*- ਨੈਸ਼ਨਲ ਪਲਸ ਪੋਲੀਓ ਰਾਊਂਡ -*
*3 ਤੋਂ 7 ਮਾਰਚ ਤੱਕ 4.78 ਲੱਖ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ - ਸਿਵਲ ਸਰਜਨ ਡਾ. ਔਲਖ*
*- ਜਾਗਰੂਕਤਾ ਪੋਸਟਰ ਵੀ ਕੀਤਾ ਜਾਰੀ*
ਲੁਧਿਆਣਾ, 1 ਮਾਰਚ (Pbjobsoftoday) - ਜਿਲ੍ਹੇ ਭਰ ਵਿਚ 3 ਮਾਰਚ ਤੋ 7 ਮਾਰਚ ਤੱਕ ਪਲਸ ਪੋਲੀਓ ਦਾ ਨੈਸ਼ਨਲ ਰਾਊਡ ਚਲਾਇਆ ਜਾਵੇਗਾ, ਜਿਸ ਵਿਚ 0 ਤੋ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ, ਸਿਵਲ ਸਰਜਨ ਲੁਧਿਆਣਾ ਡਾ. ਜਸਬੀਰ ਸਿੰਘ ਔਲਖ ਵੱਲੋਂ ਪਲਸ ਪੋਲੀਓ ਮੁਹਿੰਮ ਦਾ ਪੋਸਟਰ ਜਾਰੀ ਕਰਦਿਆਂ ਕੀਤਾ। ਡਾ. ਔਲਖ ਨੇ ਦੱਸਿਆ ਕਿ ਮੁਹਿੰਮ ਸਬੰਧੀ ਵਿਭਾਗ ਵੱਲੋ ਸਾਰੀਆ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ ਜਿਸਦੇ ਤਹਿਤ ਸ਼ਹਿਰੀ ਖੇਤਰ ਵਿੱਚ ਇਹ ਮੁਹਿੰਮ 5 ਦਿਨ ਅਤੇ ਪੇਡੂ ਖੇਤਰ ਵਿਚ 3 ਦਿਨ ਤੱਕ ਚੱਲੇਗੀ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮਨੀਸ਼ਾ ਖੰਨਾ ਨੇ ਦੱਸਿਆ ਕਿ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਅਤੇ ਘਰ-ਘਰ ਪੋਲੀਓ ਬੂੰਦਾਂ ਪਿਲਾਉਣ ਲਈ 1535 ਟੀਮਾਂ ਗਠਿਤ ਕੀਤੀਆਂ ਗਈਆ ਹਨ। ਇਸ ਤੋ ਇਲਾਵਾ 80 ਟਰਾਂਜਿਟ ਟੀਮਾਂ ਅਤੇ 98 ਮੋਬਾਇਲ ਟੀਮਾਂ ਵੀ ਕੰਮ ਕਰਨਗੀਆ, ਜਿਨ੍ਹਾਂ ਦੀ ਦੇਖ-ਰੇਖ ਕਰਨ ਲਈ 506 ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਲਗਭਗ 11 ਲੱਖ 67 ਹਜ਼ਾਰ ਘਰ ਹਨ, ਜਿਨ੍ਹਾਂ ਵਿੱਚ ਲਗਭਗ 4 ਲੱਖ 78 ਹਜ਼ਾਰ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ।
ਇਹ ਮੁਹਿੰਮ ਜ਼ਿਲ੍ਹੇ ਭਰ ਦੇ ਹਾਈਰਿਸਕ ਖੇਤਰਾਂ ਤੋਂ ਇਲਾਵਾ ਸਾਹਨੇਵਾਲ, ਕੂੰਮਕਲਾਂ ਆਦਿ ਵਿੱਚ ਪੰਜ ਦਿਨ ਚੱਲੇਗੀ ਜਦਕਿ ਆਮ ਖੇਤਰਾਂ ਵਿਚ ਇਹ ਮੁਹਿੰਮ ਤਿੰਨ ਦਿਨ ਚੱਲੇਗੀ। ਡਾ. ਖੰਨਾ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ 0 ਤੋ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਜਰੂਰ ਪਿਲਾਉਣ।
----