*14 ਦੀ ਚੰਡੀਗੜ੍ਹ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਦਾ ਫ਼ੈਸਲਾ*
*ਸਰਕਾਰ ਵਾਅਦੇ ਅਨੁਸਾਰ ਮਾਣ ਭੱਤਾ ਦੁੱਗਣਾ ਕਰੇ -ਰਾਜ ਰਾਣੀ*
ਨਵਾਂ ਸ਼ਹਿਰ 12 ਅਕਤੂਬਰ ( ) ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਤਹਿਸੀਲ ਨਵਾਂ ਸ਼ਹਿਰ ਦੀ ਮੀਟਿੰਗ ਰਾਜ ਰਾਣੀ ਦੀ ਪ੍ਰਧਾਨਗੀ ਹੇਠ ਹੋਈ। ਵਰਕਰਾਂ ਦੀ ਮੀਟਿੰਗ ਨੂੰ ਦਲਜੀਤ ਕੌਰ ਕੌਰ, ਨਿਰਮਲਾ ਦੇਵੀ, ਪਰਮਜੀਤ ਕੌਰ ਅਤੇ ਕਿਰਨਦੀਪ ਕੌਰ ਨੇ ਸੰਬੋਧਨ ਕੀਤਾ। ਜਿਸ ਵਿੱਚ ਪੰਜਾਬ ਸਰਕਾਰ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਨਾਲ ਮੀਟਿੰਗ ਨਾ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਮੀਟਿੰਗ ਵਿੱਚ ਮਿਡ-ਡੇ-ਮੀਲ ਵਰਕਰਾਂ, ਅਧਿਆਪਕਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ 14 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਹੋ ਰਹੀ ਰੈਲੀ ਵਿੱਚ ਮਿਡ-ਡੇ-ਮੀਲ ਵਰਕਰਾਂ ਵੱਲੋਂ ਵੱਡੀ ਪੱਧਰ ਤੇ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਡ-ਡੇ-ਮੀਲ ਵਰਕਰਾਂ ਦੇ ਨਿਗੁਣੇ ਮਾਣ ਭੱਤੇ ਵਿੱਚ ਦੁਗਣਾ ਵਾਧਾ ਕਰਨ ਦੇ ਵਾਅਦੇ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰਾ ਨਹੀਂ ਕੀਤਾ ਅਤੇ ਵਰਕਰਾਂ ਦੀਆਂ ਅਨੇਕਾਂ ਹੋਰ ਮੰਗਾਂ ਤੇ ਮੀਟਿੰਗਾਂ ਵਿੱਚ ਬਣੀਆਂ ਸਹਿਮਤੀਆਂ ਨੂੰ ਵੀ ਲਾਗੂ ਨਹੀਂ ਕੀਤਾ ਗਿਆ। ਜਿਸ ਨਾਲ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕੀਤੇ ਵਾਅਦੇ ਨੂੰ ਪੂਰਾ ਕਰੇ। ਇਸ ਦੇ ਨਾਲ ਹੀ ਅਨੇਕਾਂ ਮੰਗਾਂ ਤੇ ਸਿੱਖਿਆ ਮੰਤਰੀ ਵੱਲੋਂ ਸਹਿਮਤੀ ਦੇਣ ਦੇ ਬਾਵਜੂਦ ਲਾਗੂ ਨਹੀਂ ਕੀਤਾ ਜਾ ਰਿਹਾ। ਵਰਕਰਾਂ ਨੂੰ ਅਚਨਚੇਤ ਛੁੱਟੀਆਂ ਦੀ ਮਿਲੀ ਹੋਈ ਸਹੂਲਤ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਜਿਸ ਕਾਰਨ ਅਚਨਚੇਤ ਛੁੱਟੀਆਂ ਲੈਣ ਸਮੇਂ ਵਰਕਰਾਂ ਨੂੰ ਬਦਲਵੇਂ ਪ੍ਰਬੰਧ ਆਪਣੇ ਪੱਧਰ ਤੇ ਕਰਨੇ ਪੈ ਰਹੇ ਹਨ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਦਲਜੀਤ, ਕਮਲੇਸ਼, ਇੰਦਰਜੀਤ, ਸੰਤੋਸ਼ ਤੋਸ਼ੀ, ਕਮਲਜੀਤ ਕੌਰ, ਮਨਜੀਤ ਕੌਰ, ਪਰਮਜੀਤ ਕੌਰ, ਰਾਜ ਰਾਣੀ, ਸੁੱਖੀ, ਦਇਆ ਦੇਵੀ, ਸੀਮਾ, ਜਸਵਿੰਦਰ ਕੌਰ, ਰਣਜੀਤ ਕੌਰ, ਸੁਪਿੰਦਰ ਕੌਰ, ਨੀਲਮ ਰਾਣੀ, ਸੁਰਿੰਦਰ ਕੌਰ, ਕੁਲਵਿੰਦਰ ਕੌਰ, ਕਿਰਨਦੀਪ ਕੌਰ, ਜੋਤੀ, ਗੁਰਿੰਦਰ ਕੌਰ ਆਦਿ ਹਾਜ਼ਰ ਸਨ।