*ਵਿਦਿਆਰਥੀਆਂ ਨਾਲ ਗਲਤ ਵਤੀਰਾ ਵਰਤਣ ਖ਼ਿਲਾਫ਼ ਸਕੂਲ ਦਾ ਪ੍ਰਿੰਸੀਪਲ ਮੁਅੱਤਲ ਤੇ ਕੈਂਪਸ ਮੈਨੇਜਰ ਬਰਖਾਸਤ*
*• ਸਕੂਲ ਲੇਟ ਆਉਣ ਕਾਰਨ ਵਿਦਿਆਰਥੀਆਂ ਤੋਂ ਸਜ਼ਾ ਵਜੋਂ ਚੁਕਵਾਈ ਸੀ ਰੇਤਾ ਤੇ ਬੱਜਰੀ*
*•ਸਕੂਲਾਂ ਵਿੱਚ ਸੁਰੱਖਿਅਤ ਤੇ ਸਨਮਾਨਜਨਕ ਮਾਹੌਲ ਪ੍ਰਤੀ ਸਰਕਾਰ ਵਚਨਬੱਧ: ਹਰਜੋਤ ਸਿੰਘ ਬੈਂਸ*
ਚੰਡੀਗੜ੍ਹ, 24 ਜਨਵਰੀ:
ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਆਦੇਸ਼ਾਂ 'ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅੱਜ ਲੁਧਿਆਣਾ ਦੇ ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਅਤੇ ਸਕੂਲ ਦੇ ਕੈਂਪਸ ਮੈਨੇਜਰ ਨੂੰ ਬਰਖਾਸਤ ਕਰ ਦਿੱਤਾ ਗਿਆ। ਵਿਭਾਗ ਵੱਲੋਂ ਇਨ੍ਹਾਂ ਖਿਲਾਫ ਇਹ ਸਖਤ ਕਾਰਵਾਈ ਸਕੂਲ ਵਿਚ ਲੇਟ ਆਉਣ ਵਾਲੇ ਵਿਦਿਆਰਥੀਆਂ ਨੂੰ ਗ਼ੈਰਵਾਜ਼ਬ ਤੇ ਸਰੀਰਕ ਸਜ਼ਾ ਦੇਣ ਕਰਕੇ ਕੀਤੀ ਗਈ ਹੈ।
ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਨਗਰ, ਸਕੂਲ ਆਫ਼ ਐਮੀਨੈਂਸ (ਲੜਕੇ), ਲੁਧਿਆਣਾ ਦੇ ਪ੍ਰਿੰਸੀਪਲ ਅਤੇ ਕੈਂਪਸ ਮੈਨੇਜਰ ਨੇ ਸਕੂਲ ਵਿਚ ਦੇਰ ਨਾਲ ਆਉਣ ਵਾਲੇ ਵਿਦਿਆਰਥੀਆਂ ਤੋਂ ਸਜ਼ਾ ਵਜੋਂ ਰੇਤਾ ਅਤੇ ਬੱਜਰੀ ਚੁਕਵਾਈ ਗਈ ਸੀ। ਇਸ ਲਈ ਸਕੂਲ ਦੇ ਪ੍ਰਿੰਸੀਪਲ ਨੂੰ ਤਾਂ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਕੈਂਪਸ ਮੈਨੇਜਰ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।
ਸ. ਬੈਂਸ ਨੇ ਕਿਹਾ, ‘‘ਇਹ ਘਟਨਾ ਅੱਜ ਮੇਰੇ ਧਿਆਨ ਵਿੱਚ ਆਈ ਸੀ ਅਤੇ ਇਸ ਉੱਤੇ ਤੁਰੰਤ ਸਖ਼ਤ ਕਾਰਵਾਈ ਕੀਤੀ ਗਈ ਹੈ।’’ ਵਿਦਿਆਰਥੀਆਂ ਲਈ ਸਰਕਾਰੀ ਸਕੂਲਾਂ ਵਿੱਚ ਸੁਰੱਖਿਅਤ ਅਤੇ ਸਨਮਾਨਜਨਕ ਮਾਹੌਲ ਬਣਾਈ ਰੱਖਣ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਸਪੱਸ਼ਟ ਤੌਰ ’ਤੇ ਹਦਾਇਤ ਕੀਤੀ ਕਿ ਕਿਸੇ ਵੀ ਅਧਿਆਪਕ ਵੱਲੋਂ ਅਜਿਹਾ ਕੁਰਖ਼ਤ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਰੇ ਵਿਦਿਆਰਥੀਆਂ ਦੀ ਭਲਾਈ ਅਤੇ ਤਰੱਕੀ ਲਈ ਸਿੱਖਿਆ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਇਸ ਨੂੰ ਢਾਹ ਲਾਉਣ ਵਾਲੀ ਕਿਸੇ ਵੀ ਕਾਰਵਾਈ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।