ਮੋਹਾਲੀ ’ਚ ਸਥਿਤ ਹਾਊਸਿੰਗ ਸਾਈਟਾਂ ਸਮੇਤ 77 ਜਾਇਦਾਦਾਂ ਦੀ ਹੋਵੇਗੀ ਈ-ਨਿਲਾਮੀ

 ਮੋਹਾਲੀ ’ਚ ਸਥਿਤ 6 ਗਰੁੱਪ ਹਾਊਸਿੰਗ ਸਾਈਟਾਂ ਸਮੇਤ 77 ਜਾਇਦਾਦਾਂ ਦੀ ਹੋਵੇਗੀ ਈ-ਨਿਲਾਮੀ: ਅਮਨ ਅਰੋੜਾ


• ਗਮਾਡਾ ਵੱਲੋਂ 17 ਫਰਵਰੀ ਤੋਂ ਸ਼ੁਰੂ ਕੀਤੀ ਜਾਵੇਗੀ ਜਾਇਦਾਦਾਂ ਦੀ ਈ-ਨਿਲਾਮੀ


• ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਦੇ ਨਿਰਦੇਸ਼ਾਂ ’ਤੇ ਗਮਾਡਾ ਵੱਲੋਂ ਬੋਲੀਕਾਰਾਂ ਦੀ ਮਦਦ ਤੇ ਬੋਲੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਈਮੇਲ helpdesk@gmada.gov.in ਜਾਰੀ


• ਤਕਰੀਬਨ 2100 ਕਰੋੜ ਰੁਪਏ ਦੀ ਰਾਖਵੀਂ ਕੀਮਤ ਦੀਆਂ ਜਾਇਦਾਦਾਂ ਖਰੀਦ ਲਈ ਹੋਣਗੀਆਂ ਉਪਲਬਧ


ਚੰਡੀਗੜ੍ਹ/ਐਸ.ਏ.ਐਸ.ਨਗਰ, 8 ਫਰਵਰੀ:


ਸੂਬਾ ਵਾਸੀਆਂ ਨੂੰ ਪੰਜਾਬ ਦੇ ਮਾਡਲ ਸ਼ਹਿਰ ਮੋਹਾਲੀ ਵਿੱਚ ਜਾਇਦਾਦ ਖਰੀਦਣ ਦਾ ਮੌਕਾ ਪ੍ਰਦਾਨ ਕਰਨ ਲਈ ਗ੍ਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਐਸ.ਏ.ਐਸ. ਨਗਰ (ਮੋਹਾਲੀ) ਦੇ ਵੱਖ-ਵੱਖ ਪ੍ਰਾਜੈਕਟਾਂ/ਸੈਕਟਰਾਂ ਵਿੱਚ ਸਥਿਤ ਤਕਰੀਬਨ 77 ਜਾਇਦਾਦਾਂ ਦੀ ਈ-ਨਿਲਾਮੀ ਕੀਤੀ ਜਾਵੇਗੀ।


ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਹ ਈ-ਨਿਲਾਮੀ 17 ਫਰਵਰੀ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗੀ ਅਤੇ 6 ਮਾਰਚ ਨੂੰ ਦੁਪਹਿਰ 1 ਵਜੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਈ-ਨਿਲਾਮੀ ਵਿੱਚ ਉਪਲਬਧ ਜਾਇਦਾਦਾਂ ਦੀ ਕੁੱਲ ਰਾਖਵੀਂ ਕੀਮਤ ਤਕਰੀਬਨ 2100 ਕਰੋੜ ਰੁਪਏ ਬਣਦੀ ਹੈ।  


ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਗਮਾਡਾ ਵੱਲੋਂ ਇਸ ਬੋਲੀ ਪ੍ਰਕਿਰਿਆ ਨੂੰ ਸੁਚਾਰੂ ਤੇ ਸੁਖਾਲਾ ਬਣਾਉਣ ਤੋਂ ਇਲਾਵਾ ਬੋਲੀਕਾਰਾਂ ਦੀ ਮਦਦ ਵਾਸਤੇ ਈਮੇਲ helpdesk@gmada.gov.in ਜਾਰੀ ਕੀਤੀ ਗਈ ਹੈ ਤਾਂ ਜੋ ਕੋਈ ਵੀ ਵਿਅਕਤੀ ਈ-ਨਿਲਾਮੀ ਸਬੰਧੀ ਜਾਂ ਬੋਲੀ ਲਗਾਉਣ ਵਿੱਚ ਸਮੱਸਿਆ ਆਉਣ ਉਤੇ ਇਸ ਈਮੇਲ ਰਾਹੀਂ ਸਹਾਇਤਾ ਪ੍ਰਾਪਤ ਕਰ ਸਕੇ।


ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਦੱਸਿਆ ਕਿ ਗਮਾਡਾ ਵੱਲੋਂ ਇਸ ਈ-ਨਿਲਾਮੀ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਜਾਇਦਾਦਾਂ ਪੇਸ਼ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 6 ਗਰੁੱਪ ਹਾਊਸਿੰਗ ਸਾਈਟਾਂ, ਇਕ ਸਕੂਲ ਸਾਈਟ, ਇਕ ਹੋਟਲ ਸਾਈਟ, ਇਕ ਨਰਸਿੰਗ ਹੋਮ ਸਾਈਟ, 9 ਆਈ.ਟੀ. ਉਦਯੋਗਿਕ ਪਲਾਟ, ਦੋ ਵਪਾਰਕ ਚੰਕ ਸਾਈਟਾਂ ਅਤੇ ਲਗਭਗ 57 ਐਸ.ਸੀ.ਓਜ਼. ਅਤੇ ਬੂਥ ਸ਼ਾਮਲ ਹਨ। ਇਹ ਜਾਇਦਾਦਾਂ ਏਅਰੋਸਿਟੀ, ਸੈਕਟਰ 83-ਅਲਫ਼ਾ, ਸੈਕਟਰ 66-ਬੀਟਾ, ਆਈ.ਟੀ. ਸਿਟੀ ਸੈਕਟਰ 101-ਅਲਫ਼ਾ ਅਤੇ ਐਸ.ਏ.ਐਸ. ਨਗਰ ਦੀਆਂ ਹੋਰ ਪ੍ਰਮੁੱਖ ਥਾਵਾਂ ’ਤੇ ਸਥਿਤ ਹਨ।


ਉਨ੍ਹਾਂ ਦੱਸਿਆ ਕਿ ਇੱਛੁਕ ਬੋਲੀਕਾਰ ਜਾਇਦਾਦਾਂ ਦੇ ਵੇਰਵੇ ਈ-ਨਿਲਾਮੀ ਪੋਰਟਲ https://puda.e-auctions.in ਉਤੇ ਦੇਖ ਸਕਦੇ ਹਨ। ਈ-ਨਿਲਾਮੀ ਸ਼ੁਰੂ ਹੋਣ ਤੋਂ ਪਹਿਲਾਂ ਬੋਲੀ ਦੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਵਾਲੇ ਬੋਲੀਕਾਰਾਂ ਲਈ ਰਜਿਸਟਰੇਸ਼ਨ ਦੀ ਪ੍ਰਕਿਰਿਆ, ਭੁਗਤਾਨ ਕਰਨ ਦਾ ਤਰੀਕਾ, ਸਾਈਟਾਂ ਦਾ ਆਕਾਰ, ਸਥਾਨ ਆਦਿ ਨੂੰ ਇਸ ਪੋਰਟਲ ’ਤੇ ਅਪਲੋਡ ਕੀਤਾ ਜਾਵੇਗਾ। ਬੋਲੀਕਾਰ ਨੂੰ ਸਾਈਟ ਲਈ ਨਿਰਧਾਰਤ ਰਾਖਵੀਂ ਕੀਮਤ ਤੋਂ ਵੱਧ ਬੋਲੀ ਲਗਾਉਣੀ ਪਵੇਗੀ। ਉਨ੍ਹਾਂ ਦੱਸਿਆ ਕਿ ਬੋਲੀ ਲਗਾਉਣ ਦੀ ਗਿਣਤੀ ’ਤੇ ਕੋਈ ਰੋਕ ਨਹੀਂ ਹੋਵੇਗੀ ਅਤੇ ਬੋਲੀਕਾਰ ਆਪਣੀ ਇੱਛਾ ਮੁਤਾਬਕ ਬੋਲੀ ਵਿੱਚ ਸੋਧ ਕਰ ਸਕਦੇ ਹਨ।


ਉਨ੍ਹਾਂ ਕਿਹਾ ਕਿ ਗਮਾਡਾ ਅੰਤਿਮ ਬੋਲੀ ਦੀ ਕੀਮਤ ਦਾ 10 ਫ਼ੀਸਦ ਭੁਗਤਾਨ ਪ੍ਰਾਪਤ ਕਰਨ ’ਤੇ ਸਫ਼ਲ ਬੋਲੀਕਾਰਾਂ ਨੂੰ ਸਾਈਟਾਂ ਅਲਾਟ ਕਰੇਗੀ ਅਤੇ ਸਾਈਟਾਂ ਦਾ ਕਬਜ਼ਾ ਨਿਲਾਮੀ (ਆਕਸ਼ਨ) ਨੀਤੀ ਦੇ ਨਿਯਮਾਂ ਅਤੇ ਸ਼ਰਤਾਂ ਮੁਤਾਬਕ ਸੌਂਪਿਆ ਜਾਵੇਗਾ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends