*ਵਿਭਾਗੀ ਗਲਤੀ ਕਰਕੇ ਵਜ਼ੀਫ਼ੇ ਦੀ ਹੋਈ ਵਾਧੂ ਅਦਾਇਗੀ ਵਾਪਸ ਲੈਣ ਲਈ ਸਕੂਲ ਮੁਖੀਆਂ 'ਤੇ ਦਬਾਅ ਪਾਉਣਾ ਧੱਕੇਸ਼ਾਹੀ ਕਰਾਰ*
*ਜਿਹੜੇ ਵਿਦਿਆਰਥੀ ਸਕੂਲ ਛੱਡ ਚੁੱਕੇ ਹਨ ਉਨ੍ਹਾਂ ਤੋਂ ਰਿਕਵਰੀ ਕਰਨੀ ਔਖਾ ਕੰਮ : ਡੀ.ਟੀ.ਐੱਫ*
*ਵਿਭਾਗੀ ਨਲਾਇਕੀ ਦਾ ਖਮਿਆਜ਼ਾ ਸਕੂਲ ਮੁੱਖੀਆਂ ਨੂੰ ਭੁਗਤਨ ਲਈ ਮਜਬੂਰ ਕਰਨ ਦਾ ਤਿੱਖਾ ਵਿਰੋਧ: ਡੀ.ਟੀ.ਐੱਫ.*
ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਨੇ ਇੱਕ ਪੱਤਰ ਜਾਰੀ ਕਰਕੇ ਸੈਸ਼ਨ 2022-23 ਦੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਫਾਰ ਐੱਸ ਸੀ ਐਂਡ ਅਦਰਜ਼ ਸਕੀਮ ਅਧੀਨ ਵਜ਼ੀਫੇ ਦੀ ਰਾਸ਼ੀ ਦੀ ਦੋਹਰੀ/ਤੀਹਰੀ ਅਦਾਇਗੀ ਨੂੰ ਵਾਪਸ ਲੈਣ ਅਤੇ ਇਸ ਰਾਸ਼ੀ ਨੂੰ ਪਿਛਲੇ ਵਰ੍ਹੇ 20 ਅਕਤੂਬਰ ਤੱਕ ਮੁੱਖ ਦਫ਼ਤਰ ਦੇ ਖਾਤੇ ਵਿੱਚ ਜਮ੍ਹਾਂ ਕਰਾਉਣ ਦੇ ਹੁਕਮ ਦਿੱਤੇ ਸਨ, ਪਰ ਇਸ ਸਾਰੀ ਰਾਸ਼ੀ ਨੂੰ ਇਕੱਠਾ ਕਰਕੇ ਸਿੱਖਿਆ ਵਿਭਾਗ ਵੱਲੋਂ ਦਿੱਤੇ ਖਾਤੇ ਵਿੱਚ ਜਮ੍ਹਾਂ ਨਹੀਂ ਕਰਵਾਇਆ ਜਾ ਸਕਿਆ ਹੈ। ਜਿਸ ਉਪਰੰਤ ਹੁਣ ਸਿੱਖਿਆ ਅਫਸਰਾਂ ਵੱਲੋਂ ਹੁਣ ਸਕੂਲ ਮੁਖੀਆਂ ਉੱਪਰ ਵਜੀਫੇ ਦੀ ਰਹਿੰਦੀ ਰਕਮ ਇਕੱਠੀ ਕਰਨ ਬਾਰੇ ਪੱਤਰ ਜ਼ਾਰੀ ਕਰਦਿਆਂ ਬੇਲੋੜਾ ਦਬਾਅ ਬਣਾਇਆ ਜਾ ਰਿਹਾ ਹੈ
ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ,ਫਾਜ਼ਿਲਕਾ ਜਿਲ੍ਹਾ ਪ੍ਰਧਾਨ ਮਹਿੰਦਰ ਕੌੜਿਆਂ ਵਾਲੀ ਨੇ ਕਿਹਾ ਕਿ ਵਿਭਾਗ ਵੱਲੋਂ ਸੈਸ਼ਨ 2022-23 ਦੇ ਵਜ਼ੀਫ਼ੇ ਦੀ ਰਾਸ਼ੀ 23001 ਵਿਦਿਆਰਥੀਆਂ ਦੇ ਖਾਤਿਆਂ ਵਿੱਚ 1400 ਰੁਪਏ ਦੀ ਅਦਾਇਗੀ ਦੋ ਵਾਰ ਹੋ ਗਈ ਹੈ ਅਤੇ 694 ਵਿਦਿਆਰਥੀਆਂ ਦੇ ਖਾਤਿਆਂ ਵਿੱਚ ਇਹ ਅਦਾਇਗੀ ਤਿੰਨ ਵਾਰ ਹੋ ਗਈ ਹੈ ਅਤੇ ਵਿਭਾਗ ਇਸ ਪਿੱਛੇ ਤਕਨੀਕੀ ਨੁਕਸ ਐਲਾਨ ਕੇ ਆਪ ਜ਼ਿੰਮੇਵਾਰੀ ਤੋਂ ਭੱਜਦਾ ਹੋਇਆ ਸਕੂਲ ਮੁਖੀਆਂ ਨੂੰ ਰਿਕਵਰੀ ਕਰਨ ਦੇ ਹੁਕਮ ਦਿੱਤੇ ਗਏ ਸਨ। ਵਿਭਾਗ ਦੇ ਇੰਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ ਸਕੂਲ ਮੁਖੀਆਂ ਨੇ ਇਹ ਦੂਹਰੀ/ਤੀਹਰੀ ਅਦਾਇਗੀ ਨੂੰ ਵਾਪਸ ਹਾਸਲ ਕਰਨ ਲਈ ਯਤਨ ਕੀਤੇ ਹਨ ਪਰ ਫਿਰ ਵੀ ਵੱਡੀ ਗਿਣਤੀ ਵਿੱਚ ਪੂਰੀ ਦੀ ਪੂਰੀ ਰਾਸ਼ੀ ਇਕੱਤਰ ਨਹੀਂ ਹੋ ਸਕੀ ਅਤੇ ਵਿਭਾਗ ਵੱਲੋਂ ਲਾਈ ਯਕਮੁਸ਼ਤ ਜਮ੍ਹਾਂ ਕਰਾਉਣ ਦੀ ਸ਼ਰਤ ਕਰਕੇ ਜਿੰਨੀ ਰਾਸ਼ੀ ਇਕੱਠੀ ਕੀਤੀ ਜਾ ਸਕੀ ਉਹ ਵੀ ਖਾਤੇ ਵਿੱਚ ਜਮ੍ਹਾਂ ਨਹੀਂ ਕਰਵਾਈ ਜਾ ਸਕੀ। ਹੁਣ ਵਿਭਾਗ ਵੱਲੋਂ ਡੀ ਜੀ ਐੱਸ ਈ ਦੁਆਰਾ ਕੀਤੀ ਗਈ ਵੀਡੀਓ ਕਾਨਫਰੰਸਿੰਗ ਦਾ ਹਵਾਲਾ ਦਿੰਦਿਆਂ ਇਹ ਰਾਸ਼ੀ 15 ਜਨਵਰੀ ਤੱਕ ਜਮ੍ਹਾਂ ਕਰਵਾਉਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਵਿਭਾਗ ਵੱਲੋਂ ਅਜਿਹੀ ਅਣਗਹਿਲੀ ਲਈ ਵਿਭਾਗ ਦੇ ਅਧਿਕਾਰੀਆਂ 'ਤੇ ਅੱਜ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਸਗੋਂ ਸਕੂਲ ਮੁਖੀਆਂ ਨੂੰ ਡਰਾ ਧਮਕਾ ਕੇ ਰਾਸ਼ੀ ਇਕੱਠੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਅਧਿਆਪਕ ਅਤੇ ਸਕੂਲ ਮੁਖੀ ਆਪਣੀ ਜੇਬ ਵਿੱਚੋਂ ਰਾਸ਼ੀ ਜਮ੍ਹਾਂ ਕਰਵਾਉਣ ਲਈ ਮਜਬੂਰ ਹੋ ਰਹੇ ਹਨ। ਵਿਭਾਗ ਦੇ ਇਸ ਦਬਾਅ ਵਾਲੇ ਗੈਰ ਵਾਜਬ ਤੌਰ ਤਰੀਕਿਆਂ ਦੀ ਨਿਖੇਧੀ ਕਰਦਿਆਂ ਆਗੂਆਂ ਨੇ ਕਿਹਾ ਕਿ ਇਸ ਅਦਾਇਗੀ ਨੂੰ ਹੋਇਆਂ ਕਾਫੀ ਸਮਾਂ ਲੰਘ ਗਿਆ ਹੈ ਅਤੇ ਦੋਹਰੀ ਤੀਹਰੀ ਅਦਾਇਗੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚੋਂ ਅਨੇਕਾਂ ਵਿਦਿਆਰਥੀ ਸਕੂਲ ਛੱਡ ਚੁੱਕੇ ਹਨ ਉਨ੍ਹਾਂ ਤੋਂ ਰਿਕਵਰੀ ਕਰਨੀ ਔਖਾ ਕੰਮ ਹੈ। ਇਸ ਲਈ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਜਿੰਨੀ ਰਾਸ਼ੀ ਦੀ ਰਿਕਵਰੀ ਹੋ ਚੁੱਕੀ ਹੈ ਇੱਕ ਵਾਰ ਉਹੀ ਖਾਤੇ ਵਿੱਚ ਜਮ੍ਹਾਂ ਕਰਵਾ ਲਈ ਜਾਵੇ। ਆਗੂਆਂ ਨੇ ਕਿਹਾ ਕਿ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ 'ਤੇ ਕਾਰਵਾਈ ਕਰਨ ਦੀ ਥਾਂ ਸਕੂਲ ਮੁਖੀਆਂ 'ਤੇ ਪੂਰੀ ਦੀ ਪੂਰੀ ਰਾਸ਼ੀ ਨੂੰ ਇੱਕੋ ਵਾਰ ਜਮ੍ਹਾਂ ਕਰਵਾਉਣ ਦੇ ਵਿਭਾਗ ਵੱਲੋਂ ਪਾਏ ਜਾ ਰਹੇ ਗੈਰ ਵਾਜਬ ਦਬਾਅ ਦਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ।