ਹਰਜੋਤ ਬੈਂਸ ਤੇ ਫਿਨਲੈਂਡ ਦੇ ਰਾਜਦੂਤ ਵੱਲੋਂ 72 ਪ੍ਰਾਇਮਰੀ ਅਧਿਆਪਕਾਂ ਦੇ ਦੂਜੇ ਬੈਚ ਲਈ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ

ਹਰਜੋਤ ਬੈਂਸ ਤੇ ਫਿਨਲੈਂਡ ਦੇ ਰਾਜਦੂਤ ਵੱਲੋਂ 72 ਪ੍ਰਾਇਮਰੀ ਅਧਿਆਪਕਾਂ ਦੇ ਦੂਜੇ ਬੈਚ ਲਈ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ


ਇਹ ਬੈਚ 15 ਮਾਰਚ ਨੂੰ ਯੂਨੀਵਰਸਿਟੀ ਆਫ ਤੁਰਕੂ ਵਿਖੇ ਦੋ ਹਫ਼ਤਿਆਂ ਦੀ ਸਿਖਲਾਈ ਲਈ ਹੋਵੇਗਾ ਫਿਨਲੈਂਡ ਰਵਾਨਾ

ਹਰਜੋਤ ਬੈਂਸ ਨੇ ਪੰਜਾਬ ਵਿੱਚ ਸਕੂਲ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਫਿਨਲੈਂਡ ਦੇ ਰਾਜਦੂਤ ਨਾਲ ਕੀਤਾ ਵਿਚਾਰ ਵਟਾਂਦਰਾ

ਫਿਨਲੈਂਡ ਦੇ ਰਾਜਦੂਤ ਕਿਮੋ ਲਾਹਦੇਵਿਰਤਾ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੇ ਭਵਿੱਖਮੁਖੀ ਅਤੇ ਪ੍ਰਗਤੀਸ਼ੀਲ ਪਹਿਲਕਦਮੀਆਂ ਦੀ ਸ਼ਲਾਘਾ

ਪੰਜਾਬ ਵੱਲੋਂ "ਟ੍ਰੇਨ ਦਿ ਟ੍ਰੇਨਰ" ਪ੍ਰੋਗਰਾਮ ਕੀਤਾ ਜਾਵੇਗਾ ਲਾਗੂ: ਬੈਂਸ

ਚੰਡੀਗੜ੍ਹ, 3 ਮਾਰਚ:


ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਭਾਰਤ ਵਿੱਚ ਫਿਨਲੈਂਡ ਦੇ ਰਾਜਦੂਤ ਸ੍ਰੀ ਕਿਮੋ ਲਾਹਦੇਵਿਰਤਾ ਨਾਲ ਮਿਲ ਕੇ ਅੱਜ ਇੱਥੇ 72 ਪ੍ਰਾਇਮਰੀ ਸਕੂਲ ਅਧਿਆਪਕਾਂ ਦੇ ਦੂਜੇ ਬੈਚ ਲਈ ਇੱਕ ਹਫ਼ਤੇ ਦੇ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕੀਤਾ।



ਪੰਜਾਬ ਭਵਨ ਵਿਖੇ ਸਿਖਲਾਈ ਪ੍ਰੋਗਰਾਮ ਦੇ ਉਦਘਾਟਨ ਉਪਰੰਤ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਧਿਆਪਕਾਂ ਦਾ ਇਹ ਬੈਚ ਯੂਨੀਵਰਸਿਟੀ ਆਫ ਤੁਰਕੂ ਵਿਖੇ ਦੋ ਹਫ਼ਤਿਆਂ ਦੀ ਸਿਖਲਾਈ ਲਈ 15 ਮਾਰਚ ਨੂੰ ਫਿਨਲੈਂਡ ਲਈ ਰਵਾਨਾ ਹੋਵੇਗਾ।


ਪਿਛਲੇ ਸਾਲ 21 ਅਕਤੂਬਰ ਤੋਂ 8 ਨਵੰਬਰ ਤੱਕ ਯੂਨੀਵਰਸਿਟੀ ਆਫ ਤੁਰਕੂ ਵਿਖੇ ਪਹਿਲੇ ਬੈਚ ਦੀ ਸਿਖਲਾਈ ਦੇ ਸਫਲਤਾਪੂਰਵਕ ਮੁਕੰਮਲ ਹੋਣ ਬਾਰੇ ਚਰਚਾ ਕਰਦਿਆਂ, ਸਿੱਖਿਆ ਮੰਤਰੀ ਨੇ ਭਾਰਤ ਵਿੱਚ ਫਿਨਲੈਂਡ ਦੇ ਰਾਜਦੂਤ ਸ੍ਰੀ ਕਿਮੋ ਲਾਹਦੇਵਿਰਤਾ ਅਤੇ ਯੂਨੀਵਰਸਿਟੀ ਆਫ ਤੁਰਕੂ ਦੇ ਮਾਹਿਰਾਂ ਨਾਲ ਸੂਬੇ ਵਿੱਚ ਸਕੂਲ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਪੰਜਾਬ ਅਤੇ ਫਿਨਲੈਂਡ ਵਿਚਕਾਰ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਨੂੰ ਹੋਰ ਵਧਾਉਣ ਲਈ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਵਿਸ਼ਵ ਪੱਧਰੀ ਸਿੱਖਿਆ ਪ੍ਰਣਾਲੀ ਲਈ ਜਾਣੇ ਜਾਂਦੇ ਫਿਨਲੈਂਡ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਵੀ ਜ਼ੋਰ ਦਿੱਤਾ।


ਸੂਬੇ ਵਿੱਚ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਹੁਰਾਉਂਦਿਆਂ ਸਕੂਲ ਸਿੱਖਿਆ ਮੰਤਰੀ ਨੇ ਫਿਨਲੈਂਡ ਦੇ ਖਾਸ ਕਰਕੇ ਮੁੱਢਲੀ ਸਿੱਖਿਆ, ਅਧਿਆਪਕ ਸਿਖਲਾਈ ਅਤੇ ਡਿਜੀਟਲ ਸਿਖਲਾਈ ਵਰਗੇ ਖੇਤਰਾਂ ਵਿੱਚ ਨਵੀਨਤਾਕਾਰੀ ਵਿਦਿਅਕ ਅਭਿਆਸਾਂ ਤੋਂ ਸਿੱਖਣ ਵਿੱਚ ਡੂੰਘੀ ਦਿਲਚਸਪੀ ਜ਼ਾਹਰ ਕੀਤੀ। ਉਨ੍ਹਾਂ ਅੱਜ ਦੇ ਮੁਕਾਬਲੇ ਦੇ ਯੁੱਗ ਵਿੱਚ ਸਫ਼ਲ ਹੋਣ ਲਈ ਲੋੜੀਂਦੇ ਹੁਨਰਾਂ ਨਾਲ ਵਿਦਿਆਰਥੀਆਂ ਨੂੰ ਸਮਰੱਥ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।


ਇਸ ਟੀਚੇ ਨੂੰ ਹਾਸਲ ਕਰਨ ਵਿੱਚ ਅੰਤਰਰਾਸ਼ਟਰੀ ਸਹਿਯੋਗ ਦੀ ਭੂਮਿਕਾ ਨੂੰ ਉਜਾਗਰ ਕਰਦਿਆਂ ਉਨ੍ਹਾਂ ਨੇ ਪੰਜਾਬ ਦੇ ਸਕੂਲ ਅਧਿਆਪਕਾਂ ਵੱਲੋਂ ਸਿੱਖਿਆ ਦੀਆਂ ਨਵੀਆਂ ਵਿਧੀਆਂ ਅਪਣਾਉਣ ਲਈ ਉਨ੍ਹਾਂ ਦੀ ਪ੍ਰਸ਼ੰਸਾ ਵੀ ਕੀਤੀ ਜੋ ਸਿੱਖਣ ਨੂੰ ਵਧੇਰੇ ਦਿਲਚਸਪ, ਆਨੰਦਮਈ ਅਤੇ ਪ੍ਰਭਾਵਸ਼ਾਲੀ ਬਣਾਉਂਦੀਆਂ ਹਨ ਅਤੇ ਜਿਸ ਨਾਲ ਸੂਬੇ ਵਿੱਚ ਸਿੱਖਿਆ ਦੇ ਆਧੁਨਿਕੀਕਰਨ ਦੀ ਇੱਕ ਮਜ਼ਬੂਤ ਨੀਂਹ ਰੱਖੀ ਗਈ ਹੈ।


ਸ. ਹਰਜੋਤ ਸਿੰਘ ਬੈਂਸ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਅਧਿਆਪਕ ਸਿਖਲਾਈ ਪ੍ਰੋਗਰਾਮ ਪੰਜਾਬ ਦੇ ਵਿਦਿਅਕ ਪ੍ਰਣਾਲੀ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਦੇ ਹਾਣੀ ਬਣਾਉਣ ਵੱਲ ਇੱਕ ਅਹਿਮ ਕਦਮ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਲੋੜੀਂਦੇ ਗਿਆਨ, ਸਿਖਲਾਈ ਅਤੇ ਸਾਧਨਾਂ ਨਾਲ ਲੈਸ ਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਤਾਂ ਜੋ ਤਣਾਅ-ਮੁਕਤ ਅਤੇ ਦਿਲਚਸਪ ਸਿੱਖਣ ਦੇ ਮਾਹੌਲ ਨੂੰ ਉਤਸ਼ਾਹਿਤ ਕੀਤਾ ਜਾ ਸਕੇ।


ਫਿਨਲੈਂਡ ਦੇ ਰਾਜਦੂਤ ਸ੍ਰੀ ਕਿਮੋ ਲਾਹਦੇਵਿਰਤਾ ਨੇ ਸਿੱਖਿਆ ਖੇਤਰ ਵਿੱਚ ਪੰਜਾਬ ਸਰਕਾਰ ਦੀਆਂ ਭਵਿੱਖਮੁਖੀ ਅਤੇ ਪ੍ਰਗਤੀਸ਼ੀਲ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਨਾਲ ਵਿਦਿਅਕ ਖੇਤਰ ਵਿੱਚ ਭਾਈਵਾਲੀ ਲਈ ਫਿਨਲੈਂਡ ਦੇ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਸੂਬੇ ਦੇ ਵਿਦਿਅਕ ਢਾਂਚੇ ਦੇ ਵਿਕਾਸ ਵਿੱਚ ਮਦਦ ਕਰਨ ਪ੍ਰਤੀ ਫਿਨਲੈਂਡ ਦੀ ਵਚਨਬੱਧਤਾ ਦਹੁਰਾਈ। ਉਨ੍ਹਾਂ ਕਿਹਾ ਕਿ ਬਿਹਤਰ ਅਭਿਆਸਾਂ ਅਤੇ ਗਿਆਨ ਦੇ ਆਦਾਨ-ਪ੍ਰਦਾਨ ਨਾਲ ਦੋਵਾਂ ਧਿਰਾਂ ਨੂੰ ਲਾਭ ਹੋਵੇਗਾ।


ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਿਖਲਾਈ ਪਹਿਲਕਦਮੀਆਂ ਦੇ ਪ੍ਰਭਾਵ ਨੂੰ ਬਰਕਰਾਰ ਰੱਖਣ ਅਤੇ ਇਨ੍ਹਾਂ ਵਿੱਚ ਵਾਧਾ ਕਰਨ ਲਈ 'ਟ੍ਰੇਨ ਦਿ ਟ੍ਰੇਨਰ' ਪ੍ਰੋਗਰਾਮ ਵੀ ਲਾਗੂ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਚੁਣੇ ਹੋਏ ਅਧਿਆਪਕ ਖੁਦ ਟ੍ਰੇਨਰ ਬਣ ਕੇ ਆਪਣੇ ਗਿਆਨ ਨੂੰ ਦੂਜੇ ਸਿੱਖਿਅਕਾਂ ਨਾਲ ਸਾਂਝਾ ਕਰਨਗੇ ਜਿਸ ਨਾਲ ਇਕ ਅਜਿਹਾ ਮਾਹੌਲ ਸਿਰਜਿਆ ਜਾਵੇਗਾ ਜੋ ਪੰਜਾਬ ਵਿੱਚ ਸਮੁੱਚੀ ਪ੍ਰਾਇਮਰੀ ਸਕੂਲ ਸਿੱਖਿਆ ਪ੍ਰਣਾਲੀ ਲਈ ਸਾਕਾਰਾਤਮਕ ਤੇ ਸਾਰਥਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪਹੁੰਚ ਦਾ ਉਦੇਸ਼ ਸੂਬੇ ਭਰ ਵਿੱਚ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਇਕ ਸਵੈ-ਨਿਰਭਰ ਮਾਡਲ ਤਿਆਰ ਕਰਨਾ ਹੈ।


ਸਕੱਤਰ ਸਕੂਲ ਸਿੱਖਿਆ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਸਿਖਲਾਈ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਨਿਰੰਤਰ ਸਹਿਯੋਗ ਲਈ ਫਿਨਲੈਂਡ ਦੇ ਮਾਹਿਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਸਬੰਧੀ ਇਸ ਸਹਿਯੋਗ ਦੇ ਪ੍ਰਭਾਵ ਨੂੰ ਉਜਾਗਰ ਕੀਤਾ। ਐਸ.ਸੀ.ਈ.ਆਰ.ਟੀ., ਪੰਜਾਬ ਦੀ ਡਾਇਰੈਕਟਰ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਫਿਨਲੈਂਡ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਪੰਜਾਬ ਵਿੱਚ ਪ੍ਰਾਇਮਰੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਇਸ ਅੰਤਰਰਾਸ਼ਟਰੀ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ।


ਸਕੂਲ ਸਿੱਖਿਆ ਮੰਤਰੀ ਨੇ ਸ੍ਰੀ ਕਿਮੋ ਲਾਹਦੇਵਿਰਤਾ, ਫਿਨਲੈਂਡ ਦੂਤਾਵਾਸ ਵਿਖੇ ਵਿਗਿਆਨ ਅਤੇ ਉਚੇਰੀ ਸਿੱਖਿਆ ਦੇ ਕਾਊਂਸਲਰ ਸ੍ਰੀਮਤੀ ਲਿੱਸਾ ਟੋਇਵੋਨੇਨ, ਯੂਨੀਵਰਸਿਟੀ ਆਫ ਤੁਰਕੂ ਦੇ ਮੁੱਖ ਅਕਾਊਂਟ ਮੈਨੇਜਰ ਸ੍ਰੀ ਏਰੀ ਕੋਸਕੀ, ਫੈਕਲਟੀ ਆਫ਼ ਐਜੂਕੇਸ਼ਨ ਯੂਨੀਵਰਸਿਟੀ ਆਫ ਤੁਰਕੂ ਦੇ ਗਲੋਬਲ ਐਜੂਕੇਸ਼ਨਲ ਸਰਵਿਸਿਜ਼ ਦੇ ਚੇਅਰ ਸ੍ਰੀਮਤੀ ਕ੍ਰਿਸਟੀਨਾ ਹੇਕਿਲਾ, ਫਿਨਲੈਂਡ ਦੇ ਰਾਊਮਾ ਅਧਿਆਪਕ ਸਿਖਲਾਈ ਸਕੂਲ ਦੀ ਵਾਈਸ ਪ੍ਰਿੰਸੀਪਲ ਮਿਸ. ਸੋਇਲੀ ਨੌਰਾ ਅਤੇ ਅਧਿਆਪਕ ਸਿੱਖਿਆ ਵਿਭਾਗ ਦੀ ਸੀਨੀਅਰ ਖੋਜਕਰਤਾ ਸ੍ਰੀਮਤੀ ਸੁਵੀ ਪੁਓਲੱਕਾ ਦਾ ਸਨਮਾਨ ਕੀਤਾ।

Featured post

Punjab Board Class 10th Result 2025 LINK DATE : 28 ਅਪ੍ਰੈਲ ਨੂੰ ਐਲਾਨੇ ਜਾਣਗੇ 10 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਦਿਨ ਐਸ.ਏ.ਐਸ. ਨਗਰ, 23 ਅਪ੍ਰੈਲ ( ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖਿਆ ...

RECENT UPDATES

Trends