ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦਾ ਜਥਾ ਭਾਰਤ ਛੱਡੋ ਅੰਦੋਲਨ ਦੇ ਇਤਿਹਾਸਕ ਦਿਨ ਖਟਕੜ ਕਲਾਂ ਤੋਂ ਹੋਇਆ ਰਵਾਨਾ

 *ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦਾ ਜਥਾ ਭਾਰਤ ਛੱਡੋ ਅੰਦੋਲਨ ਦੇ ਇਤਿਹਾਸਕ ਦਿਨ ਖਟਕੜ ਕਲਾਂ ਤੋਂ ਹੋਇਆ ਰਵਾਨਾ* 

*ਅੱਜ ਸ਼ਹੀਦਾਂ ਦੀਆਂ ਯਾਦਗਾਰਾਂ ਤੋਂ ਰਵਾਨਾ ਹੋਏ ਫੈਡਰੇਸ਼ਨ ਦੇ ਚਾਰ ਜਥੇ 12 ਅਗਸਤ ਤੱਕ ਸ਼ਹਿਰਾਂ ਵਿੱਚ ਮਾਰਚ ਕਰਨਗੇ*

*ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਹੱਲ ਨਾ ਕਰਨ ਦੀ ਵਾਅਦਾ ਖਿਲਾਫੀ ਵਿਰੁੱਧ ਕੀਤਾ ਜਾਵੇਗਾ ਤਿੱਖਾ ਸੰਘਰਸ਼ - ਬਾਸੀ*

*ਹਜ਼ਾਰਾਂ ਅਸਾਮੀਆਂ ਖਤਮ ਕਰਕੇ ਲੋਕਾਂ ਨੂੰ ਸੇਵਾਵਾਂ ਦੇਣ ਤੋਂ ਭੱਜੀ ਸਰਕਾਰ -ਵਾਹਿਦਪੁਰੀ*

ਨਵਾਂ ਸ਼ਹਿਰ 9 ਅਗਸਤ ( ) ਕੁਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਅਤੇ ਕੇਂਦਰੀ ਸਰਕਾਰ ਦੇ ਮੁਲਾਜ਼ਮਾਂ ਅਤੇ ਕਾਮਿਆਂ ਦੀ ਕਨਫੈਡਰੇਸ਼ਨ ਦੇ ਸਾਂਝੇ ਸੱਦੇ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਭਾਰਤ ਛੱਡੋ ਅੰਦੋਲਨ ਦੇ ਇਤਿਹਾਸਕ ਦਿਨ ਅੱਜ ਤੋਂ ਜਲਿਆਂਵਾਲਾ ਬਾਗ਼, ਖਟਕੜ ਕਲਾਂ, ਹੁਸੈਨੀਵਾਲਾ ਅਤੇ ਚੱਪੜਚਿੜੀ ਤੋਂ ਸ਼ਹੀਦਾਂ ਦੀਆਂ ਯਾਦਗਾਰਾਂ ਤੋਂ ਆਪਣੀਆਂ ਮੰਗਾਂ ਦਾ ਪ੍ਰਚਾਰ ਕਰਨ ਲਈ ਚਾਰ ਜਥੇ ਰਵਾਨਾ ਹੋਏ। ਅੱਜ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੀ ਯਾਦਗਾਰ ਖਟਕੜ ਕਲਾਂ ਤੋਂ ਰਵਾਨਾ ਹੋਏ ਜਥੇ ਦੀ ਅਗਵਾਈ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਅਤੇ ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਕੀਤੀ। ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਨ ਸਮੇਂ ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨਾਲ ਉਨ੍ਹਾਂ ਦੇ ਮਸਲੇ ਹੱਲ ਕਰਨ ਦਾ ਵਾਅਦਾ ਕੀਤਾ ਸੀ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਰ-ਵਾਰ ਬੋਰਡ ਲਾਉਣ ਅਤੇ ਪ੍ਰਚਾਰ ਕਰਨ ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ। ਪਰ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਗਿਆ। ਸਗੋਂ ਪੱਕੇ ਕਰਨ ਦੇ ਨਾਂ ਤੇ ਮੁਲਾਜ਼ਮ ਵਿਰੋਧੀ ਨਵੀਂ ਪਿਰਤ ਪਾਈ ਗਈ ਹੈ। ਜਿਸ ਨਾਲ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਪ੍ਰਭਾਵਿਤ ਹੋਣਗੀਆਂ।



       ਇਸ ਸਬੰਧੀ ਜਾਣਕਾਰੀ ਦਿੰਦਿਆਂ ਪ ਸ ਸ ਫ ਦੇ ਸੂਬਾ ਕਮੇਟੀ ਮੈਂਬਰ ਮੋਹਣ ਸਿੰਘ ਪੂੰਨੀਆ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਦੀਸ਼ ਸਿੰਘ ਨੇ ਦੱਸਿਆ ਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜੱਥਿਆਂ ਦੀਆਂ ਮੁੱਖ ਮੰਗਾਂ ਵਿੱਚ ਸਮੁੱਚੇ ਸਰਕਾਰੀ / ਅਰਧ ਸਰਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਬਹਾਲ ਕਰਨ, ਹਰ ਤਰ੍ਹਾਂ ਦੇ ਕੱਚੇ, ਮਾਣ-ਭੱਤਾ ਅਤੇ ਇਨਸੈਂਟਿਵ ਮੁਲਾਜ਼ਮ ਪੱਕੇ ਕਰਨ, ਸਾਰੀਆਂ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਤੁਰੰਤ ਭਰਨ, ਛੇਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ ਅਤੇ ਰਹਿੰਦੀ ਰਿਪੋਰਟ ਜਾਰੀ ਕਰਨ, ਪੈਨਸ਼ਨਰਾਂ ਤੇ 2.59 ਗੁਣਾਂਕ ਲਾਗੂ ਕਰਨ, ਤਨਖਾਹ ਦੁਹਰਾਈ ਦੇ ਬਕਾਏ ਯਕਮੁਸ਼ਤ ਜਾਰੀ ਕਰਨ, ਮੁਲਾਜ਼ਮਾਂ ਦੇ ਬੰਦ ਕੀਤੇ ਭੱਤੇ ਸੋਧ ਕੇ ਬਹਾਲ ਕਰਨ, ਪਰਖ ਸਮੇਂ ਦੌਰਾਨ ਭੱਤਿਆਂ ਸਮੇਤ ਪੂਰੀ ਤਨਖਾਹ ਦੀ ਵਿਵਸਥਾ ਬਹਾਲ ਕਰਨ, ਤਰਸ ਦੇ ਆਧਾਰ ਤੇ ਨੌਕਰੀ ਦੇਣ ਸਮੇਂ ਪਾਬੰਦੀਆਂ ਖਤਮ ਕਰਨ, ਜਨਤਕ ਖੇਤਰ ਦੇ ਅਦਾਰਿਆਂ ਦਾ ਨਿਜੀਕਰਨ ਅਤੇ ਨਿਗਮੀਕਰਨ ਬੰਦ ਕਰਨ, ਰਾਸ਼ਟਰੀ ਸਿੱਖਿਆ ਨੀਤੀ 2020 ਰੱਦ ਕਰਨ, ਹਰ ਪੰਜ ਸਾਲ ਬਾਅਦ ਤਨਖਾਹ ਦੁਹਰਾਈ ਕਰਨ, ਜਮਹੂਰੀ ਟਰੇਡ ਯੂਨੀਅਨ ਅਧਿਕਾਰ ਯਕੀਨੀ ਬਣਾਉਣ ਆਦਿ ਮੰਗਾਂ ਸ਼ਾਮਲ ਹਨ।

         ਮੁਲਾਜ਼ਮਾਂ ਦੀਆਂ ਮੰਗਾਂ ਦਾ ਨਾਅਰਿਆਂ ਰਾਹੀਂ ਪ੍ਰਚਾਰ ਕਰਦਾ ਹੋਇਆ ਜਥਾ ਨਵਾਂ ਸ਼ਹਿਰ ਤੋਂ ਹੁੰਦਾ ਹੋਇਆ ਰਾਹੋਂ ਬੱਸ ਸਟੈਂਡ ਤੇ ਪਹੁੰਚਿਆ। ਜਿਥੇ ਵੱਡੀ ਗਿਣਤੀ ਵਿੱਚ ਅਧਿਆਪਕ, ਮੁਲਾਜ਼ਮ ਅਤੇ ਮਿਡ ਡੇ ਮੀਲ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਰਨੈਲ ਸਿੰਘ ਰਾਹੋਂ, ਕਸ਼ਮੀਰ ਸਿੰਘ, ਸੁਰਿੰਦਰ ਪਾਲ, ਬਿਕਰਮਜੀਤ ਸਿੰਘ, ਮਨਜਿੰਦਰਜੀਤ ਸਿੰਘ, ਸੁੱਖ ਰਾਮ, ਪੰਕਜ ਗਰਗ, ਜਸਵੀਰ ਮੋਰੋਂ, ਰਿੰਪੀ ਰਾਣੀ ਨੇ ਮੁਲਾਜ਼ਮ ਮੰਗਾਂ ਦੀ ਸਰਕਾਰ ਵੱਲੋਂ ਅਣਦੇਖੀ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਵਾਧਾ ਦੇਣ ਦੀ ਬਜਾਏ ਉਨ੍ਹਾਂ ਨੂੰ ਪਹਿਲਾਂ ਮਿਲਦੀਆਂ ਸਹੂਲਤਾਂ ਵਿੱਚ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਵਿਕਾਸ ਟੈਕਸ ਦੇ ਨਾਂ ਤੇ ਜਜੀਆ ਵਸੂਲਿਆ ਜਾਂਦਾ ਹੈ ਤਾਂ ਫਿਰ ਬਦਲਾਅ ਵਾਲ਼ੀ ਸਰਕਾਰ ਨੂੰ ਮੁਲਾਜ਼ਮ ਅਤੇ ਪੈਨਸ਼ਨਰ ਬਰਦਾਸ਼ਤ ਨਹੀਂ ਕਰਨਗੇ। ਮਿਡ ਡੇ ਮੀਲ ਵਰਕਰਾਂ ਦੇ ਨਿਗੁਣੇ ਭੱਤੇ ਵਿੱਚ ਡੇਢ ਸਾਲ ਬੀਤ ਜਾਣ ਬਾਅਦ ਵੀ ਵਾਧਾ ਨਹੀਂ ਕੀਤਾ ਗਿਆ। ਵਾਤਾਵਰਣ ਨੂੰ ਬਚਾਉਣ ਵਾਲੇ ਜੰਗਲਾਤ ਕਾਮਿਆਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। 

           ਅੱਜ ਜਥਾ ਮਾਰਚ ਵਿੱਚ ਕੁਲਦੀਪ ਕੌੜਾ, ਦੀਪ ਕੁਮਾਰ, ਦੇਸ ਰਾਜ ਬੱਜੋਂ, ਜਗਤਾਰ ਸਿੰਘ, ਬਲਬੀਰ ਸਿੰਘ, ਕੁਲਵਿੰਦਰ ਸਿੰਘ, ਗੁਰਨਾਮ ਸਿੰਘ, ਅਕੁਲ ਰਾਏ, ਪਰਮਿੰਦਰ ਸੰਧੂ, ਪਰਸ਼ੋਤਮ ਲਾਲ, ਜੀਤ ਲਾਲ ਗੋਹਲੜੋਂ, ਰਾਮ ਪਾਲ, ਅਵਤਾਰ ਸਿੰਘ, ਗੁਰਪਾਲ ਸਿੰਘ, ਮਹਿੰਦਰ ਸਿੰਘ ਢਿੱਲੋਂ, ਹਰਮੇਸ਼ ਲਾਲ, ਦਿਲਬਾਗ ਰਾਏ, ਕੁਲਵੀਰ ਕੁਮਾਰ, ਸ਼ੰਕਰ ਲਾਲ ਆਦਿ ਹਾਜ਼ਰ ਸਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends