ਦੂਰ ਦੁਰਾਡੇ ਸਟੇਸ਼ਨ ਮਿਲਣ ਕਰਕੇ ਅੱਜ 3 ਅਧਿਆਪਕਾਂ ਦੀ ਜ਼ਿੰਦਗੀ ਸੜਕ ਹਾਦਸਿਆਂ ਦੀ ਬਲੀ ਚੜੀ-10 ਹੋਰ ਅਧਿਆਪਕ ਤੇ ਅਧਿਆਪਕਾਵਾਂ ਹੋਈਆਂ ਜ਼ਖਮੀ
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਇਸ ਮੰਦਭਾਗੀ ਘਟਨਾ ਤੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ
ਲੁਧਿਆਣਾ , 24 ਮਾਰਚ ( ) ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਸਰਹੱਦੀ ਜ਼ਿਲਿਆਂ ਵਿਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਦੇ ਮਕਸਦ ਨਾਲ ਅਨੇਕਾਂ ਅਧਿਆਪਕਾਂ ਦੀਆਂ ਨਿਯੁਕਤੀਆਂ ਪਿਛਲੇ ਕਈ ਸਾਲਾਂ ਤੋਂ ਆਪਣੇ ਘਰਾਂ ਤੋਂ ਸੈਂਕੜੇ ਮੀਲ ਦੂਰ ਕੀਤੀਆਂ ਜਾ ਰਹੀਆਂ ਹਨ । ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਰਾਜ ਭਾਗ ਦੌਰਾਨ ਵੀ ਪਿਛਲੀਆਂ ਹੁਕਮਰਾਨ ਸਰਕਾਰਾਂ ਵਾਂਗ ਅਧਿਆਪਕਾਂ ਦੀਆਂ ਦੂਰ ਦਰਾਡੇ ਨਿਯੁਕਤੀਆਂ ਕਰਨ ਦੀ ਨੀਤੀ ਜਾਰੀ ਰੱਖੀ ਹੋਈ ਹੈ । ਸਮੇਂ ਸਿਰ ਡਿਊਟੀ ਤੇ ਪਹੁੰਚਣ ਦੀ ਲੋੜ ਹੋਣ ਕਰਕੇ ਅੱਜ ਫਾਜ਼ਿਲਕਾ ਤੋਂ ਤਰਨਤਾਰਨ ਜ਼ਿਲ੍ਹੇ ਦੇ ਬਲਾਕ ਵਲਟੋਹਾ ਦੇ ਵੱਖ ਵੱਖ ਸਕੂਲਾਂ ਵਿੱਚ ਕੰਮ ਕਰਦੇ 13 ਅਧਿਆਪਕ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਏ ।
ਇਸ ਹਾਦਸੇ ਵਿਚ ਕੰਚਨ ਅੰਗਰੇਜ਼ੀ ਮਿਸਟ੍ਰੈਸ,ਮਨਿੰਦਰ ਕੌਰ ਮੈੱਥ ਮਿਸਟਰਸ , ਪ੍ਰਿੰਸ ਕੁਮਾਰ ਮੈਥ ਮਾਸਟਰ ਅਤੇ ਅਸ਼ੋਕ ਕੁਮਾਰ ਡਰਾਈਵਰ ਦੀ ਮੌਤ ਹੋ ਗਈ ਅਤੇ 10 ਅਧਿਆਪਕ ਅਤੇ ਅਧਿਆਪਕਾਵਾਂ ਜਖਮੀ ਹੋ ਗਈਆਂ । ਕਈ ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ , ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਾੜੀਮੇਘਾ , ਵਿੱਤ ਸਕੱਤਰ ਨਵੀਨ ਕੁਮਾਰ ਸਚਦੇਵਾ, ਸਕੱਤਰ ਪ੍ਰਿੰਸੀਪਲ ਮਨਦੀਪ ਸਿੰਘ ਥਿੰਦ ਤੇ ਜਿੰਦਰ ਪਾਇਲਟ ,ਸਲਾਹਕਾਰ ਬਲਕਾਰ ਵਲਟੋਹਾ ਤੇ ਪ੍ਰੇਮ ਚਾਵਲਾ, ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ ਨੇ ਇਸ ਮੰਦਭਾਗੀ ਦੁਰਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਆਗੂਆਂ ਨੇ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ 9 ਦਸੰਬਰ 2016 ਨੂੰ ਫਾਜ਼ਿਲਕਾ ਤੋਂ 9 ਕਿਲੋਮੀਟਰ ਦੂਰ ਅਬੋਹਰ ਅਤੇ ਫਾਜ਼ਿਲਕਾ ਦੇ ਅਧਿਆਪਕ ਜੋਕਿ ਤਰਨਤਾਰਨ ਵਿਖੇ ਤਾਇਨਾਤ ਸਨ ਅਤੇ ਸਵੇਰ ਸਮੇਂ ਸੜਕ ਹਾਦਸੇ ਦੌਰਾਨ 13 ਅਧਿਆਪਕਾਂ ਦੀ ਦਰਦਨਾਕ ਮੌਤ ਹੋ ਗਈ ਸੀ । ਇਸੇ ਤੋਂ ਬਾਅਦ 25 ਮਈ 2022 ਨੂੰ ਜਲਾਲਾਬਾਦ ਦੇ 2 ਅਧਿਆਪਕ ਜੋ ਤਰਨ ਤਾਰਨ ਵਿਖੇ ਤੈਨਾਤ ਸਨ ਵੀ ਸੜਕ ਹਾਦਸੇ ਦੌਰਾਨ ਸਦੀਵੀ ਵਿਛੋੜਾ ਦੇ ਚੁੱਕੇ ਹਨ , ਫਰੀਦਕੋਟ ਜ਼ਿਲ੍ਹੇ ਦੀ ਇੱਕ ਅਧਿਆਪਕ ਜਸਪ੍ਰੀਤ ਕੌਰ ਵੀ ਆਪਣੀ ਨਵੀਂ ਨਿਯੁਕਤੀ ਦੇ 15 ਦਿਨਾਂ ਦੌਰਾਨ ਹੀ ਆਪਣੀ ਪਹਿਲੀ ਤਨਖਾਹ ਨਸੀਬ ਕੀਤੇ ਬਿਨਾ ਹੀ 19 ਜੁਲਾਈ 2022ਨੂੰ ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਈਸੇ ਖਾਂ ਵਿਖੇ ਸਕੂਲ ਡਿਊਟੀ ਕਰਨ ਤੋਂ ਬਾਅਦ ਵਾਪਸ ਮੁੜਦਿਆਂ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਕੇ ਸਦੀਵੀ ਵਿਛੋੜਾ ਦੇ ਚੁੱਕੀ ਹੈ ਅਤੇ 21 ਅਕਤੂਬਰ 2022 ਨੂੰ ਫਰੀਦਕੋਟ ਜ਼ਿਲ੍ਹੇ ਦੀਆਂ ਦੋ ਅਧਿਆਪਕਾਂਵਾਂ ਜੋਕਿ ਤਰਨ ਤਾਰਨ ਜ਼ਿਲ੍ਹੇ ਵਿੱਚ ਤਾਇਨਾਤ ਹਨ , ਵੀ ਸਕੂਲ ਡਿਊਟੀ ਤੇ ਜਾਂਦੇ ਸਮੇਂ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਈਆਂ ਸਨ । ਜ਼ਖਮੀ ਅਧਿਆਪਕਾਂ ਨੂੰ ਨੇੜਲੇ ਸਕੂਲਾਂ ਵਿਚ ਐਡਜਸਮੈਂਟ ਕਰਨ ਲਈ ਸਪੀਕਰ ਪੰਜਾਬ ਵਿਧਾਨ ਸਭਾ ਸ ਕੁਲਤਾਰ ਸਿੰਘ ਸੰਧਵਾਂ ਤੱਕ ਸਰਕਾਰੇ ਦਰਬਾਰੇ ਕਈ ਵਾਰ ਪਹੁੰਚ ਕੀਤੀ ਗਈ ਪਰ ਇਨ੍ਹਾਂ ਯਤਨਾਂ ਨੂੰ ਕੋਈ ਬੂਰ ਨਹੀਂ ਪਿਆ ।
ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਸਾਰੇ ਅਧਿਆਪਕਾਂ ਨੂੰ ਰੈਗੂਲਰ ਸਰਕਾਰੀ ਮੁਲਾਜ਼ਮਾਂ ਵਾਂਗ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਅਤੇ ਜ਼ਖਮੀ ਅਧਿਆਪਕਾਂ ਦਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਖਰਚੇ ਤੇ ਇਲਾਜ ਕੀਤਾ ਜਾਵੇ । ਆਗੂਆਂ ਨੇ ਪੰਜਾਬ ਸਰਕਾਰ ਤੋਂ ਇਹ ਮੰਗ ਵੀ ਕੀਤੀ ਹੈ ਕਿ ਦੂਰ ਦੁਰਾਡੇ ਅਧਿਆਪਕ ਨਿਯੁਕਤ ਕਰਨ ਦੀ ਨੀਤੀ ਦਾ ਤਿਆਗ ਕਰਕੇ ਸਾਰੇ
ਅਧਿਆਪਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਨਿਯੁਕਤ ਕੀਤਾਂ ਜਾਵੇ ।