ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਣ ਤੱਕ ਦੇ ਸਭ ਤੋਂ ਵੱਡੇ ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ 2487 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਲਈ ਨਿਯੁਕਤੀ ਪੱਤਰ ਸੌਂਪੇ ਜਿਸ ਨਾਲ ਪਿਛਲੇ ਦੋ ਸਾਲਾਂ ਵਿੱਚ ਲਗਭਗ 43,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।
ਮੁੱਖ ਮੰਤਰੀ ਨੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਮਿਸ਼ਨ ਰੋਜ਼ਗਾਰ’ ਨਾਲ ਨੌਜਵਾਨਾਂ ਦੇ ਮਨਾਂ ਵਿੱਚ ਪੈਦਾ ਹੋਈ ਨਕਾਰਾਤਮਕ ਭਾਵਨਾ ਦੂਰ ਕਰਨ ਵਿੱਚ ਮਦਦ ਮਿਲੀ ਹੈ ਜਿਸ ਕਾਰਨ ਉਨ੍ਹਾਂ ਨੇ ਹੁਣ ਵਿਦੇਸ਼ ਜਾਣ ਦਾ ਵਿਚਾਰ ਤਿਆਗ ਦਿੱਤਾ ਹੈ ਅਤੇ ਉਲਟਾ ਵਿਦੇਸ਼ ਗਏ ਪੰਜਾਬ ਦੇ ਨੌਜਵਾਨਾਂ ਵਿੱਚ ‘ਵਤਨ ਵਾਪਸੀ’ ਦਾ ਦੌਰ ਸ਼ੁਰੂ ਹੋ ਗਿਆ ਹੈ .
ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਮਾਣ ਤੇ ਤਸੱਲੀ ਦੀ ਗੱਲ ਹੈ ਕਿ ਲੜਕੀਆਂ ਹਰ ਖੇਤਰ ਵਿੱਚ ਲੜਕਿਆਂ ਨਾਲੋਂ ਅੱਗੇ ਹਨ ਅਤੇ ਅੱਜ ਵੀ ਜ਼ਿਆਦਾਤਰ ਨੌਕਰੀਆਂ ਲੜਕੀਆਂ ਨੇ ਹੀ ਹਾਸਲ ਕੀਤੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਲੜਕੀਆਂ ਨੂੰ ਹਰ ਖੇਤਰ ਵਿੱਚ ਮੱਲਾਂ ਮਾਰਨ ਲਈ ਵੱਧ ਤੋਂ ਵੱਧ ਮੌਕੇ ਦਿੱਤੇ ਜਾਣ ਤਾਂ ਕਿ ਉਹ ਸਫ਼ਲਤਾ ਦੀਆਂ ਨਵੀਆਂ ਕਹਾਣੀਆਂ ਲਿਖ ਸਕਣ।