ਪੁਰਾਣੀ ਪੈਨਸ਼ਨ ਲਈ ਸੰਘਰਸ਼ੀਲ ਚਾਰ ਜੱਥੇਬੰਦੀਆਂ ਦੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਹੋਈ ਪਲੇਠੀ ਸਾਂਝੀ ਮੀਟਿੰਗ
ਪੰਜਾਬ ਸਰਕਾਰ ਖਿਲਾਫ ਸਾਂਝੇ ਇੱਕਮੁੱਠ ਸੰਘਰਸ਼ ਲਈ ਚਾਰ ਜੱਥੇਬੰਦੀਆਂ ਨੇ ਦਿੱਤੀ ਸਹਿਮਤੀ
ਸਾਂਝੇ ਥੜੇ ਦੇ ਢਾਂਚੇ ਦੀ ਉਸਾਰੀ ਅਤੇ ਸੰਘਰਸ਼ੀ ਸੱਦਿਆਂ ਦੀ ਰੂਪ ਰੇਖਾ ਉਲੀਕਣ ਲਈ ਅਗਲੇ ਦਿਨਾਂ ਵਿੱਚ ਕੀਤੀ ਜਾਵੇਗੀ ਮੀਟਿੰਗ
ਜਲੰਧਰ, 13 ਜਨਵਰੀ 2024
ਪੁਰਾਣੀ ਪੈਨਸ਼ਨ ਲਈ ਵੱਖ ਵੱਖ ਫਰੰਟਾਂ ਤੇ ਲੜੇ ਜਾ ਰਹੇ ਸੰਘਰਸ਼ਾਂ ਨੂੰ ਉੱਦੋਂ ਵੱਡਾ ਬੱਲ ਮਿਲਿਆ ਜਦੋਂ ਅੱਜ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੰਘਰਸ਼ੀਲ ਚਾਰ ਜੱਥੇਬੰਦੀਆਂ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸਾਂਝੀ ਮੀਟਿੰਗ ਕੀਤੀ ਗਈ।ਸਾਂਝੀ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਜਸਵੀਰ ਤਲਵਾੜਾ,ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਵੱਲੋਂ ਗੁਰਜੰਟ ਸਿੰਘ ਕੋਕਰੀ ਕਲਾਂ,ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਅਤਿੰਦਰ ਪਾਲ ਸਿੰਘ ਸਾਥੀਆਂ ਸਮੇਤ ਅਤੇ ਸੀਪੀਐਫ ਇੰਪਲਾਇਜ਼ ਯੂਨੀਅਨ ਵੱਲੋਂ ਅਮਨਦੀਪ ਸਿੰਘ ਸ਼ਾਮਲ ਹੋਏ।
ਐੱਨ.ਪੀ.ਐੱਸ ਮੁਲਾਜ਼ਮਾਂ ਦਾ ਸੂਬੇ ਵਿੱਚ ਵਿਸ਼ਾਲ ਸਾਂਝਾ ਸੰਘਰਸ਼ ਉਸਾਰਨ ਦੀ ਸਮੇਂ ਦੀ ਅਣਸਰਦੀ ਲੋੜ ਨੂੰ ਸਮੂਹ ਜੱਥੇਬੰਦੀਆਂ ਵੱਲੋਂ ਹਾਂਪੱਖੀ ਹੁੰਗਾਰਾ ਦਿੱਤਾ ਗਿਆ।ਮੀਟਿੰਗ ਵਿੱਚ ਸਾਂਝੇ ਸੰਘਰਸ਼ ਪ੍ਰਤੀ ਸ਼ਾਮਲ ਸਭਨਾਂ ਧਿਰਾਂ ਵੱਲੋਂ ਆਪਣੇ ਵਿਚਾਰ ਰੱਖੇ ਗਏ।ਸਾਂਝੇ ਸੰਘਰਸ਼ ਦੀ ਠੋਸ ਰਣਨੀਤੀ ਉਲੀਕਣ ਲਈ ਅਗਲੇ ਦਿਨਾਂ ਵਿੱਚ ਜਲਦ ਹੀ ਦੁਬਾਰਾ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ।