ਖੇਡਾਂ 'ਚ ਜੇਤੂ ਵਿਦਿਆਰਥੀਆਂ ਨੂੰ ਮਿਲਣਗੇ ਵਾਧੂ ਅੰਕ, ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਿਰਦੇਸ਼
ਐਸ.ਏ.ਐਸ. ਨਗਰ, 6 ਮਾਰਚ ( ਜਾਬਸ ਆਫ ਟੁਡੇ) : ਪੰਜਾਬ ਦੇ ਸਕੂਲਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਪੰਜਾਬ ਨੇ ਇੱਕ ਅਹਿਮ ਫੈਸਲਾ ਲਿਆ ਹੈ। ਵਿਭਾਗ ਨੇ 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਉਹਨਾਂ ਵਿਦਿਆਰਥੀਆਂ ਨੂੰ ਵਾਧੂ ਅੰਕ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੇ ਸਾਲ 2024-25 ਵਿੱਚ 68ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਅਤੇ ਸਟੇਟ ਪੱਧਰੀ ਖੇਡਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ।
ਇਸ ਸਬੰਧੀ ਜਾਰੀ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਖੇਡ ਸੰਚਾਲਨ ਨੀਤੀ 2013 ਅਨੁਸਾਰ ਇਹ ਫੈਸਲਾ ਲਿਆ ਗਿਆ ਹੈ। ਇਸ ਨਾਲ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹ ਮਿਲੇਗਾ ਅਤੇ ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਬਿਹਤਰ ਪ੍ਰਦਰਸ਼ਨ ਕਰ ਸਕਣਗੇ।
ਵਾਧੂ ਅੰਕਾਂ ਲਈ ਆਨਲਾਈਨ ਜਾਣਕਾਰੀ:
ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ 88ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ 2024-25 ਦੇ ਜੇਤੂ ਖਿਡਾਰੀਆਂ ਦੀ ਸੂਚਨਾ "Sports Marks Entry" ਪੋਰਟਲ 'ਤੇ ਆਨਲਾਈਨ ਭਰੀ ਜਾਵੇਗੀ। ਇਹ ਪੋਰਟਲ ਉਹੀ ਹੈ ਜਿਸ 'ਤੇ ਅਧਿਆਪਕਾਂ ਦੀਆਂ ਪੇਪਰਾਂ ਵਿੱਚ ਡਿਊਟੀਆਂ ਲਗਾਈਆਂ ਜਾਂਦੀਆਂ ਹਨ। ਇਸੇ ਪੋਰਟਲ 'ਤੇ ਵਿਦਿਆਰਥੀਆਂ ਦੇ ਵਾਧੂ ਖੇਡ ਅੰਕਾਂ ਦੀ ਸੂਚਨਾ ਵੀ ਭਰੀ ਜਾਵੇਗੀ। ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪਹਿਲਾਂ ਜਾਰੀ ਕੀਤੇ ਯੂਜ਼ਰਨੇਮ ਅਤੇ ਪਾਸਵਰਡ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।
ਲੜੀ ਨੰ | ਖੇਡ ਦਾ ਪੱਧਰ | ਪੁਜੀਸ਼ਨ | ਅੰਕ |
---|---|---|---|
1 | ਨੈਸ਼ਨਲ | ਪਹਿਲੀ | 25 |
2 | ਦੂਜੀ | 22 | |
3 | ਤੀਜੀ | 19 | |
4 | ਪਾਰਟੀਸੀਪੇਸ਼ਨ | 15 | |
5 | ਸਟੇਟ | ਪਹਿਲੀ | 15 |
6 | ਦੂਜੀ | 12 | |
7 | ਤੀਜੀ | 9 |
ਨੈਸ਼ਨਲ ਖੇਡਾਂ ਦੇ ਜੇਤੂਆਂ ਲਈ ਵੱਖਰੀ ਜਾਣਕਾਰੀ:
68ਵੀਆਂ ਨੈਸ਼ਨਲ ਸਕੂਲ ਖੇਡਾਂ 2024-25 ਦੇ ਜੇਤੂ ਖਿਡਾਰੀਆਂ ਦੀ ਸੂਚਨਾ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਵੱਖਰੇ ਤੌਰ 'ਤੇ ਭਰੀ ਜਾਵੇਗੀ। ਇਸ ਸਬੰਧੀ ਜਾਣਕਾਰੀ ਇੱਕ ਨਿਰਧਾਰਤ ਪ੍ਰੋਫਾਰਮੇ ਵਿੱਚ ਭਰ ਕੇ 20-03-2025 ਤੱਕ ਈਮੇਲ ਆਈਡੀ 'ਤੇ ਐਕਸਲ ਸ਼ੀਟ ਵਿੱਚ ਭੇਜੀ ਜਾਵੇਗੀ।
ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਜ਼ਿੰਮੇਵਾਰੀ:
ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਜੇਤੂ ਖਿਡਾਰੀ ਵਾਧੂ ਖੇਡ ਅੰਕਾਂ ਦਾ ਲਾਭ ਲੈਣ ਤੋਂ ਵਾਂਝਾ ਰਹਿੰਦਾ ਹੈ ਤਾਂ ਇਸਦੀ ਪੂਰੀ ਜ਼ਿੰਮੇਵਾਰੀ ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਹੋਵੇਗੀ।
ਇਸ ਫੈਸਲੇ ਨਾਲ ਪੰਜਾਬ ਦੇ ਸਕੂਲਾਂ ਵਿੱਚ ਖੇਡਾਂ ਨੂੰ ਹੋਰ ਹੁਲਾਰਾ ਮਿਲੇਗਾ ਅਤੇ ਵਿਦਿਆਰਥੀ ਖੇਡਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਹੋਣਗੇ।