MDM CHECKING: ਵਿਦਿਆਰਥੀਆਂ ਨੂੰ ਦੇਸੀ ਘਿਓ ਦਾ ਹਲਵਾ ਨਹੀਂ ਦੇਣ ਤੇ ਸਕੂਲਾਂ ਤੋਂ ਮੰਗਿਆ ਜਵਾਬ
ਗੁਰਦਾਸਪੁਰ, 24 ਜਨਵਰੀ ( ਜਾਬਸ ਆਫ ਟੁਡੇ) ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਵਿਜੇ ਦੱਤ ਜੀ ਵੱਲੋਂ 22 ਜਨਵਰੀ ਨੂੰ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਕਈ ਸਕੂਲਾਂ ਵਿੱਚ ਖਾਮੀਆਂ ਪਾਈਆਂ ਗਈਆਂ।
ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਢਡਿਆਲਾ ਨੱਟ, ਬਲਾਕ ਫਤਿਹਗੜ੍ਹ ਚੂੜੀਆਂ ਅਤੇ ਸਰਕਾਰੀ ਹਾਈ ਸਕੂਲ ਸ਼ੰਕਰਪੁਰਾ ਵਿੱਚ ਪੰਜਾਬ ਰਾਜ ਫੂਡ ਕਮਿਸ਼ਨ ਦੇ ਹੈਲਪਲਾਈਨ ਨੰਬਰ ਵਾਲਾ ਬੋਰਡ ਨਹੀਂ ਸੀ ਲਗਾਇਆ ਗਿਆ। ਇਸ ਤੋਂ ਇਲਾਵਾ, ਸਰਕਾਰੀ ਪ੍ਰਾਇਮਰੀ ਸਕੂਲ ਢਡਿਆਲਾ ਨੱਟ, ਬਲਾਕ ਫਤਿਹਗੜ੍ਹ ਚੂੜੀਆਂ ਅਤੇ ਸਰਕਾਰੀ ਹਾਈ ਸਕੂਲ ਸ਼ੰਕਰਪੁਰਾ ਵਿੱਚ ਹਰ ਬੁੱਧਵਾਰ ਨੂੰ ਬੱਚਿਆਂ ਨੂੰ ਦਿੱਤਾ ਜਾਣ ਵਾਲਾ ਦੇਸੀ ਘਿਓ ਦਾ ਹਲਵਾ ਵੀ ਨਹੀਂ ਸੀ ਦਿੱਤਾ ਜਾ ਰਿਹਾ।
ਇਸ ਸਬੰਧੀ ਜਦੋਂ ਸਕੂਲ ਦੇ ਸਟਾਫ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਪ੍ਰਾਇਮਰੀ), ਗੁਰਦਾਸਪੁਰ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਇਸ ਸਬੰਧੀ ਪਤਾ ਨਹੀਂ ਹੈ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਸ਼ੰਕਰਪੁਰਾ ਵਿੱਚ ਬੱਚੇ ਖਾਣਾ ਖਾ ਚੁੱਕੇ ਸਨ ਅਤੇ ਉਹਨਾਂ ਨੂੰ ਵੀ ਦੇਸੀ ਘਿਓ ਦਾ ਹਲਵਾ ਨਹੀਂ ਸੀ ਦਿੱਤਾ ਗਿਆ। ਇਸ ਸਬੰਧੀ ਸਕੂਲ ਦੀ ਇੰਚਾਰਜ ਨਵਦੀਪ ਕੌਰ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਧਿਆਨ ਵਿੱਚ ਨਹੀਂ ਸੀ।
ਇਸ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਅਫ਼ਸਰ ਗੁਰਦਾਸਪੁਰ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਨੋਟਿਸ ਕੱਢ ਕੇ ਉਹਨਾਂ ਦੀ ਜਵਾਬਦੇਹੀ ਫਿਕਸ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਰਿਪੋਰਟ ਪੰਜਾਬ ਰਾਜ ਫੂਡ ਕਮਿਸ਼ਨ ਨੂੰ ਭੇਜੀ ਜਾ ਸਕੇ।