ਘੱਗਰ ਵਿੱਚ ਤਿੰਨ ਥਾਈਂ ਪਏ ਪਾੜਾਂ ਵਿੱਚੋਂ ਇੱਕ ਪਾੜ ਪੂਰਿਆ ,ਐਨ.ਡੀ.ਆਰ.ਐਫ ਅਤੇ ਭਾਰਤੀ ਫੌਜ ਦੇ ਜਵਾਨਾਂ ਨੇ ਸੰਭਾਲੀ ਕਮਾਨ


ਜ਼ਿਲ੍ਹਾ ਪ੍ਰਸ਼ਾਸਨ ਨੇ ਘੱਗਰ ਵਿੱਚ ਤਿੰਨ ਥਾਈਂ ਪਏ ਪਾੜਾਂ ਵਿੱਚੋਂ ਇੱਕ ਪਾੜ ਨੂੰ ਪਹਿਲੇ ਕੁਝ ਘੰਟਿਆਂ ਵਿੱਚ ਹੀ ਪੂਰਿਆ 


ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਨਾਲ ਮਿਲ ਕੇ ਐਨ.ਡੀ.ਆਰ.ਐਫ ਅਤੇ ਭਾਰਤੀ ਫੌਜ ਦੇ ਜਵਾਨਾਂ ਨੇ ਸੰਭਾਲੀ ਕਮਾਨ


ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਪੰਜਾਬ ਸਰਕਾਰ ਡਟ ਕੇ ਸਾਥ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ 


ਵਿਧਾਇਕ ਬਰਿੰਦਰ ਗੋਇਲ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸਐਸਪੀ ਸੁਰੇਂਦਰ ਲਾਂਬਾ ਵੱਲੋਂ ਸਮੂਹ ਕਾਰਜਾਂ ਦੀ ਨਿਰੰਤਰ ਨਿਗਰਾਨੀ ਜਾਰੀ 


ਘੱਗਰ ਵਿੱਚ ਬੋਟ ਰਾਹੀਂ ਜਾ ਕੇ ਪਾੜ ਵਾਲੀਆਂ ਥਾਵਾਂ ਦਾ ਕੀਤਾ ਨਿਰੀਖਣ 


ਮੂਨਕ/ਸੰਗਰੂਰ, 12 ਜੁਲਾਈ -

ਵਿਧਾਇਕ ਬਰਿੰਦਰ ਗੋਇਲ ਵੱਲੋਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐਸ.ਐਸ.ਪੀ. ਸੁਰੇਂਦਰ ਲਾਂਬਾ ਅਤੇ ਹੋਰਨਾਂ ਅਧਿਕਾਰੀਆਂ ਸਮੇਤ ਘੱਗਰ ਦਰਿਆ ‘ਚ ਪਿੱਛੋਂ ਪਾਣੀ ਜ਼ਿਆਦਾ ਵਧਣ ਕਾਰਨ ਮਕੋਰੜ ਸਾਹਿਬ, ਫੂਲਦ ਤੇ ਮੰਡਵੀ ਪਿੰਡਾਂ ਨੇੜੇ ਘੱਗਰ ਵਿੱਚ ਪਏ ਪਾੜ ਵਾਲ਼ੀਆਂ ਥਾਂਵਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਵਿਧਾਇਕ ਬਰਿੰਦਰ ਗੋਇਲ ਨੇ ਦੱਸਿਆ ਕਿ ਮੰਡਵੀ ਨੇੜੇ ਘੱਗਰ ਵਿੱਚ ਪਏ ਪਾੜ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਪਹਿਲੇ ਕੁਝ ਘੰਟਿਆਂ ਵਿੱਚ ਹੀ ਪੂਰ ਦਿੱਤਾ ਗਿਆ ਜਦਕਿ ਦੂਜੇ ਦੋਵਾਂ ਪਾੜਾਂ ‘ਤੇ ਵੀ ਪ੍ਰਸ਼ਾਸ਼ਨਿਕ ਟੀਮਾਂ, ਐਨਡੀਆਰਐਫ, ਭਾਰਤੀ ਫੌਜ ਦੇ ਜਵਾਨਾਂ ਅਤੇ ਮਗਨਰੇਗਾ ਮਜ਼ਦੂਰਾਂ ਵੱਲੋਂ ਤਕਨੀਕੀ ਨਿਗਰਾਨੀ ਹੇਠ ਜੰਗੀ ਪੱਧਰ ਤੇ ਬੰਨ੍ਹ ਪੂਰਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ ਅਤੇ ਡਿਪਟੀ ਕਮਿਸ਼ਨਰ ਸਮੇਤ ਸਮੂਹ ਪ੍ਰਸ਼ਾਸ਼ਨਿਕ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਐਨ ਡੀ ਆਰ ਐਫ ਅਤੇ ਭਾਰਤੀ ਫੌਜ ਦੇ ਜਵਾਨਾਂ ਦੇ ਸਹਿਯੋਗ ਨਾਲ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਸ ਘੜੀ ਵਿਚ ਡਟ ਕੇ ਲੋਕਾਂ ਨਾਲ ਖੜ੍ਹੀ ਹੈ। ਇਸ ਦੌਰਾਨ ਵਿਧਾਇਕ ਬਰਿੰਦਰ ਗੋਇਲ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸਐਸਪੀ ਨੇ ਐਨ ਡੀ ਆਰ ਐਫ ਦੇ ਜਵਾਨਾਂ ਸਮੇਤ ਕਿਸ਼ਤੀ ਵਿੱਚ ਜਾ ਕੇ ਮਕੋਰੜ ਸਾਹਿਬ ਅਤੇ ਫੂਲਦ ਵਿਖੇ ਪਾੜ ਵਾਲੀਆਂ ਥਾਵਾਂ ਦਾ ਨੇੜਿਓਂ ਨਿਰੀਖਣ ਕੀਤਾ ਅਤੇ ਪਾੜ ਪੂਰਨ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ।



ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸੰਗਰੂਰ ਪ੍ਰਸ਼ਾਸਨ ਵੱਲੋਂ ਘੱਗਰ ਦਰਿਆ ‘ਚ ਪਿੱਛੋਂ ਆਏ ਅਣਅਨੁਮਾਨਿਤ ਪਾਣੀ ਕਾਰਨ ਪਏ ਪਾੜਾਂ ਨੂੰ ਪੂਰਨ ਅਤੇ ਹੜ੍ਹ ਦੇ ਪਾਣੀ ਨਾਲ ਮੂਨਕ ਤੇ ਖਨੌਰੀ ਇਲਾਕੇ ਦੇ ਪਿੰਡਾਂ ‘ਚ ਹੋਣ ਵਾਲੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਦਿਨ-ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਕੀਤੇ ਜਾ ਰਹੇ ਯਤਨਾਂ ਦੇ ਨਾਲ-ਨਾਲ ਐਨ.ਡੀ.ਆਰ.ਐਫ. ਤੇ ਫੌਜ ਨੂੰ ਵੀ ਸਮੇਂ ਸਿਰ ਬੁਲਾ ਲਿਆ ਗਿਆ ਹੈ ਅਤੇ ਇਹ ਟੀਮਾਂ, ਜਿਨ੍ਹਾਂ ਵਿੱਚ ਐਨ.ਡੀ.ਆਰ.ਐਫ ਦੀਆਂ ਦੋ ਟੀਮਾਂ ਅਤੇ ਆਰਮੀ ਦੀ ਬੰਨ੍ਹ ਪੂਰਨ ਵਿੱਚ ਮੁਹਾਰਤ ਵਾਲੀ ਇੱਕ ਟੁਕੜੀ ਸਮੇਤ ਦੋ ਟੁਕੜੀਆਂ ਬੰਨ੍ਹਾਂ ਨੂੰ ਪੂਰਨ ਲਈ ਕਾਰਜਸ਼ੀਲ ਹਨ।‌ ਉਨ੍ਹਾਂ ਕਿਹਾ ਕਿ ਪਾਣੀ ਦਾ ਵਹਾਅ ਤੇਜ਼ ਹੋਣ ਦੇ ਬਾਵਜੂਦ ਸਮੁੱਚੀਆਂ ਟੀਮਾਂ ਤੇਜ਼ੀ ਅਤੇ ਤਾਲਮੇਲ ਨਾਲ ਜੁਟੀਆਂ ਹੋਈਆਂ ਹਨ ਅਤੇ ਉਮੀਦ ਹੈ ਕਿ ਜਲਦੀ ਹੀ ਦੋਵੇਂ ਪਾੜ ਪੂਰ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਸਥਿਤੀ ਵਿਚ ਘੱਗਰ ਦਾ ਪਾਣੀ ਆਬਾਦੀ ਵਿਚ ਦਾਖਲ ਹੁੰਦਾ ਹੈ ਤਾਂ ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮੂਨਕ ਵਿਖੇ ਆਰਜ਼ੀ ਮੁੜ ਵਸੇਬਾ ਕੇਂਦਰ ਸਥਾਪਤ ਕਰਕੇ ਲੋੜੀਂਦੀਆਂ ਸਹੂਲਤਾਂ, ਭੋਜਨ ਅਤੇ ਪਾਣੀ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਹੈ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਨਿਤੇਸ਼ ਜੈਨ, ਐਸਡੀਐਮ ਸੂਬਾ ਸਿੰਘ, ਐਸਡੀਐਮ ਨਵਰੀਤ ਕੌਰ ਸੇਖੋਂ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends