ਚੋਣ ਕੰਮਾਂ ਸੰਬੰਧੀ ਡਿਊਟੀ ਨਿਭਾਉਣ ਵਾਲੇ ਸਮੂਹ ਮੁਲਾਜ਼ਮਾਂ ਦਾ ਮਿਹਨਤਾਨਾ ਫੌਰੀ ਜਾਰੀ ਕੀਤਾ ਜਾਵੇ- ਡੀ.ਟੀ.ਐਫ਼ ਪੰਜਾਬ
ਅੰਮ੍ਰਿਤਸਰ, 25 ਜੁਨ 2024...(): ਲੋਕ ਸਭਾ ਚੋਣਾਂ, 2024 ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਕੁੱਲ 11 ਅਸੈਂਬਲੀ ਸੈਗਮੈਂਟਾਂ ਵਿੱਚ ਵੱਖ-ਵੱਖ ਵਿਭਾਗਾਂ ਵਿੱਚੋਂ ਸੈਕੜੇ ਮੁਲਾਜ਼ਮਾਂ ਦੀ ਚੋਣ ਡਿਊਟੀ ਲਗਾਈ ਗਈ ਸੀ। ਇਸ ਸਬੰਧੀ ਸਾਂਝਾ ਪ੍ਰੈਸ ਨੋਟ ਜਾਰੀ ਕਰਦਿਆਂ ਸੂਬਾ ਵਿੱਤ ਸਕੱਤਰ-ਕਮ-ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਅਸ਼ਵਨੀ ਅਵਸਥੀ, ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਸੂਬਾ ਕਮੇਟੀ ਮੈਂਬਰ ਚਰਨਜੀਤ ਸਿੰਘ ਰਜਧਾਨ, ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਪਰਾਸ਼ਰ, ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਹਰਜਾਪ ਸਿੰਘ ਬੱਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ, ਮੁੱਖ ਚੋਣ ਅਫ਼ਸਰ ਪੰਜਾਬ ਅਤੇ ਜ਼ਿਲ੍ਹਾ ਚੋਣ ਅਫ਼ਸਰ ਅੰਮ੍ਰਿਤਸਰ ਵੱਲੋਂ ਚੋਣਾਂ ਦੀ ਤਿਆਰੀ ਤੋਂ ਲੈਕੇ ਚੋਣ ਕੰਮਾਂ ਦੇ ਮੁਕੰਮਲ ਹੋਣ ਤੱਕ ਮੁਲਾਜ਼ਮਾਂ ਕੋਲੋਂ ਵੱਖ-ਵੱਖ ਕਿਸਮ ਦੇ ਕੰਮਾਂ ਨੂੰ ਕਰਵਾਇਆ ਗਿਆ ਜਿਸ ਨੂੰ ਸਮੂਹ ਮੁਲਾਜ਼ਮਾਂ ਨੇ ਲੋਕ ਪ੍ਰਤੀਨਿਧਤਾ ਐਕਟ ਅਧੀਨ ਦਿੱਤੀਆਂ ਸ਼ਰਤਾਂ ਅਤੇ ਨਿਯਮਾਂ ਤਹਿਤ ਪੂਰੀ ਤਨਦੇਹੀ ਨਾਲ ਨੇਪਰੇ ਚਾੜ੍ਹਿਆ। ਲੋਕ ਸਭਾ ਚੋਣਾਂ ਦੇ ਕੰਮਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ 16 ਮਾਰਚ 2024 ਨੂੰ ਲੱਗਣ ਉਪਰੰਤ ਮੁਲਾਜ਼ਮਾਂ ਨੂੰ ਕਿੱਸੇ ਕਿਸਮ ਦੀ ਕੋਈ ਗਜਟਿਡ ਛੁੱਟੀ, ਕੋਈ ਦੂਜਾ ਜਾਂ ਚੌਥਾ ਸ਼ਨੀਵਾਰ ਅਤੇ ਕੋਈ ਐਤਵਾਰ ਦੀ ਛੁੱਟੀ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਬਹੁਤੇ ਜਾਇਜ਼ ਹਾਲਾਤ/ਕੇਸ ਹੋਣ ਦੇ ਬਾਵਜ਼ੂਦ ਮੁਲਾਜ਼ਮਾਂ ਨੂੰ ਚੋਣ ਡਿਊਟੀ ਨਿਭਾਉਣ ਵਾਸਤੇ ਮਜਬੂਰ ਕੀਤਾ ਗਿਆ। ਆਗੂਆਂ ਨੇ ਅਗਾਂਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਚੋਣਾਂ ਦੇ ਕੰਮਾਂ ਤੇ ਗਿਣਤੀ ਕੰਮਾਂ ਦੇ ਮੁਕੰਮਲ ਹੋਣ ਉਪਰੰਤ ਵੀ ਅੱਜ ਲਗਭਗ ਚੌਵੀ ਦਿਨ ਲੰਘ ਜਾਣ ਤੋਂ ਬਾਅਦ ਵੀ ਚੋਣ ਡਿਊਟੀ ਨਿਭਾਉਣ ਵਾਲੇ ਸਮੂਹ ਮੁਲਾਜ਼ਮਾਂ, ਸੁਪਰਵਾਈਜਰਜ਼. ਬੀ.ਐਲ.ਓਜ਼ ਦਾ ਮਿਹਨਤਾਨਾ ਜ਼ਿਲ੍ਹੇ/ ਅਸੈਂਬਲੀ ਸੈਗਮੈਂਟਾਂ ਵੱਲੋਂ ਜਾਰੀ ਨਹੀਂ ਕੀਤਾ ਗਿਆ। ਮੁਲਾਜ਼ਮਾਂ ਕੋਲੋ ਚੋਣ ਜ਼ਾਬਤੇ ਤੋਂ ਬਾਅਦ ਨਿਰੰਤਰ ਬਿਨਾਂ ਕਿਸੇ ਛੁੱਟੀ ਕੰਮ ਲੈਣ ਉਪਰੰਤ ਵੀ ਬਣਦੇ ਮਿਹਨਤਾਨੇ ਦੇ ਜਾਰੀ ਨਾ ਹੋਣ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਡੀ.ਟੀ.ਐਫ਼ ਜ਼ਿਲ੍ਹਾ ਅੰਮ੍ਰਿਤਸਰ ਕਮੇਟੀ ਦੇ ਆਗੂਆਂ ਜਰਮਨਜੀਤ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਨਾਭਾ, ਵਿੱਪਨ ਰਿਖੀ, ਕੇਵਲ ਸਿੰਘ, ਪਰਮਿੰਦਰ ਸਿੰਘ ਰਾਜਾਸਾਂਸੀ, ਰਾਕੇਸ਼ ਕੁਮਾਰ, ਨਰੇਸ਼ ਕੁਮਾਰ, ਕੁਲਦੀਪ ਸਿੰਘ ਵਰਨਾਲੀ, ਕੰਵਲਜੀਤ ਸਿੰਘ, ਹਰਪ੍ਰੀਤ ਸਿੰਘ ਨਾਰਿੰਜਨਪੁਰ, ਬਿਕਰਮਜੀਤ ਸਿੰਘ ਵਡਾਲਾ ਭਿੱਟੇਵੱਡ, ਜੁਝਾਰ ਸਿੰਘ ਟਪਿਆਲਾ, ਗੁਰਤੇਜ ਸਿੰਘ, ਸੁਖਵਿੰਦਰ ਸਿੰਘ ਬਿੱਟਾ, ਮਨਜੀਤ ਸਿੰਘ ਚੀਮਾ ਬਾਠ, ਬਲਦੇਵ ਕ੍ਰਿਸ਼ਨ, ਵਿਸ਼ਾਲ ਕਪੂਰ, ਵਿਕਾਸ ਕੁਮਾਰ, ਨਵਤੇਜ ਸਿੰਘ ਆਦਿ ਨੇ ਜ਼ਿਲ੍ਹਾ ਚੋਣ ਅਫ਼ਸਰ ਅੰਮ੍ਰਿਤਸਰ ਕੋਲੋਂ ਚੋਣਾਂ ਦੇ ਕੰਮਾਂ ਸੰਬੰਧੀ ਬਣਦੀਆਂ ਅਤੇ ਬਾਕੀ ਰਹਿੰਦਿਆਂ ਮਿਹਨਤਾਨੇ ਦੀਆਂ ਅਦਾਇਗੀਆਂ ਫੌਰੀ ਕਰਨ ਦੀ ਮੰਗ ਕੀਤੀ ਅਤੇ ਗਜਟਿਡ ਛੁੱਟੀਆਂ ਦੇ ਬਦਲੇ ਬਣਦੀਆਂ ਛੁੱਟੀਆਂ ਦੇਣ ਲਈ ਅਪੀਲ ਕੀਤੀ।