IMPORTANT INSTRUCTIONS REGARDING RATION CARD : ਪੰਜਾਬ ਸਰਕਾਰ ਵੱਲੋਂ ਰਾਸ਼ਨ ਕਾਰਡ ਬਣਾਉਣ, ਨਾਮ ਜੋੜਨ ਅਤੇ ਨਾਮ ਕੱਟਣ ਸਬੰਧੀ ਹਦਾਇਤਾਂ ਜਾਰੀ
ਚੰਡੀਗੜ੍ਹ, 25 ਮਾਰਚ ( ਜਾਬਸ ਆਫ ਟੁਡੇ) : ਪੰਜਾਬ ਦੇ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਨੇ ਰਾਸ਼ਨ ਕਾਰਡਾਂ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਹ ਹਦਾਇਤਾਂ ਰਾਸ਼ਨ ਕਾਰਡ ਬਣਾਉਣ, ਨਾਮ ਜੋੜਨ ਅਤੇ ਨਾਮ ਕੱਟਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਜਾਰੀ ਕੀਤੀਆਂ ਗਈਆਂ ਹਨ।
ਵਿਭਾਗ ਵੱਲੋਂ ਜਾਰੀ ਇੱਕ ਪੱਤਰ ਵਿੱਚ ਸਾਰੇ ਜ਼ਿਲ੍ਹਾ ਕੰਟਰੋਲਰਾਂ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਜਦੋਂ ਕਿਸੇ NFSA/ਸਮਾਰਟ ਰਾਸ਼ਨ ਕਾਰਡ ਸਕੀਮ ਧਾਰਕ ਪਰਿਵਾਰ ਦੀ ਕਿਸੇ ਲੜਕੀ ਦਾ ਵਿਆਹ ਹੋ ਜਾਂਦਾ ਹੈ ਅਤੇ ਉਸਦਾ ਨਾਮ ਪੇਕੇ ਪਰਿਵਾਰ ਵੱਲੋਂ ਰਾਸ਼ਨ ਕਾਰਡ ਵਿੱਚੋਂ ਕਟਵਾ ਲਿਆ ਜਾਂਦਾ ਹੈ, ਤਾਂ ਉਸ ਲੜਕੀ ਦਾ ਨਾਮ ਉਸਦੇ ਸਹੁਰੇ ਪਰਿਵਾਰ ਦੇ ਰਾਸ਼ਨ ਕਾਰਡ ਵਿੱਚ ਦਰਜ ਕੀਤਾ ਜਾਵੇਗਾ। ਹਾਲਾਂਕਿ, ਇਸਦੇ ਲਈ ਇਹ ਜ਼ਰੂਰੀ ਹੈ ਕਿ ਸਹੁਰੇ ਪਰਿਵਾਰ ਦਾ ਵੀ ਪਹਿਲਾਂ NFSA/ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਰਾਸ਼ਨ ਕਾਰਡ ਬਣਿਆ ਹੋਵੇ ਅਤੇ ਲੜਕੀ ਦਾ ਨਾਮ ਸ਼ਾਮਲ ਕਰਨ ਤੋਂ ਬਾਅਦ ਵੀ ਸਹੁਰਾ ਪਰਿਵਾਰ ਇਸ ਸਕੀਮ ਲਈ ਨਿਰਧਾਰਤ ਮਾਪਦੰਡ/ਯੋਗਤਾ ਪੂਰੀ ਕਰਦਾ ਹੋਵੇ।
ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਪ੍ਰਕਿਰਿਆ ਨਾਲ ਰਾਜ ਵਿੱਚ ਕੁੱਲ ਲਾਭਪਾਤਰੀਆਂ ਦੀ ਗਿਣਤੀ ਵਿੱਚ ਕੋਈ ਵਾਧਾ ਨਹੀਂ ਹੋਵੇਗਾ। ਇਸ ਲਈ, ਜੇਕਰ ਕਿਸੇ ਲੜਕੀ ਦੇ ਵਿਆਹ ਤੋਂ ਬਾਅਦ ਉਸਦਾ ਨਾਮ ਉਸਦੇ ਪੇਕੇ ਪਰਿਵਾਰ ਵਿੱਚੋਂ ਕੱਟਣ ਲਈ ਅਰਜ਼ੀ ਪ੍ਰਾਪਤ ਹੁੰਦੀ ਹੈ, ਤਾਂ ਰਾਸ਼ਨ ਕਾਰਡ ਵਿੱਚੋਂ RCMS ਪੋਰਟਲ ਰਾਹੀਂ ਲੋੜੀਂਦਾ ਡਿਲੀਸ਼ਨ ਸਰਟੀਫਿਕੇਟ ਜਾਰੀ ਕੀਤਾ ਜਾਵੇ ਅਤੇ ਸਹੁਰੇ ਪਰਿਵਾਰ ਵੱਲੋਂ ਡਿਲੀਸ਼ਨ ਸਰਟੀਫਿਕੇਟ ਪ੍ਰਾਪਤ ਹੋਣ 'ਤੇ ਉਸਦਾ ਨਾਮ ਸਹੁਰੇ ਪਰਿਵਾਰ ਵਿੱਚ ਦਰਜ ਕੀਤਾ ਜਾਵੇ, ਬਸ਼ਰਤੇ ਕਿ ਉਪਰੋਕਤ ਸ਼ਰਤਾਂ ਪੂਰੀਆਂ ਹੁੰਦੀਆਂ ਹੋਣ।
ਵਿਭਾਗ ਨੇ ਸਮੂਹ ਫੀਲਡ ਅਮਲੇ ਨੂੰ ਇਨ੍ਹਾਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ, ਜੇਕਰ ਲਾਭਪਾਤਰੀ ਲੜਕੀ ਦਾ ਨਾਮ ਕੱਟਣ/ਦਰਜ ਕਰਨ ਸਮੇਂ ਕਿਸੇ ਤਕਨੀਕੀ ਸਹਾਇਤਾ ਦੀ ਲੋੜ ਹੋਵੇ ਤਾਂ Smart PDS Team/ਮੁੱਖ ਦਫ਼ਤਰ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਇਹ ਨਵੀਆਂ ਹਦਾਇਤਾਂ ਰਾਜ ਵਿੱਚ ਰਾਸ਼ਨ ਕਾਰਡ ਸੇਵਾਵਾਂ ਨੂੰ ਹੋਰ ਸੁਚਾਰੂ ਅਤੇ ਪਾਰਦਰਸ਼ੀ ਬਣਾਉਣ ਵਿੱਚ ਮਦਦਗਾਰ ਸਾਬਤ ਹੋਣਗੀਆਂ।