*ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਐਕਸ਼ਨਾਂ ਦੇ ਦਬਾਅ ਸਦਕਾ ਸਕੂਲ ਆਫ ਐਮੀਨੈਂਸ ਵਿੱਚ 162 ਅਧਿਆਪਕਾਂ ਦੀਆਂ ਕੀਤੀਆਂ ਹੋਈਆਂ ਬਦਲੀਆਂ ਸਰਕਾਰ ਨੇ ਰੱਦ ਕੀਤੀਆਂ*
*ਅਧਿਆਪਕਾਂ ਦੀਆਂ ਗੈਰ ਵਿਦਿਅਕ ਕੰਮ ਵਿੱਚ ਲੱਗੀਆਂ ਡਿਊਟੀਆਂ ਰੱਦ ਕਰਨ ਦੀ ਮੰਗ*
ਜਲੰਧਰ (23 ਅਕਤੂਬਰ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਕਨਵੀਨਰ ਨਵਪ੍ਰੀਤ ਸਿੰਘ ਬੱਲੀ, ਸੁਰਿੰਦਰ ਕੁਮਾਰ ਪੁਆਰੀ, ਕਰਨੈਲ ਫਿਲੌਰ, ਸੁਖਚਰਨ ਜਲੰਧਰ, ਕੁਲਵਿੰਦਰ ਸਿੰਘ ਜੋਸਨ, ਕੁਲਦੀਪ ਸਿੰਘ ਬਾਹਮਣੀਆਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਅਧਿਆਪਕ ਬਦਲੀ ਨੀਤੀ ਨੂੰ ਛਿੱਕੇ ਟੰਗ ਕੇ ਅਧਿਆਪਕਾਂ ਦੀਆਂ ਦੂਰ ਦੁਰਾਡੇ ਦੇ ਐਮੀਨੈਂਸ ਸਕੂਲਾਂ ਵਿੱਚ ਜੋ ਜਬਰੀ ਬਦਲੀਆਂ ਕੀਤੀਆਂ ਗਈਆਂ ਸਨ,
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਵੱਖ-ਵੱਖ ਜ਼ਿਲਿਆਂ ਵਿੱਚ ਹੋਏ ਐਕਸ਼ਨਾਂ ਦੇ ਦਬਾਅ ਸਦਕਾ ਸਰਕਾਰ ਨੇ ਇਹ ਬਦਲੀਆਂ ਅੱਜ ਰੱਦ ਕੀਤੀਆਂ ਹਨ ਜੋ ਕਿ ਸਾਂਝੇ ਅਧਿਆਪਕ ਮੋਰਚੇ ਦੀ ਜਿੱਤ ਹੈ। ਆਗੂਆਂ ਨੇ ਬਦਲੀਆਂ ਰੱਦ ਕਰਨ ਬਾਰੇ ਸਿੱਖਿਆ ਮੰਤਰੀ ਦੇ ਬਿਆਨ ਨੂੰ ਬਹੁਤ ਹਾਸੋਹੀਣਾ ਕਰਾਰ ਦਿੱਤਾ ਹੈ, ਜਦ ਕਿ ਜਦੋਂ ਬਦਲੀਆਂ ਕੀਤੀਆਂ ਸਨ ਕਿ ਉਦੋਂ ਪੜ੍ਹਾਈ ਦਾ ਨੁਕਸਾਨ ਦਾ ਸਿੱਖਿਆ ਵਿਭਾਗ ਨੂੰ ਧਿਆਨ ਨਹੀਂ ਸੀ। ਇਹ ਬਦਲੀਆਂ ਅਧਿਆਪਕਾਂ ਦੇ ਸੰਘਰਸ਼ ਦੇ ਦਬਾਅ ਸਦਕਾ ਰੱਦ ਹੋਈਆਂ ਹਨ। ਆਗੂਆਂ ਨੇ ਕਿਹਾ ਕਿ ਜਿੱਥੇ ਸਰਕਾਰ ਨੇ ਇਹ ਬਦਲੀਆਂ ਰੱਦ ਕੀਤੀਆਂ ਹਨ, ਉੱਥੇ ਇਸ ਸਬੰਧੀ ਬਾਕੀ ਮੰਗਾਂ ਜੋ ਰਹਿੰਦੀਆਂ ਹਨ ਸਰਕਾਰ ਉਹਨਾਂ ਨੂੰ ਵੀ ਪਹਿਲ ਦੇ ਆਧਾਰ 'ਤੇ ਪੂਰਾ ਕਰੇ । ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਨਾਂ ਤੇ ਸਿਰਫ ਮਾਣ ਭੱਤੇ ਵਿੱਚ ਹੀ ਵਾਧਾ ਕਰਕੇ ਦੇਸ਼ ਵਿੱਚ ਅਧਿਆਪਕਾਂ ਦਾ ਸ਼ੋਸਣ ਕਰਨ ਦੀ ਜੋ ਨਵੀਂ ਪਿਰਤ ਇਸ ਸਰਕਾਰ ਨੇ ਪਾਈ ਹੈ, ਸਰਕਾਰ ਸਾਰੇ ਕੱਚੇ ਅਧਿਆਪਕਾਂ ਨੂੰ ਪੂਰੇ ਗਰੇਡਾਂ ਵਿੱਚ ਅਤੇ ਪੂਰੇ ਲਾਭਾਂ ਸਮੇਤ ਪੱਕਾ ਕਰੇ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਲੰਗੜਾ ਨੋਟੀਫਿਕੇਸ਼ਨ ਕਰਕੇ ਪੰਜਾਬ ਦੇ ਅਧਿਆਪਕਾਂ ਅਤੇ ਮੁਲਾਜ਼ਮਾਂ ਨਾਲ ਵਿਸ਼ਵਾਸ਼ਘਾਤ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸੈਂਕੜੇ ਕਰੋੜ ਰੁਪਏ ਬਕਾਇਆ ਨਾ ਦੇਣ ਕਾਰਨ ਬੋਰਡ ਵੱਲੋਂ ਵਿਦਿਆਰਥੀਆਂ ਤੋਂ ਸਰਟੀਫਿਕੇਟ ਫ਼ੀਸਾਂ, ਪ੍ਰੈਕਟੀਕਲ ਫੀਸਾਂ ਅਤੇ ਜੁਰਮਾਨੇ ਵਸੂਲ ਕੇ ਪ੍ਰਾਪਤ ਕੀਤੀ ਆਮਦਨ ਨਾਲ ਪੰਜਾਬ ਦਾ ਸਿੱਖਿਆ ਬੋਰਡ ਚਲਦਾ ਰੱਖਣ ਦੀ ਨਿਖੇਧੀ ਕੀਤੀ ਅਤੇ ਬੋਰਡ ਦਾ ਸਰਕਾਰ ਵੱਲ ਜ਼ੋ ਬਕਾਇਆ ਹੈ ਉਸ ਨੂੰ ਜਲਦੀ ਦੇਣ ਦੀ ਮੰਗ ਵੀ ਕੀਤੀ ਗਈ ਅਤੇ ਅਧਿਆਪਕਾਂ/ ਬੀ.ਐਲ.ਓ ਦੀਆਂ ਪਟਵਾਰੀਆਂ ਦੇ ਨਾਲ ਲਾਲ ਲਕੀਰ ਦੇ ਅੰਦਰ ਘਰਾਂ ਦੀ ਮਿਣਤੀ ਕਰਨ ਦੀਆਂ ਲਗਾਈਆਂ ਗਈਆਂ ਡਿਊਟੀਆਂ ਦੀ ਰੱਦ ਕਰਨ ਦੀ ਮੰਗ ਞੀ ਗਈ।
ਸਾਂਝਾ ਅਧਿਆਪਕ ਮੋਰਚਾ ਜ਼ਿਲ੍ਹਾ ਜਲੰਧਰ ਆਗੂਆਂ ਕੰਵਲਜੀਤ ਸੰਗੋਵਾਲ, ਰਸ਼ਮਿੰਦਰਪਾਲ ਸੋਨੂੰ, ਹਰਕਮਲ ਸਿੰਘ ਸੰਧੂ, ਬਲਜੀਤ ਸਿੰਘ ਕਲਾਰ, ਰਕੇਸ਼ ਕੁਮਾਰ ਬੰਟੀ, ਹਰਬੰਸ ਬਾਲੋਕੀ, ਬਲਵਿੰਦਰ ਸਿੰਘ ਕਾਲੜਾ, ਸੁਖਵਿੰਦਰ ਸਿੰਘ, ਰਮਨ ਕੁਮਾਰ ਗੁਪਤਾ, ਮੇਜਰ ਸਿੰਘ ਪੰਕਜ ਕੁਮਾਰ ਪ੍ਰਦੀਪ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਰੱਦ ਕਰਨ, ਕੱਚੇ ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲ ਵਿੱਚ ਪੱਕੇ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਿਫਟ ਕਰਨ, ਖਾਲੀ ਅਸਾਮੀਆਂ ਪੂਰੇ ਤਨਖਾਹ ਸਕੇਲ ਵਿੱਚ ਭਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਹਰ ਵਰਗ ਦੀਆਂ ਪ੍ਰਮੋਸ਼ਨਾਂ ਸਾਲ ਵਿੱਚ ਦੋ ਵਾਰ ਕਰਨ, ਪੰਜਵੇਂ ਤਨਖਾਹ ਕਮਿਸ਼ਨ ਵੱਲੋਂ ਸਿਫਾਰਸ਼ ਕੀਤੀ ਉਚੇਰੀ ਗਰੇਡ ਪੇਅ ਬਹਾਲ ਕਰਨ, 125% ਮਹਿੰਗਾਈ ਭੱਤੇ 'ਤੇ ਛੇਵੇਂ ਤਨਖਾਹ ਕਮਿਸ਼ਨ ਵੱਲੋਂ ਸਿਫਾਰਸ਼ ਕੀਤਾ 2.59 ਦਾ ਗੁਣਾਂਕ ਦੇਣ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਕਾਇਆ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਨ, ਸੋਧਣ ਦੇ ਬਹਾਨੇ ਬੰਦ ਕੀਤੇ ਸਮੁੱਚੇ ਭੱਤੇ ਬਹਾਲ ਕਰਨ, 15-1-2015 ਦਾ ਮੁਢਲੀ ਤਨਖਾਹ ਤੇ ਨਿਯੁਕਤੀ ਦਾ ਨੋਟੀਫਿਕੇਸ਼ਨ ਅਤੇ 17-7-2020 ਤੋਂ ਕੇਂਦਰ ਸਰਕਾਰ ਦੇ ਸਕੇਲ ਥੋਪਣ ਦਾ ਨੋਟੀਫਿਕੇਸ਼ਨ ਰੱਦ ਕਰਨ, 2018 ਦੇ ਅਧਿਆਪਕ ਵਿਰੋਧੀ ਨਿਯਮ ਰੱਦ ਕਰਨ ਸਮੇਤ ਅਧਿਆਪਕਾਂ ਦੀਆਂ ਭਖ਼ਦੀਆਂ ਮੰਗਾਂ ਬਾਰੇ ਸਿੱਖਿਆ ਮੰਤਰੀ ਪਹਿਲ ਦੇ ਅਧਾਰ ਤੇ ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਕਰਕੇ ਹੱਲ ਕਰੇ।