ਪੰਜਾਬ ਸਰਕਾਰ ਵਲੋਂ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਲਈ 1300 ਤੋਂ ਵੱਧ ਸੁਰੱਖਿਆ ਗਾਰਡਾਂ ਦੀ ਨਿਯੁਕਤੀ - ਹਰਜੋਤ ਬੈਂਸ

 ਪੰਜਾਬ ਸਰਕਾਰ ਵਲੋਂ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਲਈ 1300 ਤੋਂ ਵੱਧ ਸੁਰੱਖਿਆ ਗਾਰਡਾਂ ਦੀ ਨਿਯੁਕਤੀ - ਹਰਜੋਤ ਬੈਂਸ*


*- ਕਿਹਾ! ਸਾਰੇ ਸਰਕਾਰੀ ਸਕੂਲਾਂ ਦੀ ਚਾਰਦੀਵਾਰੀ ਕਰਵਾਉਣ ਲਈ 250 ਕਰੋੜ ਰੁਪਏ ਕੀਤੇ ਜਾਣਗੇ ਖਰਚ*


*- ਸੂਬੇ 'ਚ ਉੱਭਰਨਗੇ 63 ਨਵੇਂ ਸਕੂਲ ਆਫ਼ ਐਮੀਨੈਂਸ - ਸਿੱਖਿਆ ਮੰਤਰੀ*


ਲੁਧਿਆਣਾ, 4 ਅਕਤੂਬਰ (000) - ਪੰਜਾਬ ਸਰਕਾਰ ਵਲੋਂ ਨਿਵੇਕਲੀ ਪਹਿਲਕਦਮੀ ਕਰਦਿਆਂ ਸੂਬੇ ਵਿੱਚ ਮੌਜੂਦਾ ਸਿੱਖਿਆ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰੀ ਸਕੂਲਾਂ ਲਈ 1378 ਸੁਰੱਖਿਆ ਗਾਰਡਾਂ ਦੀ ਨਿਯੁਕਤੀ ਕੀਤੀ ਗਈ ਹੈ।




ਸਥਾਨਕ ਸਰਕਾਰੀ ਮੈਰੀਟੋਰੀਅਸ ਸਕੂਲ ਵਿਖੇ ਸੁਰੱਖਿਆ ਗਾਰਡਾਂ ਦੇ ਓਰੀਐਂਟੇਸ਼ਨ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਨਵ-ਨਿਯੁਕਤ ਸੁਰੱਖਿਆ ਗਾਰਡ ਨਾ ਸਿਰਫ਼ ਵਿਦਿਆਰਥੀਆਂ ਦੀ ਸੁਰੱਖਿਆ ਦਾ ਧਿਆਨ ਰੱਖਣਗੇ ਸਗੋਂ ਇਹ ਵੀ ਯਕੀਨੀ ਬਣਾਉਣਗੇ ਕਿ ਵਿਦਿਆਰਥੀ ਪੜ੍ਹਾਈ ਦੇ ਸਮੇਂ ਸਕੂਲ ਛੱਡ ਕੇ ਬਾਹਰ ਨਾ ਜਾਣ। ਉਨ੍ਹਾਂ ਕਿਹਾ ਕਿ 500 ਤੋਂ ਵੱਧ ਵਿਦਿਆਰਥੀਆਂ ਦੀ ਗਿਣਤੀ ਵਾਲੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸੁਰੱਖਿਆ ਗਾਰਡ ਤਾਇਨਾਤ ਹੋਣਗੇ ਜੋ ਸਕੂਲ ਦੇ ਅੰਦਰ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਗੇ।




ਕੈਬਨਿਟ ਮੰਤਰੀ ਬੈਂਸ ਨੇ ਦੱਸਿਆ ਕਿ ਇਹ ਸੁਰੱਖਿਆ ਗਾਰਡ ਸਕੂਲਾਂ ਦੇ ਐਂਟਰੀ ਅਤੇ ਬਾਹਰ ਜਾਣ ਵਾਲੇ ਗੇਟਾਂ 'ਤੇ ਤਾਇਨਾਤ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਯਕੀਨੀ ਬਣਾਉਣਗੇ ਕਿ ਸਕੂਲ ਸਮੇਂ ਦੌਰਾਨ ਕੋਈ ਵੀ ਵਿਦਿਆਰਥੀ ਪ੍ਰਿੰਸੀਪਲ ਦੀ ਇਜਾਜ਼ਤ ਤੋਂ ਬਿਨਾਂ ਸਕੂਲ ਤੋਂ ਬਾਹਰ ਨਾ ਜਾ ਸਕੇ ਅਤੇ ਸਕੂਲ ਵਿੱਚ ਆਉਣ-ਜਾਣ ਵਾਲਿਆਂ ਦਾ ਰਿਕਾਰਡ ਵੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੁਰੱਖਿਆ ਗਾਰਡ ਵਿਦਿਆਰਥੀਆਂ ਦੀ ਸਕੂਲਾਂ ਵਿੱਚ ਆਉਣ ਅਤੇ ਬਾਹਰ ਜਾਣ ਸਮੇਂ ਸਹੂਲਤ ਲਈ ਸਕੂਲ ਦੇ ਬਾਹਰ ਆਵਾਜਾਈ ਦਾ ਪ੍ਰਬੰਧ ਵੀ ਕਰਨਗੇ।




