ਪੰਜਾਬ ਦੇ ਖਜ਼ਾਨਾ ਦਫ਼ਤਰ 29 ਤੋਂ 31 ਮਾਰਚ ਤੱਕ ਛੁੱਟੀਆਂ ਦੌਰਾਨ ਵੀ ਖੁੱਲ੍ਹੇ ਰਹਿਣਗੇ
ਚੰਡੀਗੜ੍ਹ 26 ਮਾਰਚ 2025(ਜਾਬਸ ਆਫ ਟੁਡੇ) : ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਸੂਬੇ ਦੇ ਸਾਰੇ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਅਤੇ ਉਪ-ਖਜ਼ਾਨਾ ਦਫ਼ਤਰਾਂ ਨੂੰ ਆਉਂਦੀਆਂ 29 ਤੋਂ 31 ਮਾਰਚ ਤੱਕ ਛੁੱਟੀਆਂ ਦੌਰਾਨ ਵੀ ਖੁੱਲ੍ਹਾ ਰੱਖਣ ਦਾ ਹੁਕਮ ਜਾਰੀ ਕੀਤਾ ਹੈ।
ਵਿੱਤ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਵਿੱਤੀ ਸਾਲ 2024-25 ਦੇ ਅੰਤ ਹੋਣ ਕਾਰਨ ਵੱਖ-ਵੱਖ ਵਿਭਾਗਾਂ ਵੱਲੋਂ ਵੱਡੀ ਗਿਣਤੀ ਵਿੱਚ ਅਦਾਇਗੀਆਂ ਲਈ ਬਿੱਲ ਖਜ਼ਾਨਾ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਏ ਜਾਣੇ ਹਨ। ਇਸ ਲਈ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।
ਜਾਰੀ ਹੁਕਮਾਂ ਅਨੁਸਾਰ 29 ਅਤੇ 30 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ 31 ਮਾਰਚ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਖਜ਼ਾਨਾ ਦਫ਼ਤਰ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ 31 ਮਾਰਚ ਨੂੰ ਰਾਤ 7 ਵਜੇ ਤੱਕ ਈ.ਸੀ.ਐੱਸ. ਦਾ ਕੰਮ ਵੀ ਮੁਕੰਮਲ ਕੀਤਾ ਜਾਵੇਗਾ ਤਾਂ ਜੋ ਆਖਰੀ ਸਮੇਂ ਵਿੱਚ ਆਈ.ਐੱਫ.ਐੱਮ.ਐੱਸ. ਸਿਸਟਮ ਉੱਤੇ ਬਿੱਲਾਂ ਦਾ ਜ਼ਿਆਦਾ ਦਬਾਅ ਨਾ ਪਵੇ ਅਤੇ ਐਨ.ਆਈ.ਸੀ. ਵੱਲੋਂ ਸਮੇਂ ਸਿਰ ਈ-ਪੇਮੈਂਟ ਦੀਆਂ ਫਾਈਲਾਂ ਆਰ.ਬੀ.ਆਈ. ਨੂੰ ਭੇਜੀਆਂ ਜਾ ਸਕਣ।
ਵਿੱਤ ਵਿਭਾਗ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਇਹਨਾਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ।