ਬਲਾਕ ਫਾਜ਼ਿਲਕਾ 1ਅਤੇ ਖੂਈਆਂ ਸਰਵਰ ਦੇ ਵੱਖ ਵੱਖ ਸਕੂਲਾਂ ਵਿਚ ਮਨਾਇਆ ਗਿਆ ਰਾਸ਼ਟਰੀ ਏਕਤਾ ਦਿਵਸ
ਸਕੂਲਾਂ ਵਿਚ ਰਨ ਫਾਰ ਯੂਨੀਟੀ ਦਾ ਕੀਤਾ ਗਿਆ ਆਯੋਜਨ-ਬੀਪੀਈਓ ਸੁਨੀਲ ਕੁਮਾਰ
ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਵਿਦਿਆਰਥੀਆਂ ਨੇ ਚੁੱਕੀ ਸੁਹੰ -ਬੀਪੀਓ ਸਤੀਸ਼ ਮਿਗਲਾਨੀ
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਦੀ ਪ੍ਰੇਰਨਾ ਨਾਲ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਨੂੰ ਸਮਰਪਿਤ ਰਾਸ਼ਟਰੀ ਏਕਤਾ ਦਿਵਸ ਮਨਾਇਆ ਗਿਆ ।ਇਸ ਸਬੰਧੀ ਬੀਪੀਈਓ ਫਾਜ਼ਿਲਕਾ-1 ਸੁਨੀਲ ਕੁਮਾਰ ਅਤੇ ਬੀਪੀਈਓ ਖੂਈਆਂ ਸਰਵਰ ਸਤੀਸ਼ ਮਿਗਲਾਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰੀ ਏਕਤਾ ਦਿਵਸ ਹਰ ਸਾਲ 31 ਅਕਤੂਬਰ ਨੂੰ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ, ਸਰਦਾਰ ਵੱਲਭ ਭਾਈ ਪਟੇਲ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜੋ ਭਾਰਤ ਦੇ 'ਲੋਹ ਪੁਰਸ਼' ਵਜੋਂ ਜਾਣੇ ਜਾਂਦੇ ਹਨ। ਆਜ਼ਾਦੀ ਤੋਂ ਬਾਅਦ ਭਾਰਤ ਨੂੰ ਇਕਜੁੱਟ ਕਰਨ ਵਿਚ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਨ ਲਈ ਸਰਦਾਰ ਪਟੇਲ ਦੀ ਜਯੰਤੀ 'ਤੇ ਦੇਸ਼ ਭਰ ਵਿਚ ਰਾਸ਼ਟਰੀ ਏਕਤਾ ਦਿਵਸ ਮਨਾਇਆ ਜਾਂਦਾ ਹੈ।
ਰਾਸ਼ਟਰੀ ਏਕਤਾ ਦਿਵਸ ਦੀ ਸਥਾਪਨਾ ਕੇਂਦਰ ਸਰਕਾਰ ਦੁਆਰਾ 2014 ਵਿੱਚ ਕੀਤੀ ਗਈ ਸੀ।
ਸਮਾਗਮ ਦਾ ਮੁੱਖ ਉਦੇਸ਼ ਸਰਦਾਰ ਵੱਲਭ ਭਾਈ ਪਟੇਲ ਨੂੰ ਆਜ਼ਾਦੀ ਤੋਂ ਬਾਅਦ ਸਾਰੀਆਂ ਰਿਆਸਤਾਂ ਨੂੰ ਇਕੱਠਾ ਕਰਕੇ ਭਾਰਤ ਨੂੰ ਇਕਜੁੱਟ ਕਰਨ ਦੇ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਲਈ ਸ਼ਰਧਾਂਜਲੀ ਭੇਟ ਕਰਨਾ ਹੈ। 2014 ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ 'ਰਨ ਫਾਰ ਯੂਨਿਟੀ' ਸਮਾਗਮ ਦੇ ਨਾਲ ਪਹਿਲੇ ਰਾਸ਼ਟਰੀ ਏਕਤਾ ਦਿਵਸ ਦੇ ਜਸ਼ਨਾਂ ਦੀ ਅਗਵਾਈ ਕੀਤੀ। ਉਹਨਾਂ ਨੇ ਅੱਗੇ ਦੱਸਿਆ ਕਿ ਰਾਸ਼ਟਰੀ ਏਕਤਾ ਦਿਵਸ ਦਾ ਆਪਣਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਹ ਰਾਸ਼ਟਰ ਦੀ ਅੰਦਰੂਨੀ ਤਾਕਤ ਅਤੇ ਦ੍ਰਿੜਤਾ ਦੀ ਪੁਸ਼ਟੀ ਕਰਦਾ ਹੈ, ਨਾਗਰਿਕਾਂ ਨੂੰ ਏਕਤਾ, ਅਖੰਡਤਾ ਅਤੇ ਸੁਰੱਖਿਆ ਦੀ ਯਾਦ ਦਿਵਾਉਂਦਾ ਹੈ। ਅੱਜ ਰਾਸ਼ਟਰੀ ਏਕਤਾ ਦਿਵਸ ਮੌਕੇ ਅੱਜ ਬਲਾਕ ਫਾਜ਼ਿਲਕਾ-1 ਅਤੇ ਖੂਈਆਂ ਸਰਵਰ ਦੇ ਸਾਰੇ ਸਕੂਲਾਂ ਵਿਚ ਸਵੇਰ ਦੀ ਸਭਾ ਵਿੱਚ ਰਨ ਫਾਰ ਯੂਨੀਟੀ ਦਾ ਆਯੋਜਨ ਕਰਵਾਉਣ ਦੇ ਨਾਲ-ਨਾਲ ਰਾਸ਼ਟਰੀ ਏਕਤਾ ਦਿਵਸ ਦੀ ਸੁਹੰ ਵੀ ਚੁਕਵਾਈ ਗਈ।