹਾਰਾਣੀ ਨੂੰ ਬੰਮ ਨੇ ਸੁੰਡ ਚੁੱਕ ਕੇ ਸਲਾਮੀ ਦਿੱਤੀ। ਮਹਾਰਾਣੀ ਨੇ ਹੱਥ ਜੋੜੇ, ਪਰ ਬੰਮ ਨੇ ਆਪਣੀ ਸੁੰਡ ਦੇ ਗੰਦੀ ਹੋਣ ਕਾਰਨ ਉਸ ਦੇ ਹੱਥਾਂ ਨੂੰ ਨਾ ਛੋਹਿਆ। ਇਸ ਪਿੱਛੋਂ ਮਹਾਰਾਣੀ ਉਸ ਨਾਲ਼ ਗੱਲਾਂ ਕਰਦੀ ਰਹੀ ਤੇ ਉਸ ਨੇ ਉਸ ਦੇ ਪੈਰਾਂ ਦੁਆਲੇ ਚੱਕਰ ਕੱਢ ਕੇ ਉਸ ਦੀ ਹਰ ਗੱਲ ਨੂੰ ਸਵੀਕਾਰ ਕੀਤਾ। ਇਸ ਤਰ੍ਹਾਂ ਪਿਆਰ ਨਾਲ਼ ਮਹਾਰਾਣੀ ਨੇ ਬੰਮ ਨੂੰ ਆਪਣੇ ਵੱਸ ਵਿਚ ਕਰ ਲਿਆ।
“ਤੇਰੀ ਸੁੱਚੀ ਹੈਵਾਨੀਅਤ ਨੂੰ ਚੋਰ ਇਨਸਾਨੀਅਤ ਦੀਆਂ ਸਾਜ਼ਸ਼ਾਂ ਤੋਂ ਮੈਂ ਬਚਾ ਕੇ ਰੱਖਾਂਗੀ।" ਮਹਾਰਾਣੀ ਦੇ ਇਨ੍ਹਾਂ ਸ਼ਬਦਾਂ ਤੋਂ ਕੀ ਭਾਵ ਹੈ?
ਮਹਾਰਾਣੀ ਦਾ ਇਨ੍ਹਾਂ ਸ਼ਬਦਾਂ ਤੋਂ ਭਾਵ ਸੀ ਕਿ ਮਾਤਾਦੀਨ ਵਰਗੇ ਬੰਦਿਆਂ ਅੰਦਰ ਵਸਦੀ ਚੋਰ ਹੈਵਾਨੀਅਤ ਤੋਂ ਉਹ ਬੰਮ ਦੇ ਅੰਦਰ ਵਸਦੀ ਪਿਆਰ ਦੀ ਸੱਚੀ ਭੁੱਖ ਅਤੇ ਇਨਸਾਨੀਅਤ ਨੂੰ ਬਚਾ ਕੇ ਰੱਖੇਗੀ ਤੇ ਕਿਸੇ ਨੂੰ ਉਸ ਨਾਲ਼ ਜ਼ਿਆਦਤੀ ਨਹੀਂ ਕਰਨ ਦੇਵੇਗੀ।
ਮਹਾਰਾਣੀ ਦੇ ਸੰਪਰਕ ਵਿਚ ਆਉਣ ਨਾਲ਼ ਬੰਮ ਦੇ ਵਤੀਰੇ ਵਿਚ ਕੀ ਤਬਦੀਲੀ ਆਈ?
ਮਹਾਰਾਣੀ ਦੇ ਸੰਪਰਕ ਵਿਚ ਆਉਣ ਮਗਰੋਂ ਬੰਮ ਦੇ ਵਤੀਰੇ ਵਿੱਚ ਇੱਕ ਦਮ ਤਬਦੀਲੀ ਆ ਗਈ। ਜੋ ਬੰਮ ਗੁੱਸੇ ਵਿਚ ਪਾਗਲ ਹੋਇਆ ਤਬਾਹੀ ਮਚਾ ਰਿਹਾ ਸੀ ਉਹ ਮਹਾਰਾਣੀ ਦੇ ਆਪਣੇ ਨਾਲ਼ ਸੁੱਚੇ ਤੇ ਅਪਣੱਤ ਭਰੇ ਪਿਆਰ ਕਰਕੇ ਸ਼ਾਂਤ ਹੋ ਗਿਆ। ਉਸ ਨੇ ਮਹਾਰਾਣੀ ਪ੍ਰਤੀ ਆਪਣੇ ਪਿਆਰ ਤੇ ਸਤਿਕਾਰ ਨੂੰ ਪ੍ਰਗਟ ਕਰਨ ਲਈ ਉਸ ਨੂੰ ਸਲਾਮੀ ਦਿੱਤੀ। ਉਸ ਨੇ ਮਹਾਰਾਣੀ ਦੀ ਹਰ ਗੱਲ ਨੂੰ ਕਬੂਲ ਕਰਦਿਆਂ ਆਪਣੀ ਸੁੰਡ ਨਾਲ਼ ਉਸ ਦੇ ਪੈਰਾਂ ਦੁਆਲ਼ੇ ਚੱਕਰ ਕੱਢ ਕੇ ਹਾਂ ਵਿੱਚ ਜਵਾਬ ਦਿੱਤਾ।
ਵਸਤੁਨਿਸ਼ਠ ਪ੍ਰਸ਼ਨ
‘ਬੰਮ ਬਹਾਦਰ' ਕਹਾਣੀ ਦਾ ਲੇਖਕ ਕੌਣ ਹੈ?
ਗੁਰਬਖ਼ਸ਼ ਸਿੰਘ।
ਹਾਥੀਖ਼ਾਨੇ ਦਾ ਮਹੰਤ ਕੌਣ ਹੈ?
ਮਾਤਾ ਦੀਨ।
ਬੰਮ ਬਹਾਦਰ ਮਹੰਤ ਦੀਆਂ ਕਿਹੜੀਆਂ ਗੱਲਾਂ ਤੋਂ ਖ਼ਫ਼ਾ ਸੀ?
ਰਾਤਬ ਚੋਰੀ ਅਤੇ ਹੱਕ ਖੋਹਣ ਤੋਂ।
ਮਹਾਰਾਜ ਕਿੱਥੋਂ ਵਿਆਹ ਕਰਵਾ ਕੇ ਆਏ ਸਨ?
ਉਦੈਪੁਰ ਤੋਂ।
ਮਹਾਰਾਣੀ ਪਹਿਲੀ ਵਾਰੀ ਬੰਮ ਬਹਾਦਰ ਨੂੰ ਮਿਲਣ ਲਈ ਕੀ ਬਣਵਾ ਕੇ ਲੈ ਗਈ?
ਦਸ ਸੇਰ ਲੱਡੂ।
ਬੰਮ ਬਹਾਦਰ ਮਹਾਰਾਣੀ ਨੂੰ ਸਲਾਮੀ ਕਿਸ ਤਰ੍ਹਾਂ ਦਿੰਦਾ ਸੀ?
ਸੁੰਡ ਉੱਪਰ ਚੁੱਕ ਕੇ।
ਬੰਮ ਮਹਾਰਾਣੀ ਦੇ ਸਾਹਮਣੇ ਕੀ ਬਣ ਜਾਂਦਾ ਸੀ?
ਬਾਲਕ।
ਬੰਮ ਨੇ ਗੁੱਸੇ ਵਿਚ ਆ ਕੇ ਕਿਸ ਨੂੰ ਮਾਰ ਦਿੱਤਾ?
ਮਾਤਾਦੀਨ ਨੂੰ।
ਬੰਮ ਨੇ ਸੰਗਲ ਤੁੜਾ ਕੇ ਕਿਹੜੀ ਥਾਂ ਉਜਾੜੀ?
ਮਾਤਾਦੀਨ ਦਾ ਬਾਗ਼।
ਮਹਾਰਾਣੀ ਨੇ ਮਾਤਾਦੀਨ ਦੇ ਬੱਚਿਆਂ ਦੇ ਘਰ ਬਣਵਾਉਣ ਲਈ ਬੰਮ ਨੂੰ ਕੀ ਜੁਰਮਾਨਾ ਲਾਇਆ?
ਅੱਧੇ ਰਾਤਬ ਦਾ।
5. ਬਾਗ਼ੀ ਦੀ ਧੀ (ਗੁਰਮੁਖ ਸਿੰਘ ਮੁਸਾਫ਼ਿਰ)
ਸੰਖੇਪ ਉੱਤਰ ਵਾਲ਼ੇ ਪ੍ਰਸ਼ਨ
“ਮੇਰੇ ਲਈ ਇੱਕੋ ਗੱਲ ਹੈ। ਥਾਣਿਆਂ ਦੀਆਂ ਹਵਾਲਾਤਾਂ ਵਿੱਚ ਵੀ ਬਥੇਰੀਆਂ ਪੱਸਲੀਆਂ ਘਸਾਈਆਂ ਹਨ।” ਕਿਸ਼ਨ ਸਿੰਘ ਨੇ ਇਹ ਸ਼ਬਦ ਕਿਉਂ ਕਹੇ?
ਇਹ ਸ਼ਬਦ ਕਿਸ਼ਨ ਸਿੰਘ ਨੇ ਗ੍ਰਿਫ਼ਤਾਰ ਕਰਨ ਆਏ ਥਾਣੇਦਾਰ ਨੂੰ ਉਸ ਸਮੇਂ ਕਹੇ ਜਦੋਂ ਉਹ ਦੇਰ ਕਰਨ ਕਰਕੇ ਕਿਸ਼ਨ ਸਿੰਘ ਨੂੰ ਹਵਾਲਾਤ ਵਿੱਚ ਰਾਤ ਗੁਜ਼ਾਰਨ ਦਾ ਡਰ ਦੇ ਰਿਹਾ ਸੀ। ਜਿੱਥੇ ਕੈਦੀ ਨੂੰ ਜੇਲ੍ਹ ਵਾਲ਼ੀ ਕੋਈ ਸਹੂਲਤ ਨਹੀਂ ਮਿਲ਼ਦੀ। ਇਨ੍ਹਾਂ ਸ਼ਬਦਾਂ ਦੁਆਰਾ ਕਿਸ਼ਨ ਸਿੰਘ ਨੇ ਥਾਣੇਦਾਰ ਨੂੰ ਕਿਹਾ ਕਿ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਉਸ ਨੇ ਜੇਲ੍ਹਾਂ ਵੀ ਕੱਟੀਆਂ ਹਨ ਤੇ ਹਵਾਲਾਤਾਂ ਦੇ ਦੁੱਖ ਵੀ ਸਹੇ ਹਨ।
ਪੁਲਿਸ ਇੰਸਪੈੱਕਟਰ ਨਾਲ਼ ਜਾਣ ਸਮੇਂ ਕਿਸ਼ਨ ਸਿੰਘ ਦਾ ਧਿਆਨ ਕਿਸ ਵੱਲ ਸੀ ਤੇ ਕਿਉਂ?
ਉਸ ਸਮੇਂ ਕਿਸ਼ਨ ਸਿੰਘ ਦਾ ਧਿਆਨ ਆਪਣੀ ਬਿਮਾਰ ਪਈ ਧੀ ਵੱਲ ਸੀ। ਉਸ ਦੀ ਪਤਨੀ ਸ਼ਰਨ ਕੌਰ ਵੀ ਘਰ ਨਹੀਂ ਸੀ। ਉਸ ਦੀ ਬੇਟੀ ਲਾਜ ਨੂੰ ਤਪਦਿਕ ਦਾ 102° ਬੁਖ਼ਾਰ ਸੀ। ਇਸ ਕਰਕੇ ਹੀ ਉਹ ਪ੍ਰੇਸ਼ਾਨ ਸੀ।
ਪਿਤਾ ਦੇ ਜੇਲ੍ਹ ਜਾਣ 'ਤੇ ਲਾਜ ਨੇ ਆਪਣੀ ਭੂਆ ਵੀਰਾਂ ਵਾਲੀ ਨੂੰ ਕੀ ਕਿਹਾ?
ਪਿਤਾ ਦੇ ਜੇਲ੍ਹ ਜਾਣ ਸਮੇਂ ਲਾਜ ਨੇ ਆਪਣੀ ਭੂਆ ਨੂੰ ਕਿਹਾ ਕਿ ਰਾਜ਼ੀ ਹੋ ਕੇ ਉਹ ਵੀ ਆਪਣੇ ਪਿਤਾ ਕੋਲ਼ ਜੇਲ੍ਹ ਚਲੀ ਜਾਵੇਗੀ। ਉਸ ਨੇ ਕਿਹਾ ਕਿ ਆਪਣੇ ਮੁਲਕ ਲਈ ਜੇਲ੍ਹ ਜਾਣਾ ਕੋਈ ਮਾੜੀ ਗੱਲ ਨਹੀਂ। ਉਸ ਨੇ ਪਿਤਾ ਜੀ ਨੂੰ ਕਿਹਾ ਕਿ ਉਹ ਭੂਆ ਜੀ ਨੂੰ ਦੱਸਣ ਕਿ ਸ਼ਹੀਦ ਹੋਣ ਸਮੇਂ ਸਾਹਿਬਜ਼ਾਦਿਆਂ ਦੀ ਉਮਰ ਕਿੰਨੀ ਸੀ। ਉਹ ਛੋਟੀ ਉਮਰ ਵਿੱਚ ਸ਼ਹੀਦ ਹੋ ਗਏ ਸਨ, ਕੀ ਉਹ ਜੇਲ੍ਹ ਵੀ ਨਹੀਂ ਜਾ ਸਕਦੀ।
ਵੀਰਾਂ ਵਾਲੀ ਦੀ ਮੌਤ ਦਾ ਕੀ ਕਾਰਨ ਸੀ?
ਕਿਸ਼ਨ ਸਿੰਘ ਦੇ ਜੇਲ੍ਹ ਜਾਣ ਤੋਂ ਬਾਅਦ ਉਹ ਆਪਣੀ ਭਤੀਜੀ ਲਾਜ ਦੀ ਦੇਖਭਾਲ ਦੀ ਜ਼ੁੰਮੇਵਾਰੀ ਨਹੀਂ ਨਿਭਾ ਸਕੀ। ਆਪਣੇ ਪਤੀ ਹੁਸ਼ਨਾਕ ਸਿੰਘ ਦੇ ਸਖ਼ਤ ਵਿਹਾਰ ਕਾਰਨ ਉਹ ਭਤੀਜੀ ਨੂੰ ਇਕੱਲਿਆਂ ਛੱਡ ਕੇ ਚਲੀ ਗਈ। ਭਰਾ ਦੇ ਲਾਜ ਬਾਰੇ ਪੁੱਛਣ 'ਤੇ ਉਸ ਨੂੰ ਡੂੰਘੀ ਸੱਟ ਵੱਜੀ। ਭਰਾ ਦੀ ਅਮਾਨਤ ਵਿੱਚ ਖ਼ਿਆਨਤ ਦਾ ਸਦਮਾ ਉਹ ਸਹਾਰ ਨਹੀਂ ਸਕੀ ਅਤੇ ਉਸ ਦੀ ਮੌਤ ਹੋ ਗਈ।
ਹੁਸ਼ਨਾਕ ਸਿੰਘ ਆਪਣੇ ਸਾਲੇ ਦੀ ਧੀ ਲਾਜ ਨੂੰ ਆਪਣੇ ਘਰ ਵਿੱਚ ਕਿਉਂ ਨਹੀਂ ਸੀ ਰੱਖਣਾ ਚਾਹੁੰਦਾ?
ਹੁਸ਼ਨਾਕ ਸਿੰਘ ਅੰਗਰੇਜ਼ੀ ਸੈਨਾ ਵਿੱਚ ਇੱਕ ਫ਼ੌਜੀ ਸੀ ਅਤੇ ਜਲਦ ਹੀ ਉਸ ਨੂੰ ਆਪਣੀ ਤਰੱਕੀ ਹੋ ਕੇ ਸੂਬੇਦਾਰ ਮੇਜਰ ਬਣਨ ਦੀ ਆਸ ਸੀ। ਉਸ ਨੂੰ ਡਰ ਸੀ ਕਿ ਜੇ ਸਰਕਾਰ ਨੂੰ ਇਹ ਪਤਾ ਲੱਗ ਗਿਆ ਕਿ ਉਸ ਦੇ ਰਿਸ਼ਤੇਦਾਰ ਬਾਗ਼ੀ ਹਨ ਅਤੇ ਉਹਨਾਂ ਦੀ ਧੀ ਉਸ ਦੇ ਘਰ ਰਹਿ ਰਹੀ ਹੈ ਤਾਂ ਉਸ ਦੀ ਤਰੱਕੀ ਰੁੱਕ ਜਾਵੇਗੀ।
ਕਿਸ਼ਨ ਸਿੰਘ ਨੇ ਬੀਬੀਆਂ ਨੂੰ ਜੇਲ੍ਹ ਅੰਦਰ ਝੰਡਾ ਨਾ ਲਹਿਰਾਉਣ ਬਾਰੇ ਕਿਵੇਂ ਸਮਝਾਇਆ?
ਕਿਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਝੰਡੇ ਪ੍ਰਤੀ ਆਪਣਾ ਕਾਫ਼ੀ ਵਿਸ਼ਵਾਸ ਪ੍ਰਗਟ ਕਰ ਲਿਆ ਹੈ। ਜੇਕਰ ਉਹਨਾਂ ਬੈਰਕ ਵਿੱਚ ਝੰਡਾ ਲਾ ਵੀ ਦਿੱਤਾ ਤਾਂ ਕਰਮਚਾਰੀ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰਨ ਤੋਂ ਬਾਅਦ ਝੰਡੇ ਦਾ ਅਪਮਾਨ ਕਰਨਗੇ ਅਤੇ ਪਾੜ ਦੇਣਗੇ। ਇਸ ਲਈ ਉਹ ਇਹ ਝਗੜਾ ਛੱਡ ਕੇ ਝੰਡਾ ਅਦਬ ਨਾਲ਼ ਕਾਂਗਰਸ ਦੇ ਦਫ਼ਤਰ ਪਹੁੰਚਾ ਦੇਣ।
ਆਪਣੇ ਪਿਤਾ ਕਿਸ਼ਨ ਸਿੰਘ ਦੇ ਜੇਲ੍ਹ ਜਾਣ ਤੋਂ ਪਹਿਲਾਂ ਬਿਮਾਰ ਪਈ ਲਾਜ ਨੇ ਕੀ ਸ਼ਬਦ ਕਹੇ ?
ਲਾਜ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਉਸ ਦਾ ਫ਼ਿਕਰ ਨਾ ਕਰਨ। ਉਸ ਨੇ ਕਿਹਾ ਕਿ ਜੇਕਰ ਉਹ ਬਿਮਾਰ ਨਾ ਹੁੰਦੀ ਤਾਂ ਉਹ ਵੀ ਜ਼ਰੂਰ ਜੇਲ੍ਹ ਚਲੀ ਜਾਂਦੀ। ਲਾਜ ਆਪਣੇ-ਆਪ ਨੂੰ ਕੋਸਦੀ ਹੈ ਕਿ ਉਹ ਆਪਣੇ ਪਿਤਾ ਦੇ ਜੇਲ੍ਹ ਜਾਣ ਵਿੱਚ ਰੁਕਾਵਟ ਬਣੀ ਹੋਈ ਹੈ।
ਵਸਤੁਨਿਸ਼ਠ ਪ੍ਰਸ਼ਨ
‘ਬਾਗ਼ੀ ਦੀ ਧੀ' ਕਹਾਣੀ ਦਾ ਲੇਖਕ ਕੌਣ ਹੈ?
ਗੁਰਮੁਖ ਸਿੰਘ ਮੁਸਾਫ਼ਿਰ।
‘ਬਾਗ਼ੀ ਦੀ ਧੀ' ਕਹਾਣੀ ਦਾ ਮੁੱਖ ਪਾਤਰ ਕੌਣ ਹੈ?
ਕਿਸ਼ਨ ਸਿੰਘ।
ਹੁਸ਼ਨਾਕ ਸਿੰਘ ਕੌਣ ਸੀ?
ਵੀਰਾਂ ਵਾਲੀ ਦਾ ਪਤੀ।
ਬਾਗ਼ੀ ਦੀ ਧੀ ਕੌਣ ਸੀ?
ਲਾਜ।
ਲਾਜ ਨੂੰ ਕਿਹੜੀ ਬਿਮਾਰੀ ਸੀ?
ਤਪਦਿਕ।
ਲਾਜ ਕਿਸ ਦੀ ਬੇਟੀ ਸੀ?
ਕਿਸ਼ਨ ਸਿੰਘ ਅਤੇ ਸ਼ਰਨ ਕੌਰ ਦੀ।
ਕਿਸ਼ਨ ਸਿੰਘ ਦੀ ਗ੍ਰਿਫ਼ਤਾਰੀ ਸਮੇਂ ਲਾਜ ਨੂੰ ਕਿੰਨਾ ਬੁਖ਼ਾਰ ਸੀ?
102°।
ਕੌਮੀ ਝੰਡਾ ਕਿਸ ਦੇ ਹੱਥ ਵਿੱਚ ਫੜਿਆ ਹੋਇਆ ਸੀ?
ਸ਼ਰਨ ਕੌਰ ਦੇ।
ਕਿਸ਼ਨ ਸਿੰਘ ਨੂੰ ਕੈਦ ਕਿੰਨੀ ਹੋਈ ਸੀ?
ਤਿੰਨ ਸਾਲ।
ਹੁਸ਼ਨਾਕ ਸਿੰਘ ਨੂੰ ਫ਼ੌਜ ਵਿਚ ਕੀ ਬਣਨ ਦੀ ਆਸ ਸੀ?
ਸੂਬੇਦਾਰ ਮੇਜਰ।
ਵੰਨਗੀ (ਕਹਾਣੀ-ਭਾਗ) - ਸੰਪੂਰਨ ਪ੍ਰਸ਼ਨ-ਉੱਤਰ (ਭਾਗ-3)
6. ਧਰਤੀ ਹੇਠਲਾ ਬਲ਼ਦ (ਕੁਲਵੰਤ ਸਿੰਘ ਵਿਰਕ)
ਸੰਖੇਪ ਉੱਤਰ ਵਾਲ਼ੇ ਪ੍ਰਸ਼ਨ
ਕਰਮ ਸਿੰਘ ਦਾ ਸੁਭਾਅ ਕਿਹੋ-ਜਿਹਾ ਸੀ?
ਕਰਮ ਸਿੰਘ ਬਰਮਾ ਵਿੱਚ ਜਪਾਨੀਆਂ ਵਿਰੁੱਧ ਲੜਦਾ ਹੋਇਆ ਮਾਰਿਆ ਗਿਆ। ਉਹ ਜ਼ੁਬਾਨ ਦਾ ਬਹੁਤ ਮਿੱਠਾ ਸੀ। ਉਹ ਬਹੁਤ ਹੀ ਪੱਕਾ ਨਿਸ਼ਾਨਚੀ, ਫੁਰਤੀਲਾ ਤੇ ਚੁਸਤ ਸਰੀਰ ਵਾਲ਼ਾ ਸੀ। ਉਹ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ਼ ਮੋਹ ਪਿਆਰ ਰੱਖਣ ਵਾਲ਼ਾ ਸੀ। ਉਹ ਸਵੇਰ ਵੇਲ਼ੇ ਦੇਰ ਨਾਲ਼ ਉੱਠਦਾ ਸੀ।
ਕਰਮ ਸਿੰਘ ਦੇ ਘਰਦਿਆਂ ਨੇ ਮਾਨ ਸਿੰਘ ਦੀ ਛੁੱਟੀ ਖ਼ਰਾਬ ਹੋਣ ਤੋਂ ਬਚਾਉਣ ਲਈ, ਉਸ ਨਾਲ਼ ਕਿਹੋ-ਜਿਹਾ ਵਿਹਾਰ ਕੀਤਾ?
ਕਰਮ ਸਿੰਘ ਦੇ ਘਰਦਿਆਂ ਨੇ ਮਾਨ ਸਿੰਘ ਦੀ ਛੁੱਟੀ ਖ਼ਰਾਬ ਹੋਣ ਤੋਂ ਬਚਾਉਣ ਲਈ ਕਰਮ ਸਿੰਘ ਦੀ ਮੌਤ ਦੀ ਖ਼ਬਰ ਨੂੰ ਉਸ ਤੋਂ ਛੁਪਾ ਕੇ ਰੱਖਿਆ, ਤਾਂ ਕਿ ਉਸ ਦੀ ਛੁੱਟੀ ਖ਼ਰਾਬ ਨਾ ਹੋਵੇ। ਮਾਨ ਸਿੰਘ ਜਦੋਂ ਕਰਮ ਸਿੰਘ ਦੀ ਬਹਾਦਰੀ ਬਾਰੇ ਉਹਨਾਂ ਨਾਲ਼ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਉਹ ਕਰਮ ਸਿੰਘ ਦੀ ਮੌਤ ਕਾਰਨ ਆਪਣੇ ਅੰਦਰਲੇ ਛੁਪੇ ਦੁੱਖ ਕਰਕੇ ਉਸ ਦੀ ਗੱਲਾਂ ਵਿੱਚ ਕੋਈ ਦਿਲਚਸਪੀ ਨਾ ਦਿਖਾ ਪਾਉਂਦੇ। ਮਾਨ ਸਿੰਘ ਨੂੰ ਇੱਕ ਵਾਰ ਤਾਂ ਇੰਝ ਲੱਗਾ ਕਿ ਉਹ ਉਸ ਦੇ ਆਉਣ 'ਤੇ ਖ਼ੁਸ਼ ਨਹੀਂ ਸਨ।
ਕਰਮ ਸਿੰਘ ਦੇ ਬਾਪੂ ਨੇ ਮਾਨ ਸਿੰਘ ਤੋਂ ਕਿਹੜੀ ਗੱਲ ਛੁਪਾਈ 'ਤੇ ਕਿਉਂ?
ਕਰਮ ਸਿੰਘ ਦੇ ਬਾਪੂ ਨੇ ਮਾਨ ਸਿੰਘ ਤੋਂ ਕਰਮ ਸਿੰਘ ਦੇ ਲੜਾਈ ਵਿੱਚ ਮਾਰੇ ਜਾਣ ਦੀ ਖ਼ਬਰ ਛੁਪਾਈ ਕਿਉਂਕਿ ਉਸ ਨੂੰ ਪਤਾ ਸੀ ਕਿ ਫ਼ੌਜੀ ਨੂੰ ਬਹੁਤ ਮੁਸ਼ਕਿਲ ਨਾਲ਼ ਛੁੱਟੀ ਮਿਲ਼ਦੀ ਹੈ, ਇਸ ਲਈ ਫ਼ੌਜੀ ਲਈ ਛੁੱਟੀ ਬਹੁਤ ਪਿਆਰੀ ਹੁੰਦੀ ਹੈ। ਉਹ ਇਸ ਦੁੱਖ ਭਰੀ ਖ਼ਬਰ ਨੂੰ ਦੱਸ ਕੇ ਮਾਨ ਸਿੰਘ ਦੀ ਛੁੱਟੀ ਖ਼ਰਾਬ ਨਹੀਂ ਕਰਨਾ ਚਾਹੁੰਦਾ ਸੀ।
ਮਾਨ ਸਿੰਘ ਆਪਣੇ ਮਿੱਤਰ ਕਰਮ ਸਿੰਘ ਦੀਆਂ ਰੱਜ ਕੇ ਗੱਲਾਂ ਕਰਨੀਆਂ ਕਿਉਂ ਚਾਹੁੰਦਾ ਸੀ?
ਮਾਨ ਸਿੰਘ ਆਪਣੇ ਮਿੱਤਰ ਕਰਮ ਸਿੰਘ ਦੀਆਂ ਰੱਜ ਕੇ ਗੱਲਾਂ ਇਸ ਲਈ ਕਰਨੀਆਂ ਚਾਹੁੰਦਾ ਸੀ ਕਿਉਂਕਿ ਉਹ ਪੱਕੇ ਮਿੱਤਰ ਸਨ ਅਤੇ ਉਸ ਨੂੰ ਆਪਣੇ ਮਿੱਤਰ ਦੀਆਂ ਪ੍ਰਾਪਤੀਆਂ 'ਤੇ ਮਾਣ ਸੀ। ਉਹ ਉਸ ਦੇ ਮਿੱਠੇਪਣ, ਪੱਕੇ ਨਿਸ਼ਾਨੇ ਅਤੇ ਫ਼ੌਜ ਵਿੱਚ ਪ੍ਰਾਪਤੀਆਂ ਬਾਰੇ ਰੱਜ ਕੇ ਗੱਲਾਂ ਕਰਨੀਆਂ ਚਾਹੁੰਦਾ ਸੀ।
“ਆਹ ਫੜ ਲੈ ਮੁੰਡੇ ਨੂੰ ਓਧਰ ਰੱਖ, ਰੋਟੀ ਤਾਂ ਖਾ ਲੈਣ ਦਿਆ ਕਰੋ, ਅਰਾਮ ਨਾਲ਼।” ਕਰਮ ਸਿੰਘ ਦੇ ਬਾਪੂ ਨੇ ਇਹ ਸ਼ਬਦ ਕਿਉਂ ਕਹੇ?
ਜਦੋਂ ਮਾਨ ਸਿੰਘ ਨੇ ਰੋਟੀ ਖਾਂਦਿਆਂ ਕਰਮ ਸਿੰਘ ਦੇ ਪੁੱਤਰ ਨੂੰ ਗੋਦੀ ਚੁੱਕ ਕੇ ਉਸ ਨੂੰ ਆਪਣੇ ਪਿਤਾ ਕੋਲ਼ ਜਾਣ ਬਾਰੇ ਕਿਹਾ, ਤਾਂ ਕਰਮ ਸਿੰਘ ਦੇ ਬਾਪੂ ਨੂੰ ਇਹ ਗੱਲ ਸੂਲ ਵਾਂਗ ਚੁੱਭੀ ਕਿਉਂਕਿ ਉਹ ਜਾਣਦਾ ਸੀ ਕਿ ਕਰਮ ਸਿੰਘ ਇਸ ਦੁਨੀਆਂ ਤੇ ਨਹੀਂ ਰਿਹਾ। ਇਸ ਲਈ ਉਸ ਨੇ ਗੱਲ ਦਾ ਰੁੱਖ਼ ਦੂਜੇ ਪਾਸੇ ਮੋੜਨ ਲਈ ਗੁੱਸੇ ਵਿੱਚ ਉਪਰੋਕਤ ਸ਼ਬਦ ਕਰਮ ਸਿੰਘ ਦੀ ਮਾਂ ਨੂੰ ਕਹੇ ਸਨ।
ਡਾਕੀਏ ਨੂੰ ਦੇਖ ਕੇ ਕਰਮ ਸਿੰਘ ਦੇ ਬਾਪੂ ਦੇ ਮਨ ਵਿੱਚ ਕੀ ਵਿਚਾਰ ਆਏ ?
ਡਾਕੀਏ ਨੂੰ ਮਾਨ ਸਿੰਘ ਕੋਲ਼ ਬੈਠੇ ਦੇਖ ਕੇ ਕਰਮ ਸਿੰਘ ਦੇ ਬਾਪੂ ਨੂੰ ਸਮਝ ਆ ਗਿਆ ਕਿ ਮਾਨ ਸਿੰਘ ਨੂੰ ਕਰਮ ਸਿੰਘ ਦੀ ਮੌਤ ਬਾਰੇ ਪਤਾ ਲੱਗ ਗਿਆ ਹੋਵੇਗਾ। ਇਸ ਕਰਕੇ ਹੁਣ ਇਸ ਭੇਦ ਨੂੰ ਛੁਪਾ ਕੇ ਰੱਖਣ ਦਾ ਅਤੇ ਦੁੱਖ ਦਾ ਬੋਝ ਹੋਰ ਚੁੱਕੀ ਰੱਖਣ ਦਾ ਕੋਈ ਫ਼ਾਇਦਾ ਨਹੀਂ। ਇਸ ਲਈ ਮਾਨ ਸਿੰਘ ਕੋਲ਼ ਆਉਂਦਿਆਂ ਹੀ ਉਸ ਦੇ ਅੱਥਰੂ ਵਹਿ ਤੁਰੇ।
ਮਾਨ ਸਿੰਘ ਨੇ ਕਰਮ ਸਿੰਘ ਦੇ ਬਾਪੂ ਨੂੰ ‘ਧਰਤੀ ਹੇਠਲਾ ਬਲ਼ਦ ਕਿਉਂ ਕਿਹਾ?
ਕਰਮ ਸਿੰਘ ਦੇ ਬਾਪੂ ਨੇ ਮੌਤ ਦੀ ਖ਼ਬਰ ਇਸ ਲਈ ਛੁਪਾਈ ਕਿ ਮਾਨ ਸਿੰਘ ਆਪਣੀ ਛੁੱਟੀ ਖ਼ਰਾਬ ਨਾ ਕਰੇ। ਜਦੋਂ ਮਾਨ ਸਿੰਘ ਨੂੰ ਇਸ ਭੇਦ ਬਾਰੇ ਪਤਾ ਲੱਗਾ, ਤਾਂ ਉਸ ਨੂੰ ਕਰਮ ਸਿੰਘ ਦਾ ਬਾਪ ‘ਧਰਤੀ ਹੇਠਲਾ ਬਲ਼ਦ’ ਪ੍ਰਤੀਤ ਹੋਇਆ, ਜੋ ਦੂਜਿਆਂ ਨੂੰ ਦੁੱਖਾਂ ਦੇ ਭਾਰ ਤੋਂ ਹੌਲ਼ਾ ਰੱਖਣ ਲਈ ਸਾਰਾ ਭਾਰ ਆਪ ਹੀ ਚੁੱਕਣ ਦੀ ਕੋਸ਼ਿਸ ਕਰਦਾ ਹੈ।
ਵਸਤੁਨਿਸ਼ਠ ਪ੍ਰਸ਼ਨ
‘ਧਰਤੀ ਹੇਠਲਾ ਬਲ਼ਦ' ਕਹਾਣੀ ਕਿਸ ਦੀ ਰਚਨਾ ਹੈ?
ਕੁਲਵੰਤ ਸਿੰਘ ਵਿਰਕ।
ਮਾਨ ਸਿੰਘ ਦਾ ਫ਼ੌਜ ਵਿੱਚ ਕੀ ਅਹੁਦਾ ਸੀ?
ਨਾਇਕ।
ਕਰਮ ਸਿੰਘ ਫ਼ੌਜ ਵਿੱਚ ਕੀ ਸੀ?
ਹੌਲਦਾਰ।
ਮਾਨ ਸਿੰਘ ਦਾ ਪਿੰਡ ਕਿਹੜਾ ਸੀ?
ਚੂਹੜਕਾਣਾ।
ਕਰਮ ਸਿੰਘ ਦਾ ਪਿੰਡ ਕਿਹੜਾ ਸੀ?
ਠੱਠੀਖਾਰਾ।
ਡਾਕੀਆ ਕਿਸ ਦੀ ਪੈਨਸ਼ਨ ਦੇ ਕਾਗਜ਼ ਲੈ ਕੇ ਆਇਆ ਸੀ?
ਕਰਮ ਸਿੰਘ ਦੀ।
ਮਾਨ ਸਿੰਘ ਤੇ ਕਰਮ ਸਿੰਘ ਕਿੱਥੇ ਇਕੱਠੇ ਲੜ ਰਹੇ ਸਨ?
ਬਰਮਾ ਦੇ ਫਰੰਟ 'ਤੇ।
ਮਾਝੇ ਦੇ ਪਿੰਡਾਂ ਦੁਆਲੇ ਕਿਲ੍ਹੇ-ਕੋਟ ਕਿਉਂ ਉਸਾਰੇ ਹੋਏ ਸਨ?
ਧਾੜਵੀਆਂ ਤੋਂ ਬਚਾਓ ਲਈ।
7. ਇੱਕ ਪੈਰ ਘੱਟ ਤੁਰਨਾ (ਅਜੀਤ ਕੌਰ)
ਸੰਖੇਪ ਉੱਤਰ ਵਾਲ਼ੇ ਪ੍ਰਸ਼ਨ
ਡਾਕਟਰ, ਰਸ਼ੀਦ ਨੂੰ ਉਸ ਦੇ ਅਮਰੀਕਾ ਗਏ ਪੁੱਤਰ ਨੂੰ ਬੁਲਾਉਣ ਲਈ ਕਿਉਂ ਕਹਿੰਦਾ ਹੈ?
ਡਾਕਟਰ ਰਸ਼ੀਦ ਨੂੰ ਪੁੱਤਰ ਨੂੰ ਬੁਲਾਉਣ ਲਈ ਕਹਿੰਦਾ ਹੈ ਕਿਉਂਕਿ ਰਸ਼ੀਦ ਦੇ ਮਿਹਦੇ ਵਿੱਚ ਕੈਂਸਰ ਹੈ ਅਤੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਹੋ ਕੇ ਇਲਾਜ ਕਰਵਾਉਣ ਲਈ ਇੱਕ ਸਹਾਇਕ ਦੀ ਲੋੜ ਪਵੇਗੀ। ਰਸ਼ੀਦ ਦੀ ਪਤਨੀ ਅਤੇ ਦੋ ਬੱਚੇ ਮਰ ਚੁੱਕੇ ਸਨ, ਇਕਲੌਤਾ ਅਸਲਮ ਹੀ ਉਸ ਦੀ ਦੇਖ-ਭਾਲ ਕਰ ਸਕਦਾ ਸੀ।
ਰਸ਼ੀਦ ਨੇ ਦਫ਼ਤਰ ਦੀ ਨੌਕਰੀ ਤੋਂ ਅਸਤੀਫ਼ਾ ਦੇਣ ਲਈ ਕਿਉਂ ਸੋਚਿਆ?
ਜਦੋਂ ਡਾਕਟਰਾਂ ਨੇ ਦੱਸਿਆ ਕਿ ਉਹ ਬਿਨਾਂ ਇਲਾਜ ਕਰਵਾਏ ਸਿਰਫ਼ ਛੇ ਕੁ ਮਹੀਨੇ ਹੀ ਹੋਰ ਜਿਊਂਦਾ ਰਹਿ ਸਕੇਗਾ, ਤਾਂ ਰਸ਼ੀਦ ਨੇ ਆਪਣੀ ਬਾਕੀ ਬਚੀ ਜਿੰਦਗੀ ਸ਼ਹਿਰ ਦੇ ਰੌਲੇ-ਰੱਪੇ ਦੀ ਥਾਂ ਆਪਣੇ ਪਿੰਡ ਦੀ ਪੱਕੀ ਹਵੇਲੀ ਅਤੇ ਖੁੱਲ੍ਹੇ-ਡੁੱਲ੍ਹੇ ਵਾਤਾਵਰਣ ਵਿੱਚ ਗੁਜ਼ਾਰਨ ਦਾ ਮਨ ਬਣਾ ਕੇ ਅਸਤੀਫ਼ਾ ਦੇਣ ਬਾਰੇ ਸੋਚਿਆ।
ਰਸ਼ੀਦ ਆਪਣੇ ਪਿੰਡ ਜਾ ਕੇ ਕਿਵੇਂ ਰਹਿਣਾ ਸ਼ੁਰੂ ਕਰਦਾ ਹੈ?
ਰਸ਼ੀਦ ਨੇ ਪਿੰਡ ਜਾ ਕੇ ਘਰ ਦੇ ਆਸ-ਪਾਸ ਗੁਲਾਬ ਦੇ ਪੌਦੇ ਲਗਵਾਏ। ਉਸ ਨੇ ਕਬੂਤਰ, ਬਿੱਲੀਆਂ ਅਤੇ ਤੋਤੇ ਪਾਲ ਲਏ ਤਾਂ ਕਿ ਉਹਨਾਂ ਦੀ ਦੇਖ-ਭਾਲ ਵਿੱਚ ਰੁੱਝਿਆਂ ਉਸ ਨੂੰ ਆਪਣੀ ਬਿਮਾਰੀ ਦੇ ਦਰਦ ਦਾ ਅਹਿਸਾਸ ਨਾ ਹੋਵੇ। ਰਾਤ ਸਮੇਂ ਉਹ ਤਾਰਿਆਂ ਨਾਲ ਗੱਲਾਂ ਕਰਨ ਦਾ ਅਹਿਸਾਸ ਲੈ ਕੇ ਆਪਣੇ ਦਰਦ ਨੂੰ ਛਪਾਉਣ ਦੀ ਕੋਸ਼ਿਸ਼ ਕਰਦਾ।
“ਲੈ ਬਈ ਇੱਕ ਹੋਰ ਦਿਨ ਨੂੰ ਝੁਠਾਲੀ ਦੇ ਦਿੱਤੀ। ਐਸਾ ਉੱਲੂ ਬਣਾਇਆ ਕਿ ਚੁੱਪ-ਚਾਪ ਲਹਿ ਕੇ ਤੁਰ ਗਿਆ।” ਰਸ਼ੀਦ ਦੀ ਇਸ ਮਨਬਚਨੀ ਤੋਂ ਕੀ ਭਾਵ ਹੈ?
ਜਦੋਂ ਰਸ਼ੀਦ ਕੈਂਸਰ ਦੇ ਦਰਦ ਨੂੰ ਭੁਲਾਉਣ ਲਈ ਆਪਣਾ ਸਮਾਂ ਪੌਦੇ ਲਾ ਕੇ ਅਤੇ ਪੰਛੀਆਂ ਨਾਲ ਖੇਡ ਕੇ ਗੁਜ਼ਾਰਦਾ ਸੀ, ਤਾਂ ਬਿਨਾਂ ਦਰਦ ਦਾ ਅਹਿਸਾਸ ਹੋਏ ਦਿਨ ਬੀਤ ਜਾਣ 'ਤੇ ਉਹ ਇਹ ਬਚਨ ਬੋਲ ਕੇ ਆਪਣੀ ਜਿੱਤ ਮਹਿਸੂਸ ਕਰਦਾ ਸੀ।
ਰਸ਼ੀਦ ਆਪਣੀ ਬਿਮਾਰੀ ਤੋਂ ਰਾਹਤ ਲੈਣ ਲਈ ਕੀ ਸ਼ੌਕ ਪਾਲਦਾ ਹੈ?
ਉਸ ਨੇ ਫੁੱਲਾਂ ਦੇ ਪੌਦੇ ਲਾ ਲਏ, ਬਿੱਲੀ ਦੇ ਬਲੂੰਗੜੇ ਰੱਖ ਲਏ, ਕਬੂਤਰ ਤੇ ਤੋਤੇ ਪਾਲ ਲਏ। ਉਹ ਆਂਢ-ਗੁਆਂਢ ਦੇ ਬੱਚਿਆਂ ਨੂੰ ਸਕੂਲ ਦਾ ਕੰਮ ਵੀ ਕਰਵਾ ਦਿੰਦਾ ਸੀ। ਅਖੀਰ ਵਿੱਚ ਉਸ ਨੇ ਪਤੰਗ ਉਡਾਉਣ ਦਾ ਸ਼ੌਕ ਵੀ ਪੂਰਾ ਕੀਤਾ।
ਰਸ਼ੀਦ ਬਚਪਨ ਦੀਆਂ ਸਵੇਰਾਂ ਨੂੰ ਯਾਦ ਕਰਕੇ ਕੀ ਵਰਨਣ ਕਰਦਾ ਹੈ?
ਰਸ਼ੀਦ ਯਾਦ ਕਰਦਾ ਹੈ ਕਿ ਉਹ ਸਵੇਰ ਵੇਲੇ ਕਿੱਕਰ ਦੀਆਂ ਟਹਿਣੀਆਂ ਤੋੜ ਕੇ ਦਾਤਣਾਂ ਬਣਾ ਕੇ ਘਰ ਲਿਆਉਂਦਾ ਸੀ ਅਤੇ ਘਰ ਪਹੁੰਚ ਕੇ ਸਭ ਨੂੰ ਇੱਕ-ਇੱਕ ਦਾਤਣ ਦੇਣਾ ਉਸ ਦੀ ਜ਼ਿੰਮੇਵਾਰੀ ਹੁੰਦੀ ਸੀ। ਇਸ ਗੱਲ ਨੂੰ ਯਾਦ ਕਰ ਕੇ ਉਸ ਦਾ ਮਨ ਕੂਲਾ ਹੋ ਜਾਂਦਾ ਹੈ।
ਰਸ਼ੀਦ ਗੁਆਂਢੀ ਮੁੰਡੇ ਨਾਲ਼ ਪਤੰਗ ਉਡਾਉਣ ਦੀ ਰੀਝ ਕਿਵੇਂ ਪੂਰੀ ਕਰਦਾ ਹੈ?
ਰਸ਼ੀਦ ਗੁਆਂਢੀਆਂ ਦੇ ਮੁੰਡੇ ਸ਼ਾਮ ਨੂੰ ਦਸ ਰੁਪਏ ਦੇ ਕੇ ਪਤੰਗ ਮੰਗਵਾਉਂਦਾ ਹੈ। ਦੋਹਾਂ ਨੇ ਰਲ਼ ਕੇ ਪਤੰਗ ਤਿਆਰ ਕੀਤੀ। ਜਦੋਂ ਰਸ਼ੀਦ ਨੇ ਹਵਾ ਵਿੱਚ ਹੁਲਾਰਾ ਦੇ ਕੇ ਪਤੰਗ ਨੂੰ ਛੱਡਿਆ, ਤਾਂ ਉਸੇ ਸਮੇਂ ਉਸ ਦੇ ਖੂਨ ਦੀ ਉਲਟੀ ਆਈ ਅਤੇ ਉਸ ਦੀ ਮੌਤ ਹੋ ਗਈ।
ਵਸਤੁਨਿਸ਼ਠ ਪ੍ਰਸ਼ਨ
'ਇੱਕ ਪੈਰ ਘੱਟ ਤੁਰਨਾ' ਕਹਾਣੀ ਦਾ ਲੇਖਕ ਕੌਣ ਹੈ?
ਅਜੀਤ ਕੌਰ।
ਰਸ਼ੀਦ ਦੇ ਪੁੱਤਰ ਦਾ ਕੀ ਨਾਂ ਸੀ?
ਅਸਲਮ।
ਰਸ਼ੀਦ ਦਿੱਲੀ ਵਿੱਚ ਕਿੱਥੇ ਰਹਿੰਦਾ ਸੀ?
ਦਰੀਆਗੰਜ ਵਿੱਚ।
ਟੈਸਟਾਂ ਤੋਂ ਬਾਅਦ ਰਸ਼ੀਦ ਨੂੰ ਕਿਹੜੀ ਬਿਮਾਰੀ ਦਾ ਪਤਾ ਲੱਗਾ?
ਮਿਹਦੇ ਵਿੱਚ ਕੈਂਸਰ।
ਅਸਲਮ ਕਿੱਥੇ ਰਹਿੰਦਾ ਸੀ?
ਅਮਰੀਕਾ ਵਿੱਚ।
ਰਸ਼ੀਦ ਦੇ ਕਿਹੜੇ ਬੱਚੇ ਮਰ ਚੁੱਕੇ ਸਨ?
ਰਾਸ਼ਿਦ ਤੇ ਮਰੀਅਮ।
ਰਸ਼ੀਦ ਨੇ ਪਤੰਗ ਲਿਆਉਣ ਲਈ ਕਿੰਨੇ ਰੁਪਏ ਦਿੱਤੇ?
ਦਸ ਰੁਪਏ।
ਰਸ਼ੀਦ ਨੇ ਪੰਛੀ ਕਿਹੜੇ ਰੱਖੇ ਸਨ?
ਕਬੂਤਰ ਤੇ ਤੋਤੇ।