ਬਰਸਾਤੀ ਮੌਸਮ ਵਿੱਚ ਅੱਖਾਂ ਦੀਆਂ ਬੀਮਾਰੀਆਂ ਤੋਂ ਰਹੋ ਸੁਚੇਤ
ਸਿਹਤ ਵਿਭਾਗ ਵੱਲੋਂ ਆਈ ਫਲੂ ਸਬੰਧੀ ਐਡਵਾਈਜ਼ਰੀ ਜਾਰੀ
ਫਾਜ਼ਿਲਕਾ, 31 ਜੁਲਾਈ
ਬਰਸਾਤੀ ਮੌਸਮ ਵਿੱਚ ਜਲਦੀ ਫੈਲਣ ਵਾਲੀਆਂ ਬੀਮਾਰੀਆਂ ਵਿੱਚ ਅੱਖਾਂ ਦੀਆਂ ਬੀਮਾਰੀਆਂ ਵੀ ਆਮ ਹਨ, ਖਾਸ ਕਰਕੇ ਇਸ ਮੌਸਮ ਵਿੱਚ ‘ਆਈ ਫਲੂ’ ਬਹੁਤ ਤੇਜੀ ਨਾਲ ਫੈਲਣ ਵਾਲਾ ਰੋਗ ਹੈ। ਬਰਸਾਤੀ ਮੌਸਮ ਵਿੱਚ ਅੱਖਾਂ ਦੀਆਂ ਬੀਮਾਰੀਆਂ ਤੋਂ ਸੁਚੇਤ ਰਹਿਣ ਅਤੇ ਸਾਫ਼ ਸਫਾਈ ਦਾ ਵਿਸ਼ੇਸ ਧਿਆਨ ਰੱਖਣ ਦੀ ਲੋੜ ਹੈ। ਇਹ ਪ੍ਰਗਟਾਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਜ਼ਿਲਾ ਨਿਵਾਸੀਆਂ ਦੇ ਨਾਮ ਇੱਕ ਹੈਲਥ ਐਡਵਾਈਜਰੀ ਜਾਰੀ ਕਰਨ ਮੌਕੇ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਦੀ ਰੌਸ਼ਨੀ ਵਿੱਚ ਜ਼ਿਲ੍ਹਾ ਨਿਵਾਸੀਆਂ ਨੂੰ ਅਜੋਕੇ ਮੌਸਮ ਵਿੱਚ ਅੱਖਾਂ ਦੇ ਰੋਗਾਂ ਤੋਂ ਬਚਾਅ ਲਈ ਅਤੇ ਅੱਖਾਂ ਦੀ ਉਚਿਤ ਸਿਹਤ ਸੰਭਾਲ ਲਈ ਇਹ ਹੈਲਥ ਐਡਵਾਈਜਰੀ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਵਿੱਚ ਤੇਜੀ ਨਾਲ ਫੈਲਣ ਵਾਲੇ ਕੰਜਕਟਿਵਾਈਟਿਸ/ਆਈ ਫਲੂ ਤੋਂ ਚੌਕਸ ਰਹਿਣ ਦੀ ਲੋੜ ਹੈ।
EYE FLUE SYMPTOMS
ਸਿਵਲ ਸਰਜਨ ਡਾ. ਸਤੀਸ਼ ਗੋਇਲ ਨੇ ਇਸ ਰੋਗ ਦੇ ਲੱਛਣਾਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਸ ਵਿੱਚ ਅੱਖਾਂ ਦਾ ਸੁਜਣਾਂ, ਲਾਲੀ ਅੱਖਾਂ ਵਿੱਚ ਰੜਕ ਪੈਣੀ ਮੁੱਖ ਲੱਛਣ ਹਨ। ਅੱਖਾਂ ਵਿੱਚ ਵਧੇਰੇ ਗਿੱਡ ਆ ਸਕਦੀ ਹੈ ਅਤੇ ਬੱਚਿਆਂ ਵਿੱਚ ਬੁਖਾਰ ਵੀ ਹੋ ਸਕਦਾ ਹੈ।
PREVENTION FROM EYE FLUE
ਆਈ ਫਲੂ ਤੋਂ ਬਚਾਅ ਅਤੇ ਇਸ ਰੋਗ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਰੋਗ,ਪੀੜਿਤ ਵਿਅਕਤੀ ਦੀਆਂ ਅੱਖਾਂ ਵੱਲ ਦੇਖਣ ਨਾਲ ਨਹੀ ਫੈਲਦਾ ਸਗੋਂ ਪੀੜਿਤ ਵਿਅਕਤੀ ਨਾਲ ਤੌਲੀਆ, ਮੇਕਅਪ ਆਦਿ ਵਸਤਾਂ ਸਾਂਝੀਆ ਕਰਨ ਨਾਲ ਫੈਲ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਰੋਗ ਤੋਂ ਬਚਾਅ ਲਈ ਹੱਥਾਂ ਨੂੰ ਸਮੇਂ ਸਮੇਂ ਤੇ ਸਾਬਣ ਪਾਣੀ ਨਾਲ ਚੰਗੀ ਤਰਾਂ ਸਾਫ ਕੀਤਾ ਜਾਵੇ, ਪੀੜਤ ਵਿਅਕਤੀ ਸਵਿਮਿੰਗ ਨਾ ਕਰੇ, ਅੱਖਾਂ ਨੂੰ ਦਿਨ ਵਿੱਚ ਦੋ ਤਿੰਨ ਵਾਰ ਸਾਫ ਪਾਣੀ ਨਾਲ ਸਾਫ ਕੀਤਾ ਜਾਵੇ ਅਤੇ ਗਹਿਰੇ ਰੰਗ ਦੇ ਧੁੱਪ ਵਾਲੇ ਚਸ਼ਮੇ ਦਾ ਇਸਤੇਮਾਲ ਕਰਨ ਤੋਂ ਇਲਾਵਾ ਆਪਣੇ ਆਲੇ ਦੁਆਲੇ ਅਤੇ ਨਿੱਜੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਬਿਨਾ ਡਾਕਟਰੀ ਸਲਾਹ ਤੋਂ ਅੱਖਾਂ ਲਈ ਕਿਸੇ ਵੀ ਦਵਾਈ ਦੀ ਵਰਤੋਂ ਨਾ ਕੀਤੀ ਜਾਵੇ।