*ਸਿੱਖਿਆ ਮੰਤਰੀ ਵੱਲੋਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਆਗੂਆਂ ਨੂੰ ਥਾਣੇ ਡੱਕਣ ਵਿਰੁੱਧ ਮੰਤਰੀ ਅਤੇ ਸਰਕਾਰ ਦਾ ਪੁਤਲਾ ਫੂਕਿਆ*
ਨਵਾਂ ਸ਼ਹਿਰ 25 ਮਈ (Pbjobsoftoday) ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਦਾ ਨਾਅਰਾ ਲਾ ਕੇ ਸਿੱਖਿਆ ਅਤੇ ਸਿਹਤ ਪ੍ਰਬੰਧਾਂ ਵਿਚ ਇਨਕਲਾਬੀ ਤਬਦੀਲੀਆਂ ਲਿਆਉਣ ਦੇ ਨਾਂ ਹੇਠ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀਆਂ ਨੇ, ਖਾਸ ਕਰਕੇ ਸਿੱਖਿਆ ਮੰਤਰੀ ਨੇ ਆਪਣੇ ਹੈਂਕੜ ਭਰੇ ਵਤੀਰੇ ਨਾਲ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ, ਜੋ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨਾਲ ਸਬੰਧਿਤ ਹੈ, ਵੱਲੋਂ 21 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਆਪਣੀਆਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ।
ਯਾਦ ਰਹੇ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਮਿਡ-ਡੇ-ਮੀਲ ਵਰਕਰਾਂ ਦਾ ਮਾਣ ਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ, ਜੋ ਸਰਕਾਰ ਬਣਨ ਤੋਂ ਬਾਅਦ ਪੂਰਾ ਨਹੀਂ ਕੀਤਾ ਗਿਆ। ਰੋਸ ਰੈਲੀ ਦੌਰਾਨ ਜਥੇਬੰਦੀ ਨੂੰ ਸਿੱਖਿਆ ਮੰਤਰੀ ਜੀ ਨਾਲ 24 ਮਈ ਨੂੰ 11 ਵਜੇ ਪੰਜਾਬ ਭਵਨ ਵਿਖੇ ਮੀਟਿੰਗ ਕਰਨ ਦਾ ਲਿਖਤੀ ਸੱਦਾ ਦਿੱਤਾ ਗਿਆ ਸੀ। ਕੱਲ੍ਹ ਜਦੋਂ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਦੇ ਆਗੂ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਗੁਰਵਿੰਦਰ ਸਿੰਘ ਪੰਜਾਬ ਭਵਨ ਵਿਖੇ ਮੀਟਿੰਗ ਲਈ ਸਿੱਖਿਆ ਮੰਤਰੀ ਜੀ ਦੀ ਉਡੀਕ ਕਰ ਰਹੇ ਸਨ, ਓਦੋਂ ਵੀ ਪੰਜ ਜਣਿਆਂ ਤੋਂ ਵੱਧ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ। ਜਦੋਂ ਸਿੱਖਿਆ ਮੰਤਰੀ ਜੀ ਦੋ ਵਜੇ ਤੋਂ ਬਾਅਦ ਪੰਜਾਬ ਭਵਨ ਪਹੁੰਚੇ ਤਾਂ ਉਹਨਾਂ ਨੇ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਅਗਵਾਈ ਵਿਚ ਮੀਟਿੰਗ ਕਰਨ ਤੋਂ ਇਨਕਾਰ ਕਰਦਿਆਂ ਬਦਸਲੂਕੀ ਕੀਤੀ ਗਈ। ਸਿੱਖਿਆ ਮੰਤਰੀ ਜੀ ਵੱਲੋਂ ਸਤੀਸ਼ ਰਾਣਾ ਸਮੇਤ ਮਿਡ-ਡੇ-ਮੀਲ ਵਰਕਰਾਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਗਿਆ। ਇਸ ਤੋਂ ਬਾਅਦ ਸਤੀਸ਼ ਰਾਣਾ ਜੀ ਨੂੰ ਸੈਕਟਰ 3 ਦੇ ਥਾਣੇ ਵਿੱਚ ਬੰਦ ਕੀਤਾ ਗਿਆ ਅਤੇ ਗੁਰਵਿੰਦਰ ਸਿੰਘ ਸਮੇਤ ਬਾਕੀਆਂ ਨੂੰ ਪੰਜਾਬ ਭਵਨ ਵਿੱਚ ਹੀ ਡੱਕ ਦਿੱਤਾ ਗਿਆ। ਜਦੋਂ ਇਸ ਦੀ ਖ਼ਬਰ ਬਾਕੀ ਸਾਥੀਆਂ ਨੂੰ ਮਿਲੀ ਤਾਂ ਉਨ੍ਹਾਂ ਸੈਕਟਰ 3 ਦੇ ਥਾਣੇ ਅੱਗੇ ਇਕੱਠੇ ਹੋ ਕੇ ਧਰਨਾ ਲਗਾਉਣ ਉਪਰੰਤ ਰਾਤ ਸਤੀਸ਼ ਰਾਣਾ ਅਤੇ ਗੁਰਵਿੰਦਰ ਸਿੰਘ ਸਮੇਤ ਹੋਰ ਸਾਥੀਆਂ ਨੂੰ ਰਿਹਾਅ ਕਰ ਦਿੱਤਾ ਗਿਆ।
ਲੋਕਾਂ ਦੇ ਮਸਲੇ ਹੱਲ ਕਰਨ ਦਾ ਵਾਅਦਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁਲਾਜ਼ਮਾਂ ਵਿੱਚੋਂ ਅਤਿ ਦੇ ਪੀੜਤ ਵਰਗ ਮਿਡ-ਡੇ-ਮੀਲ ਵਰਕਰਾਂ ਯਾ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਰੋਸ ਵਜੋਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਅੱਜ ਸਮੁੱਚੇ ਪੰਜਾਬ ਵਿੱਚ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਦੇ ਪੁਤਲੇ ਸਾੜਨ ਦੇ ਸੱਦਾ ਦਿੱਤਾ ਗਿਆ ਹੈ। ਅੱਜ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਮੋਹਣ ਸਿੰਘ ਪੂੰਨੀਆ, ਮੁੱਖ ਸਲਾਹਕਾਰ ਕਰਨੈਲ ਸਿੰਘ ਰਾਹੋਂ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਪਾਲ ਮੱਲਪੁਰੀ, ਮਿਡ-ਡੇ-ਮੀਲ ਜ਼ਿਲ੍ਹਾ ਪ੍ਰਧਾਨ ਰਿੰਪੀ ਰਾਣੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਨਵਾਂ ਸ਼ਹਿਰ ਸਾਹਮਣੇ ਵੱਡੀ ਗਿਣਤੀ ਵਿੱਚ ਹਾਜ਼ਰ ਮਿਡ-ਡੇ-ਮੀਲ ਵਰਕਰਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਰੋਸ ਰੈਲੀ ਉਪਰੰਤ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।
ਇਸ ਸਮੇਂ ਪਸਸਫ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਦੀਸ਼ ਸਿੰਘ, ਤਹਿਸੀਲ ਪ੍ਰਧਾਨ ਮਨਜਿੰਦਰਜੀਤ ਸਿੰਘ, ਜੀ ਟੀ ਯੂ ਦੇ ਜ਼ਿਲ੍ਹਾ ਜਨਰਲ ਸਕੱਤਰ ਬਿਕਰਮਜੀਤ ਸਿੰਘ, ਕਸ਼ਮੀਰ ਸਿੰਘ, ਸੁੱਖ ਰਾਮ, ਪਰਮਿੰਦਰ ਸੰਧੂ, ਜੀਤ ਲਾਲ, ਅਸ਼ੋਕ ਕੁਮਾਰ, ਜੋਗਾ ਸਿੰਘ, ਪਰਮਜੀਤ ਸੁਧੇੜਾ, ਸੋਹਣ ਸਿੰਘ, ਕੁਲਵਿੰਦਰ ਕੌਰ, ਰਾਜ ਰਾਣੀ ਨਵਾਂ ਸ਼ਹਿਰ, ਪਰਮਜੀਤ ਕੌਰ ਦੁਰਗਾਪੁਰ, ਕਿਰਨ ਬੰਗਾ, ਬੀਨਾ ਰਾਣੀ ਮੁਕੰਦਪੁਰ, ਭੋਲੀ ਬਹਿਰਾਮ, ਕਿਰਨ ਭੰਗਲ, ਊਸ਼ਾ ਬਹਾਦਰਪੁਰ, ਸੁਨੀਤਾ ਖ਼ਾਨ ਖਾਨਾ ਆਦਿ ਹਾਜ਼ਰ ਸਨ।