ਆਈਏਐਸ ਜਸਪ੍ਰੀਤ ਤਲਵਾੜ ਦੇ ਖ਼ਿਲਾਫ਼ ਜਾਰੀ ਗ੍ਰਿਫ਼ਤਾਰੀ ਵਾਰੰਟ ਦੇ ਮਾਮਲੇ ਚ ਪੰਜਾਬ ਸਰਕਾਰ ਵੱਲੋਂ ਜਾਰੀ ਪ੍ਰੈਸ ਨੋਟ ਗੁੰਮਰਾਹਕੁੰਨ ਅਤੇ ਤੱਥਾਂ ਤੋਂ ਦੂਰ :- ਐਨਸੀਐਸਸੀ
ਚੰਡੀਗੜ੍ਹ, 13 ਜਨਵਰੀ: ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ (ਐਨ.ਸੀ.ਐਸ.ਸੀ.) ਨੇ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਇਸ ਦਾਅਵੇ ਨੂੰ ਗੁੰਮਰਾਹਕੁੰਨ ਅਤੇ ਤੱਥਾਂ ਤੋਂ ਕੋਹਾਂ ਦੂਰ ਕਰਾਰ ਦਿੱਤਾ ਹੈ ਕਿ ਕਮਿਸ਼ਨ ਨੇ ਸੂਬੇ ਦੇ ਪ੍ਰਮੁੱਖ ਸਕੱਤਰ (ਸਕੂਲ ਸਿੱਖਿਆ) ਜਸਪ੍ਰੀਤ ਤਲਵਾੜ ਨੂੰ ਗ੍ਰਿਫ਼ਤਾਰ ਕਰਕੇ ਕਮਿਸ਼ਨ ਦੇ ਅੱਗੇ ਪੇਸ਼ ਕਰਨ ਦਾ ਹੁਕਮ ਵਾਪਸ ਲੈ ਲਿਆ ਗਿਆ ਹੈ। ਇਹ ਜਾਣਕਾਰੀ ਕਮਿਸ਼ਨ ਦੇ ਡਾਇਰੈਕਟਰ (ਹੈੱਡਕੁਆਰਟਰ) ਕੌਸ਼ਲ ਕੁਮਾਰ ਵੱਲੋਂ ਦਿੱਤੀ ਗਈ ਹੈ।
ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਕੱਲ੍ਹ ਇੱਕ ਪ੍ਰੈਸ ਬਿਆਨ ਵਿੱਚ ਕਿਹਾ, “ਕੌਮੀ ਅਨਸੂਚਿਤ ਜਾਤੀ ਕਮਿਸ਼ਨ ਨੇ 6 ਜਨਵਰੀ 2023 ਨੂੰ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਜਸਪ੍ਰੀਤ ਤਲਵਾੜ ਨੂੰ ਗ੍ਰਿਫ਼ਤਾਰ ਕਰਕੇ ਕਮਿਸ਼ਨ ਦੇ ਸਾਹਮਣੇ ਪੇਸ਼ ਕਰਨ ਸਬੰਧੀ ਕੀਤੇ ਆਪਣੇ ਹੁਕਮਾਂ ਨੂੰ ਵਾਪਿਸ ਲੈ ਲਿਆ ਹੈ । ਕਮਿਸ਼ਨ ਵੱਲੋ ਅੱਜ ਜਾਰੀ ਕੀਤੇ ਨਵੇਂ ਹੁਕਮਾਂ ਅਨੁਸਾਰ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਜਸਪ੍ਰੀਤ ਤਲਵਾੜ ਪਹਿਲਾਂ ਤੋਂ ਹੀ ਨਿਰਧਾਰਿਤ ਤਾਰੀਖ ਨੂੰ ਬਗੈਰ ਪੁਲਿਸ ਕਾਰਵਾਈ ਦੇ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣਗੇ।“
ਸੱਚ ਇਹ ਹੈ ਕਿ 9 ਜਨਵਰੀ ਨੂੰ ਸ੍ਰੀਮਤੀ ਜਸਪ੍ਰੀਤ ਤਲਵਾੜ ਨੇ ਐਨ.ਸੀ.ਐਸ.ਸੀ ਨੂੰ ਪੱਤਰ ਲਿਖ ਕੇ 2 ਜਨਵਰੀ ਨੂੰ ਪੇਸ਼ੀ 'ਤੇ ਹਾਜ਼ਰ ਨਾ ਹੋਣ ਦੇ ਕਾਰਨ ਦਾ ਵੇਰਵਾ ਦਿੱਤਾ ਅਤੇ ਗ੍ਰਿਫਤਾਰੀ ਵਾਰੰਟ ਵਾਪਸ ਲੈਣ ਦੀ ਬੇਨਤੀ ਕਰਦਿਆਂ ਕਿਹਾ ਕਿ ਉਹ 17 ਜਨਵਰੀ 2023 ਨੂੰ ਸਵੇਰੇ 11 ਵਜੇ ਕਮਿਸ਼ਨ ਦੇ ਅੱਗੇ ਹਾਜ਼ਰ ਹੋਣਗੇ । ਪੰਜਾਬ ਦੇ ਮੁੱਖ ਸਕੱਤਰ ਨੇ ਵੀ 10 ਜਨਵਰੀ ਨੂੰ ਐਨ.ਸੀ.ਐਸ.ਸੀ ਨੂੰ ਇੱਕ ਪੱਤਰ ਲਿਖ ਕੇ ਸ੍ਰੀਮਤੀ ਜਸਪ੍ਰੀਤ ਤਲਵਾੜ ਵੱਲੋਂ ਲਿਖੇ ਪੱਤਰ ਦਾ ਹਵਾਲਾ ਦਿੰਦੇ ਹੋਏ ਉਕਤ ਵਾਰੰਟ ਵਾਪਸ ਲੈਣ ਦੀ ਬੇਨਤੀ ਕੀਤੀ ਸੀ |
ਅਸਲੀਅਤ ਇਹ ਹੈ ਕਿ ਸਰਕਾਰ ਦੀ ਪ੍ਰੈਸ ਰਿਲੀਜ਼ ਇਸ ਤੱਥ ਨੂੰ ਛੁਪਾਉਂਦੀ ਹੈ ਕਿ ਜਸਪ੍ਰੀਤ ਤਲਵਾੜ ਨੇ ਕਮਿਸ਼ਨ ਨੂੰ ਗ੍ਰਿਫਤਾਰੀ ਵਾਰੰਟ ਵਾਪਸ ਲੈਣ ਦੀ ਬੇਨਤੀ ਕੀਤੀ ਸੀ ਅਤੇ ਅਗਲੇ ਦਿਨ ਮੁੱਖ ਸਕੱਤਰ ਵੱਲੋਂ ਵੀ ਇਹੀ ਬੇਨਤੀ ਕੀਤੀ ਗਈ ਸੀ। ਇਸ ਤੋਂ ਇਲਾਵਾ, ਰਿਲੀਜ਼ ਵਿੱਚ ਗਲਤ ਲਿਖਿਆ ਗਿਆ ਹੈ ਕਿ ਐਨ.ਸੀ.ਐਸ.ਸੀ ਨੇ ਜਸਪ੍ਰੀਤ ਤਲਵਾੜ ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਲਈ ਨਵੇਂ ਹੁਕਮ ਜਾਰੀ ਕੀਤੇ ਹਨ।
ਕੌਸ਼ਲ ਅਨੁਸਾਰ ਉਪਰੋਕਤ ਤੱਥਾਂ ਦੇ ਮੱਦੇਨਜ਼ਰ ਇਹ ਸਪੱਸ਼ਟ ਹੁੰਦਾ ਹੈ ਕਿ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਤੱਥਹੀਣ 'ਤੇ ਗੁੰਮਰਾਹਕੁੰਨ ਪ੍ਰੈਸ ਬਿਆਨ ਜਾਰੀ ਕੀਤਾ ਹੈ।