ਸਿੱਖਿਆ ਬੋਰਡ ਨੇ ਡੀ.ਟੀ.ਐੱਫ. ਨੂੰ ਦਿੱਤੇ ਭਰੋਸੇ ਮੁਤਾਬਕ ਅੱਠਵੀਂ ਦੀ ਬੋਰਡ ਪ੍ਰੀਖਿਆ ਲਈ ਹਾਰਡ ਕਾਪੀ ਮੋਹਾਲੀ ਮੰਗਵਾਉਣ ਦਾ ਫੈਸਲਾ ਲਿਆ ਵਾਪਸ*
*ਅੱਠਵੀਂ ਜਮਾਤ ਦੀ ਫਰਵਰੀ-ਮਾਰਚ 2025 ਦੀ ਬੋਰਡ ਪ੍ਰੀਖਿਆ ਲਈ ਰਜਿਸਟਰੇਸ਼ਨ ਨੰਬਰ ਵਿੱਚ ਸੋਧ ਦੇ ਮਾਮਲੇ ਵਿੱਚ ਮੁੱਖ ਦਫ਼ਤਰ ਮੰਗਵਾਈ ਜਾ ਰਹੀ ਹਾਰਡ ਕਾਪੀ ਕਾਰਨ ਹਜ਼ਾਰਾਂ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਦਰਪੇਸ਼ ਆਰਥਿਕ ਅਤੇ ਮਾਨਸਿਕ ਸਮੱਸਿਆ ਦੇ ਵਿਰੋਧ ਵਜੋਂ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਇਸ ਮਾਮਲੇ ਨੂੰ ਵੱਡੇ ਪੱਧਰ 'ਤੇ ਮੀਡੀਆ ਰਾਹੀਂ ਉਭਾਰਿਆ ਗਿਆ। ਇਸ ਦੇ ਸੰਦਰਭ ਵਿੱਚ ਅੱਜ ਡੀ.ਟੀ.ਐੱਫ. ਦੇ ਵਫਦ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਸ੍ਰੀਮਤੀ ਪਰਲੀਨ ਕੌਰ ਬਰਾੜ ਨਾਲ ਮੁਲਾਕਾਤ ਕਰਕੇ ਇਸ ਬਾਰੇ ਮੰਗ ਪੱਤਰ ਸੌਂਪਿਆ ਗਿਆ। ਸਕੱਤਰ ਸਿੱਖਿਆ ਬੋਰਡ ਵੱਲੋਂ ਇਸ ਸੰਬੰਧੀ ਫੌਰੀ ਕਾਰਵਾਈ ਕਰਦਿਆਂ ਬੋਰਡ ਦੇ ਅਧਿਕਾਰੀਆਂ ਨੂੰ ਹਾਰਡ ਕਾਪੀ ਮੋਹਾਲੀ ਮੰਗਵਾਉਣ ਦੀ ਥਾਂ ਆਨ ਲਾਈਨ ਸੋਧ ਪ੍ਰਫੋਰਮਾ ਜਨਰੇਟ ਕਰਕੇ ਉਸ ਦੀ ਇੱਕ ਕਾਪੀ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ 31 ਜਨਵਰੀ 2025 ਤੱਕ ਬਿਨਾਂ ਕਿਸੇ ਫੀਸ ਈਮੇਲ ਕਰਨ ਦੀ ਆਪਸ਼ਨ ਦੇਣ ਦੀ ਹਦਾਇਤ ਕੀਤੀ ਗਈ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਸਿੱਖਿਆ ਬੋਰਡ ਵੱਲੋਂ ਇਸ ਤਬਦੀਲੀ ਸੰਬੰਧੀ ਨੋਟਿਸ ਸਕੂਲਾਂ ਦੀ ਬੋਰਡ ਦੀ ਆਈ.ਡੀ. 'ਤੇ ਅੱਜ ਹੀ ਪਾ ਦਿੱਤਾ ਜਾਵੇਗਾ। ਜਿਸ ਵਿੱਚ ਅਧਿਕਾਰਿਤ ਈ.ਮੇਲ. ਆਈਡੀ ਵੀਂ ਦਰਜ ਹੋਵੇਗੀ ਅਤੇ ਹੁਣ ਕਿਸੇ ਵੀਂ ਅਧਿਆਪਕ ਨੂੰ ਇਸ ਕੰਮ ਲਈ ਮੋਹਾਲੀ ਆਉਣ ਦੀ ਲੋੜ ਨਹੀਂ ਹੋਵੇਗੀ, ਪ੍ਰੰਤੂ ਸੋਧ ਪ੍ਰਫਾਰਮਾ ਜਨਰੇਟ ਕਰਕੇ ਈਮੇਲ ਭੇਜਣੀ ਲਾਜ਼ਮੀ ਹੋਵੇਗੀ, ਇਹ ਪੱਤਰ ਨੂੰ ਬਾਅਦ ਦੁਪਹਿਰ ਜਾਰੀ ਕਰ ਦਿੱਤਾ ਗਿਆ ਹੈ।*
*ਜਥੇਬੰਦੀ ਦੇ ਵਫ਼ਦ ਵਿੱਚ ਸੂਬਾ ਪ੍ਰਧਾਨ ਤੋਂ ਇਲਾਵਾ ਡੀਟੀਐੱਫ ਪਟਿਆਲਾ ਦੇ ਆਗੂ ਭਜਨ ਸਿੰਘ ਨੌਹਰਾ ਅਤੇ ਮਨੋਜ ਕੁਮਾਰ ਸ਼ਰਮਾ ਵੀਂ ਸ਼ਾਮਿਲ ਰਹੇ।*