ਸਕੱਤਰ ਸਕੂਲ ਸਿੱਖਿਆ ਕਮਲ ਕਿਸ਼ੋਰ ਯਾਦਵ ਦੇ ਨਾਲ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਅਤਿ-ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾ ਕੇ ਸੂਬੇ ਦੇ ਸਿੱਖਿਆ ਖੇਤਰ ਦੀ ਕਾਇਆ ਕਲਪ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਾਰੇ ਸਰਕਾਰੀ ਸਕੂਲਾਂ ਦੀ ਲਗਭਗ 1018 ਕਿਲੋਮੀਟਰ ਲੰਬੀ ਚਾਰਦੀਵਾਰੀ ਲਈ 250 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰ੍ਹਾਂ 2000 ਦੇ ਕਰੀਬ ਕੈਂਪਸ ਮੈਨੇਜਰਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ ਜੋ ਸਕੂਲਾਂ ਦੀਆਂ ਇਮਾਰਤਾਂ ਦੀ ਸਾਂਭ-ਸੰਭਾਲ ਦਾ ਜ਼ਿੰਮਾ ਸੰਭਾਲਣਗੇ ਕਿਉਂਕਿ ਇਹ ਕੈਂਪਸ ਪ੍ਰਬੰਧਕ ਆਪਣਾ ਵੱਧ ਤੋਂ ਵੱਧ ਸਮਾਂ ਰੱਖ-ਰਖਾਅ ਸਬੰਧੀ ਮੁੱਦਿਆਂ ਨੂੰ ਹੱਲ ਕਰਨ ਲਈ ਸਕੂਲਾਂ ਵਿੱਚ ਬਿਤਾਉਣਗੇ।




ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਪਹਿਲੀ ਵਾਰ ਸਕੂਲਾਂ ਨੂੰ ਸਫ਼ਾਈ ਕਾਰਜਾਂ ਲਈ ਫੰਡ ਜਾਰੀ ਕੀਤੇ ਗਏ ਹਨ ਤਾਂ ਜੋ ਸਕੂਲ ਦੀਆਂ ਇਮਾਰਤਾਂ ਦਿਨ ਭਰ ਸਾਫ਼-ਸੁਥਰੀਆਂ ਅਤੇ ਸਵੱਛ ਰਹਿਣ। ਉਨ੍ਹਾਂ ਦੱਸਿਆ ਕਿ ਇਹ ਫੰਡ 3000 ਤੋਂ 50000 ਰੁਪਏ ਪ੍ਰਤੀ ਮਹੀਨਾ ਵਿਦਿਆਰਥੀਆਂ ਦੀ ਗਿਣਤੀ ਦੇ ਹਿਸਾਬ ਨਾਲ ਜਾਰੀ ਕੀਤੇ ਜਾਣਗੇ ਅਤੇ ਪ੍ਰਿੰਸੀਪਲ ਇਨ੍ਹਾਂ ਫੰਡਾਂ ਦੀ ਵਰਤੋਂ ਆਪਣੇ ਸਕੂਲਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਲਈ ਕਰਨਗੇ। ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਵਿਕਾਸ ਦੀ ਲੀਹ 'ਤੇ ਲਿਆਉਣ ਲਈ ਸਿੱਖਿਆ ਅਤੇ ਸਿਹਤ ਖੇਤਰਾਂ ਦੀ ਕਾਇਆ-ਕਲਪ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਇਨ੍ਹਾਂ ਖੇਤਰਾਂ ਵਿੱਚ ਮੋਹਰੀ ਸੂਬਾ ਬਣ ਜਾਵੇਗਾ ਕਿਉਂਕਿ ਲੋਕਾਂ ਨੂੰ ਉੱਚ ਪੱਧਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਮਿਲਣਗੀਆਂ।




-----

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends