~ਨੋਟਿਸਾਂ ਦਾ ਡਰ ਦਿਖਾ ਕੇ ਸਿੱਖਿਆ ਦੀ ਦਿੱਖ ਸੁਧਾਰਣਾ ਸਰਕਾਰ ਦੀ ਗੰਭੀਰਤਾ 'ਤੇ ਸਵਾਲੀਆ ਚਿੰਨ
~ਸਿੱਖਿਆ ਦੇ ਉਸਾਰੂ ਵਾਤਾਵਰਨ ਲਈ ਸਮੱਸਿਆਵਾਂ ਦਾ ਵਿਗਿਆਨਿਕ ਅਤੇ ਸਥਾਈ ਹੱਲ ਜ਼ਰੂਰੀ-ਡੀਟੀਐੱਫ
~ ਬੀ.ਐਲ.ਓ. ਸਮੇਤ ਹੋਰ ਗੈਰ-ਵਿਦਿਅਕ ਡਿਊਟੀਆਂ ਤਹਿਤ 15 ਤੋਂ 20 ਹਜ਼ਾਰ ਅਧਿਆਪਕ ਗੈਰ ਵਿਦਿਅਕ ਕੰਮਾਂ 'ਚ ਉਲਝਾਏ
ਸਿੱਖਿਆ ਅਤੇ ਸਿਹਤ ਨੂੰ ਤਰਜੀਹੀ ਵਾਅਦਾ ਕਹਿਣ ਵਾਲੀ 'ਆਪ' ਸਰਕਾਰ ਵੱਲੋਂ ਸਿੱਖਿਆ ਵਿਭਾਗ ਦੀਆਂ ਸਮੱਸਿਆਵਾਂ ਦਾ ਵਿਗਿਆਨਕ ਅਤੇ ਸਥਾਈ ਹੱਲ ਲੱਭਣ ਦੀ ਥਾਂ ਨੋਟਿਸਾਂ ਦਾ ਡਰ ਦਿਖਾ ਕੇ ਸਕੂਲਾਂ ਦੀ ਦਿੱਖ ਸੁਧਾਰਨ ਅਤੇ ਮੁੱਖ ਮੰਤਰੀ ਦੇ ਬਿਆਨਾਂ ਉਲਟ ਗੈਰ-ਵਿਦਿਅਕ ਕੰਮਾਂ 'ਚ ਅਧਿਆਪਕਾਂ ਨੂੰ ਉਲਝਾਉਣ ਦੇ ਮਾਮਲੇ ਨੂੰ ਲੈ ਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ, ਜ਼ਿਲ੍ਹਾ ਫਾਜ਼ਿਲਕਾ ਵੱਲੋਂ ਜਿਲ੍ਹਾ ਸਿੱਖਿਆ ਅਫਸਰ ਰਾਹੀਂ ਸਿੱਖਿਆ ਮੰਤਰੀ ਦੇ ਨਾਂ 'ਇਤਰਾਜ ਪੱਤਰ' ਦਿੱਤਾ ਗਿਆ।
ਮੀਟਿੰਗ ਉਪਰੰਤ ਮਾਮਲੇ ਬਾਬਤ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਮਹਿੰਦਰ ਕੌੜਿਆਂ ਵਾਲੀ ਅਤੇ ਸਲਾਹਕਾਰ ਕੁਲਜੀਤ ਡੰਗਰਖੇੜਾ ਨੇ ਕਿਹਾ ਕਿ ਇਕ ਪਾਸੇ ਵਕਾਰੀ ਅਹੁਦੇ ਉਤੇ ਬੈਠੇ ਮੁੱਖ ਮੰਤਰੀ ਵੱਲੋਂ ਅਧਿਆਪਕਾਂ ਦੇ ਮਾਨ-ਸਨਮਾਨ ਨੂੰ ਬਹਾਲ ਕਰਨ ਦੀ ਗੱਲ ਕਰਦਿਆਂ ਉਹਨਾਂ ਉਪਰ ਕਿਸੇ ਵੀ ਤਰ੍ਹਾਂ ਦੇ ਗੈਰ-ਵਿਦਿਅਕ ਕੰਮ ਦਾ ਬੋਝ ਨਾ ਪਾਉਣ ਦਾ ਕਾਗਜ਼ੀ ਐਲਾਨ ਵਾਰ ਵਾਰ ਕੀਤਾ ਜਾਂਦਾ ਹੈ, ਦੂਜੇ ਬੰਨੇ ਪੰਜਾਬ ਦੇ 15 ਤੋਂ 20 ਹਜ਼ਾਰ ਅਧਿਆਪਕਾਂ ਨੂੰ ਬਲਾਕ ਲੈਵਲ ਆਫ਼ਿਸਰ(ਬੀ ਐਲ ਓ) ਸਮੇਤ ਹੋਰ ਚੋਣ ਡਿਊਟੀਆਂ ਵਿੱਚ ਉਲਝਾਇਆ ਗਿਆ ਹੈ, ਜਿਸ 'ਤੇ ਇਤਰਾਜ਼ ਜਾਹਿਰ ਕਰਦੇ ਹੋਏ ਵਿੱਦਿਅਕ ਹਿੱਤਾਂ ਦੇ ਮੱਦੇਨਜ਼ਰ ਅਧਿਆਪਕਾਂ ਦੀਆਂ ਬੀ.ਐੱਲ.ਓ. ਡਿਊਟੀਆਂ ਨੂੰ ਪੱਕੇ ਤੌਰ ‘ਤੇ ਰੱਦ ਕਰਨ ਅਤੇ ਸਾਲ ਭਰ ਚੱਲਣ ਵਾਲੀ ਇਸ ਡਿਊਟੀ ਲਈ ਵੱਖਰੀ ਨਵੀਂ ਭਰਤੀ ਕਰਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਮੰਗ ਕੀਤੀ ਹੈ। ਉਹਨਾਂ ਅੱਗੇ ਕਿਹਾ ਕਿ ਇੱਕ ਚੋਥਾਈ ਸ਼ੈਸ਼ਨ ਲੰਘਣ ਪਿੱਛੋਂ ਸਰਕਾਰ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰਾਂ ਸਮੇਤ ਅਧਿਆਪਕਾਂ ਨੂੰ ਬੱਚਿਆਂ ਦੀ ਗਿਣਤੀ ਵਧਾਉਣ ਨੂੰ ਲੈ ਕੇ ਕੱਢੇ ਜਾ ਰਹੇ ਨੋਟਿਸ ਸਰਕਾਰ ਦੀ ਸਕੂਲਾਂ ਪ੍ਰਤੀ ਗੰਭੀਰਤਾ ਤੇ ਸਵਾਲੀਆ ਨਿਸ਼ਾਨ ਲਾ ਰਹੇ ਹਨ, ਕਿਉਕਿ ਇਸ ਵਕਤ ਬੱਚਿਆਂ ਵੱਲੋਂ ਅੱਡ ਅੱਡ ਸਿੱਖਿਆ ਸੰਸਥਾਵਾਂ ਵਿੱਚ ਦਾਖਲਾ ਲੈਣ ਉਪਰੰਤ ਆਪਣੇ ਸਿਲੇਬਸ ਦੇ ਇੱਕ ਭਾਗ ਨੂੰ ਖਤਮ ਕਰ ਲਿਆ ਗਿਆ ਹੈ,ਸਰਕਾਰੀ ਸਕੂਲਾਂ ਵਿੱਚ ਦਾਖਲੇ ਘਟਣ ਪਿੱਛੇ ਸਭ ਲਈ ਇੱਕ-ਸਮਾਨ, ਮੁਫ਼ਤ ਅਤੇ ਮਿਆਰੀ ਸਿੱਖਿਆ ਦੇਣ ਲਈ ਸਥਾਨਕ ਲੋੜਾਂ ਅਨੁਸਾਰ ਪੰਜਾਬ ਦੀ ਆਪਣੀ ਵਿੱਦਿਅਕ ਨੀਤੀ ਦਾ ਮੌਜੂਦ ਨਾ ਹੋਣਾ, ਸਿੱਖਿਆ ਦਾ ਵਧਦਾ ਨਿੱਜੀਕਰਨ,ਲੋੜ ਅਨੁਸਾਰ ਨਵੇਂ ਸਕੂਲ ਖੋਲਣ ਤੇ ਨਵੀਆਂ ਅਸਾਮੀਆਂ ਨਾ ਦੇਣਾ, ਹਜਾਰਾਂ ਅਸਾਮੀਆਂ ਦਾ ਸਾਲਾਂ ਬੱਧੀ ਖਾਲੀ ਰਹਿਣਾ, ਅਧਿਆਪਕਾਂ ਦੀ ਗੈਰ-ਵਿੱਦਿਅਕ ਡਿਊਟੀ, ਹਰੇਕ ਸਕੂਲ ਵਿੱਚ ਸੇਵਾਦਾਰਾਂ, ਮਾਲੀਆਂ, ਸਫ਼ਾਈ ਸੇਵਕਾਂ, ਚੌਕੀਦਾਰਾਂ, ਨਾਨ-ਟੀਚਿੰਗ ਅਤੇ ਪ੍ਰੀ-ਪ੍ਰਾਇਮਰੀ ਬੱਚਿਆਂ ਲਈ ਕੇਅਰ ਟੇਕਰ ਦੀ ਪੱਕੀ ਭਰਤੀ ਨਾ ਹੋਣਾ, ਬਹੁਤ ਸਾਰੇ ਸਕੂਲਾਂ ਦਾ ‘ਅਧਿਆਪਕ ਰਹਿਤ’, ‘ਸਿੰਗਲ ਟੀਚਰ’ ਹੋਣਾ ਸ਼ਾਮਿਲ ਹੈ। ਇਸ ਸੰਬੰਧੀ ਡੀ.ਟੀ.ਐੱਫ. ਨੇ ਮੰਗ ਕੀਤੀ ਕਿ ਬੱਚਿਆਂ ਦੇ ਦਾਖਲੇ ਘੱਟ ਹੋਣ ਦੇ ਸਮੁੱਚੇ ਪੱਖਾਂ ਦੀ ਪੜਤਾਲ ਕਰਕੇ ਲੋੜੀਂਦੇ ਕਦਮ ਉਠਾ ਕੇ ਸਿੱਖਿਆ ਲਈ ਉਸਾਰੂ ਵਾਤਾਵਰਨ ਸਿਰਜਣਾ ਚਾਹੀਦਾ ਹੈ ਨਾ ਕੇ ਬੇਲੋੜਾ ਦਬਾਅ ਪਾ ਕੇ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਦਾ ਸਮਾਜ ਵਿੱਚ ਅਕਸ਼ ਧੁੰਦਲਾ ਕੀਤਾ ਜਾਵੇ।
ਇਸ ਮੌਕੇ ਭਾਰਤ ਭੂਸ਼ਣ,ਜਗਦੀਸ਼ ਸੱਪਾਂ ਵਾਲੀ,ਸੁਬਾਸ਼,ਗਗਨਦੀਪ,ਰਾਜ ਕੁਮਾਰ,ਰਾਜੇਸ਼ ਕੁਮਾਰ,ਅਮਰ ਲਾਲ,ਰਿਸ਼ੂ ਸੇਠੀ,ਰਾਜੇਸ਼ ਕੁਮਾਰ ਆਦਿ ਹਾਜਰ ਸਨ।