ਵਿਧਾਨ ਸਭਾ ਦੇ ਸਮਾਗਮਾਂ ਦੌਰਾਨ ਅਧਿਕਾਰੀਆਂ ਦੀਆਂ ਛੁੱਟੀਆਂ 'ਤੇ ਰੋਕ
**ਚੰਡੀਗੜ੍ਹ, 17 ਫਰਵਰੀ (ਜਾਬਸ ਆਫ ਟੁਡੇ):** ਪੰਜਾਬ ਵਿਧਾਨ ਸਭਾ ਦੇ 7ਵੇਂ ਸਮਾਗਮ ਦੀ ਵਿਸ਼ੇਸ਼ ਬੈਠਕ 24 ਫਰਵਰੀ, 2025 ਤੋਂ ਸ਼ੁਰੂ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਵਿਧਾਨ ਸਭਾ ਦੇ ਸਮਾਗਮਾਂ ਦੌਰਾਨ ਅਧਿਕਾਰੀਆਂ ਦੀਆਂ ਛੁੱਟੀਆਂ 'ਤੇ ਰੋਕ ਲਗਾ ਦਿੱਤੀ ਹੈ।
ਪੰਜਾਬ ਸਰਕਾਰ ਦੇ ਸੰਸਦੀ ਮਾਮਲਿਆਂ ਦੇ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ, ਕੈਟਾਗਰੀ-ਏ ਅਤੇ ਕੈਟਾਗਰੀ-ਬੀ ਦੇ ਅਧਿਕਾਰੀਆਂ ਨੂੰ ਵਿਧਾਨ ਸਭਾ ਦੇ ਸਮਾਗਮ ਦੌਰਾਨ ਛੁੱਟੀ 'ਤੇ ਜਾਣ ਤੋਂ ਵਰਜਿਆ ਗਿਆ ਹੈ। ਸਰਕਾਰ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਵਿਧਾਨ ਸਭਾ ਸਮਾਗਮ ਨਾਲ ਸਬੰਧਤ ਕੰਮਾਂ ਨੂੰ ਤੁਰੰਤ ਅਟੈਂਡ ਕਰਨ ਦੀ ਲੋੜ ਹੁੰਦੀ ਹੈ ਅਤੇ ਅਧਿਕਾਰੀਆਂ ਦੇ ਛੁੱਟੀ 'ਤੇ ਜਾਣ ਕਾਰਨ ਕੰਮ ਪ੍ਰਭਾਵਿਤ ਹੁੰਦਾ ਹੈ।
**ਮਜਬੂਰੀ ਕਾਰਨ ਛੁੱਟੀ ਲੈਣ 'ਤੇ ਪ੍ਰਵਾਨਗੀ ਜ਼ਰੂਰੀ:**
ਜੇਕਰ ਕਿਸੇ ਅਧਿਕਾਰੀ ਨੂੰ ਕੋਈ ਜ਼ਰੂਰੀ ਕੰਮ ਹੋਣ ਕਾਰਨ ਛੁੱਟੀ ਲੈਣੀ ਪੈਂਦੀ ਹੈ, ਤਾਂ ਉਸ ਨੂੰ ਆਪਣੇ ਉੱਚ ਅਧਿਕਾਰੀ ਤੋਂ ਛੁੱਟੀ ਮਨਜ਼ੂਰ ਕਰਵਾਉਣੀ ਹੋਵੇਗੀ। ਇਸ ਦੇ ਨਾਲ ਹੀ, ਛੁੱਟੀ ਮਨਜ਼ੂਰ ਕਰਨ ਵਾਲੇ ਅਧਿਕਾਰੀ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਛੁੱਟੀ 'ਤੇ ਜਾਣ ਵਾਲੇ ਅਧਿਕਾਰੀ ਦੇ ਕੰਮ ਨੂੰ ਨਿਪਟਾਉਣ ਲਈ ਕੋਈ ਹੋਰ ਪ੍ਰਬੰਧ ਕੀਤਾ ਜਾਵੇ।
**ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ:**
ਸਰਕਾਰ ਨੇ ਸਖ਼ਤ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾ ਸਕਦੀ ਹੈ।