ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੋਰਡ ਪ੍ਰੀਖਿਆਵਾਂ ਦੇ ਵਿਦਿਆਰਥੀਆਂ ਲਈ ਖਾਸ ਸੁਨੇਹਾ
ਚੰਡੀਗੜ੍ਹ, 18 ਫਰਵਰੀ 2025 ( ਜਾਬਸ ਆਫ ਟੁਡੇ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਸੁਨੇਹਾ ਜਾਰੀ ਕੀਤਾ ਹੈ। ਇਸ ਸੁਨੇਹੇ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਸੰਬੰਧੀ ਤਣਾਅ ਨੂੰ ਠੀਕ ਢੰਗ ਨਾਲ ਸੰਭਾਲਣ ਦੀ ਸਲਾਹ ਦਿੱਤੀ ਹੈ।
ਮੁੱਖ ਮੰਤਰੀ ਨੇ ਆਪਣੇ ਸੁਨੇਹੇ ਵਿੱਚ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਇਹ ਪ੍ਰੀਖਿਆ ਸਿਰਫ਼ ਇੱਕ ਪੜਾਅ ਹੈ, ਜੋ ਉਨ੍ਹਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦਿਵੇਗਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਮਨਪਸੰਦ ਵਿਸ਼ੇ ਚੁਣਨ ਦੀ ਨਸੀਹਤ ਦਿੱਤੀ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਜ਼ਮੀਨੀ ਹਕੀਕਤਾਂ ਨੂੰ ਧਿਆਨ ਵਿੱਚ ਰੱਖਣ ਦੀ ਅਪੀਲ ਕੀਤੀ।
ਇਸ ਨਾਲ-ਨਾਲ, ਸਕੂਲਾਂ ਨੂੰ ਮੁੱਖ ਮੰਤਰੀ ਦੇ ਸੁਨੇਹੇ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ ਦੀ ਹਦਾਇਤ ਦਿੱਤੀ ਗਈ ਹੈ। ਵਿਦਿਆਰਥੀਆਂ ਦੀ ਭਵਿੱਖ ਯੋਜਨਾ ਸੰਬੰਧੀ ਜਾਣਕਾਰੀ ਇਕੱਠੀ ਕਰਨ ਲਈ ਇੱਕ ਗੂਗਲ ਫਾਰਮ ਵੀ ਜਾਰੀ ਕੀਤਾ ਗਿਆ ਹੈ। ਸਾਰੇ ਵਿਦਿਆਰਥੀਆਂ ਨੂੰ ਇਹ ਫਾਰਮ ਖੁਦ ਭਰਨਾ ਹੋਵੇਗਾ, ਅਤੇ ਸਕੂਲ ਪ੍ਰਬੰਧਕ ਇਹ ਯਕੀਨੀ ਬਣਾਉਣਗੇ ਕਿ ਕੋਈ ਵੀ ਵਿਦਿਆਰਥੀ ਇਸ ਕਾਰਵਾਈ ਤੋਂ ਵੰਚਿਤ ਨਾ ਰਹੇ।
ਸਿੱਖਿਆ ਵਿਭਾਗ ਨੇ ਸਾਰੇ ਸਕੂਲ ਮੁਖੀਆਂ, ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਨੋਡਲ ਅਧਿਕਾਰੀਆਂ ਨੂੰ 18 ਫਰਵਰੀ 2025 ਤੱਕ ਇਹ ਪ੍ਰਕਿਰਿਆ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮੁੱਖ ਮੰਤਰੀ ਨੇ ਆਖਰੀ ਵਿੱਚ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਨਵੀਂ ਸ਼ੁਰੂਆਤ ਲਈ ਤਿਆਰ ਰਹਿਣ ਅਤੇ ਆਪਣੇ ਟੀਚਿਆਂ ਵੱਲ ਵਧਣ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਦੇਸ਼ ਵਿੱਚ ਕਿਹਾ "
ਪਿਆਰੇ ਵਿਦਿਆਰਥੀ,
ਸਭ ਤੋਂ ਪਹਿਲਾਂ ਤੁਹਾਨੂੰ ਇਮਤਿਹਾਨਾਂ ਲਈ ਸ਼ੁਭਕਾਮਨਾਵਾਂ! ਤੁਸੀਂ ਹੁਣ ਤੱਕ ਆਪਣੀ ਅਣਥੱਕ ਮਿਹਨਤ ਅਤੇ ਲਗਨ ਨਾਲ ਇਥੋਂ ਤੱਕ ਦਾ ਸਫ਼ਰ ਤੈਅ ਕੀਤਾ ਹੈ। ਮੇਰਾ ਅਸ਼ੀਰਵਾਦ ਹੈ ਕਿ ਤੁਸੀਂ ਆਪਣੀ 12ਵੀਂ ਦੀ ਪ੍ਰੀਖਿਆ ਵੀ ਚੰਗੇ ਅੰਕਾਂ ਨਾਲ ਪਾਸ ਕਰਕੇ ਆਪਣਾ, ਆਪਣੇ ਪਰਿਵਾਰ ਦਾ ਅਤੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕਰੋਗੇ।
ਹੁਣ 12ਵੀਂ ਜਮਾਤ ਦੀ ਇਹ ਪ੍ਰੀਖਿਆ ਤੁਹਾਡੇ ਸਕੂਲੀ ਜੀਵਨ ਦਾ ਆਖ਼ਰੀ ਪੜਾਅ ਹੈ। ਇਸ ਤੋਂ ਬਾਅਦ ਤੁਸੀਂ ਆਪਣੇ ਭਵਿੱਖ ਦਾ ਨਵਾਂ ਰਾਹ ਚੁਨਣ ਵਾਲੇ ਹੈ, ਚਾਹੇ ਉਹ ਉਚੇਰੀ ਸਿੱਖਿਆ ਹੋਵੇ, ਕੋਈ ਨੌਕਰੀ ਜਾਂ ਫਿਰ ਆਪਣਾ ਖ਼ੁਦ ਦਾ ਕਾਰੋਬਾਰ ਸ਼ੁਰੂ ਕਰਨ ਦਾ ਸੁਪਨਾ ਹੋਵੇ।
ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਮੈਨੂੰ ਤੁਹਾਡੇ ਭਵਿੱਖ ਦੀ ਚਿੰਤਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਜ਼ਿੰਦਗੀ ਦੇ ਅਗਲੇ ਪੜਾਅ ਵਿੱਚ ਮੇਰੀ ਸਰਕਾਰ ਦੀ ਪੂਰੀ ਸਹਾਇਤਾ ਮਿਲੇ।
ਇਸ ਮਕਸਦ ਨਾਲ ਮੈਂ ਇਸ ਪੱਤਰ ਦੇ ਨਾਲ ਇਕ ਗੂਗਲ ਫਾਰਮ ਭੇਜ ਰਿਹਾ ਹਾਂ। ਜੇਕਰ ਤੁਸੀਂ ਇਸ ਫਾਰਮ ਵਿੱਚ ਆਪਣੀਆਂ ਭਵਿੱਖੀ ਯੋਜਨਾਵਾਂ, ਜਿਵੇਂ ਕਿ ਤੁਸੀਂ ਕਿਹੜਾ ਕੋਰਸ ਕਰਨਾ ਚਾਹੁੰਦੇ ਹੋ, ਕਿਸ ਖੇਤਰ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹੋ, ਕਿਹੜੀ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਕਰਨਾ ਚਾਹੁੰਦੇ ਹੋ ਜਾਂ ਕੋਈ ਸਵੈ-ਰੋਜ਼ਗਾਰ ਦੀ ਯੋਜਨਾ ਬਣਾ ਰਹੇ ਹੋ, ਇਸ ਸਭ ਕੁੱਝ ਬਾਰੇ ਇਸ ਫਾਰਮ ਵਿੱਚ ਜਾਣਕਾਰੀ ਦਿਓਗੇ ਤਾਂ ਮੈਂ ਅਤੇ ਮੇਰੀ ਸਰਕਾਰ ਤੁਹਾਡੇ ਲਈ ਉੱਚਿਤ ਮਾਰਗਦਰਸ਼ਨ, ਸਿਖਲਾਈ ਅਤੇ ਕਾਉਂਸਲਿੰਗ ਉਪਲਬਧ ਕਰਵਾਉਣ ਦਾ ਯਤਨ ਕਰਾਂਗੇ। ਇਸ ਨਾਲ ਤੁਹਾਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਮਿਲੇਗੀ।
ਇਹ ਯਾਦ ਰੱਖਣਾ, ਇਹ ਮਹਿਜ਼ ਇਕ ਪ੍ਰੀਖਿਆ ਨਹੀਂ, ਬਲਕਿ ਤੁਹਾਡੇ ਸੁਨਹਿਰੀ ਭਵਿੱਖ ਵੱਲ ਪਲੇਠਾ ਤੇ ਅਹਿਮ ਕਦਮ ਹੈ। ਇਸ ਸਫ਼ਰ ਵਿੱਚ ਤੁਸੀਂ ਇਕੱਲੇ ਨਹੀਂ ਹੈ, ਤੁਹਾਡੇ ਮਾਤਾ-ਪਿਤਾ, ਅਧਿਆਪਕ ਅਤੇ ਪੂਰਾ ਪੰਜਾਬ ਤੁਹਾਡੇ ਨਾਲ ਹੈ।
ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਡੀ ਪ੍ਰੀਖਿਆ ਸ਼ਾਨਦਾਰ ਹੋਵੇ ਅਤੇ ਤੁਸੀਂ ਆਪਣੇ ਟੀਚੇ ਵੱਲ ਮਜ਼ਬੂਤੀ ਨਾਲ ਅੱਗੇ ਵਧੋ।
ਸ਼ੁਭਕਾਮਨਾਵਾਂ ਸਹਿਤ,
ਭਗਵੰਤ ਸਿੰਘ ਮਾਨ,
ਮੁੱਖ ਮੰਤਰੀ, ਪੰਜਾਬ।
ਭਗਵੰਤ ਸਿੰਘ ਮਾਨ
ਮੁੱਖ ਮੰਤਰੀ, ਪੰਜਾਬ