ਸਰਕਾਰ 168 ਡੀ.ਪੀ.ਈ. ਅਧਿਆਪਕ ਉਮੀਦਵਾਰਾਂ ਨੂੰ ਨੌਕਰੀ ਦੇਵੇ – ਜੀ.ਟੀ.ਯੂ. ਵਿਗਿ:
ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਗਦੀਪ ਸਿੰਘ ਜੌਹਲ ਅਤੇ ਜਨਰਲ ਸਕੱਤਰ ਇਤਬਾਰ ਸਿੰਘ ਵੱਲੋਂ ਕੀਤੀ ਗਈ ਮੰਗ ਅਨੁਸਾਰ ਪੰਜਾਬ ਸਰਕਾਰ 168 ਡੀ.ਪੀ.ਈ. ਅਧਿਆਪਕ ਉਮੀਦਵਾਰਾਂ ਨੂੰ ਫਰਾਖ਼ਦਿਲੀ ਦਿਖਾਉਂਦੇ ਹੋਏ ਨੌਕਰੀ ਦਾ ਪ੍ਰਬੰਧ ਕਰੇ, ਕਿਉਂਕਿ ਇਹ ਕਾਬਲ ਉਮੀਦਵਾਰ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਗਲਤੀ ਕਾਰਨ ਭਰਤੀ ਬੋਰਡ ਵੱਲੋਂ ਲਿਆ ਗਿਆ ਟੈਸਟ ਪਾਸ ਕਰਨ ਦੇ ਬਾਵਜੂਦ ਵੀ ਦਰ-ਦਰ ਠੋਕਰਾਂ ਖਾਣ ਲਈ ਮਜ਼ਬੂਰ ਹਨ।
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਦਸੰਬਰ 2021 ਅਤੇ ਜਨਵਰੀ 2022 ਸਮੇਂ ਡੀ.ਪੀ.ਈ. ਉਮੀਦਵਾਰਾਂ ਦੀ ਭਰਤੀ ਲਈ ਇਸ਼ਤਿਹਾਰ ਦਿੱਤਾ ਸੀ ਅਤੇ ਯੋਗ ਪਾਏ ਗਏ ਉਮੀਦਵਾਰਾਂ ਦੀ ਵਿਸ਼ਾਵਾਰ ਪ੍ਰੀਖਿਆ ਵੀ ਲਈ ਗਈ ਸੀ, ਪ੍ਰੰਤੂ ਭਰਤੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਇਹ ਕਹਿ ਕੇ ਨੌਕਰੀ ਨਹੀਂ ਦਿੱਤੀ ਜਾ ਰਹੀ ਕਿ ਉਨ੍ਹਾਂ ਵੱਲੋਂ ਟੈਂਟ ਨਹੀਂ ਪਾਸ ਕੀਤਾ ਗਿਆ। ਜਦੋਂਕਿ ਤੱਥ ਬੋਲਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਅੱਜ ਤੱਕ ਕਦੇ ਵੀ ਡੀ.ਪੀ.ਈ. ਉਮੀਦਵਾਰਾਂ ਲਈ ਟੈਂਟ ਲਿਆ ਹੀ ਨਹੀਂ ਗਿਆ ਅਤੇ ਨਾ ਹੀ ਸਰਕਾਰ ਕੋਲ ਇਨ੍ਹਾਂ ਦੇ ਟੈਂਟ ਦਾ ਕੋਈ ਸਿਲੇਬਸ ਮੌਜੂਦ ਹੈ, ਜਿਸ ਕਾਰਨ ਸਰਕਾਰ ਦੀ ਗਲਤੀ ਦਾ ਖਮਿਆਜ਼ਾ ਬੇਕਸੂਰ ਡੀ.ਪੀ.ਈ. ਉਮੀਦਵਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਸਰਕਾਰ ਵੱਲੋਂ ਇਨ੍ਹਾਂ ਅਧਿਆਪਕਾਂ ਲਈ ਟੈਂਟ ਦੀ ਪ੍ਰਕਿਰਿਆ ਹੀ ਅਜੇ ਤੱਕ ਸ਼ੁਰੂ ਨਹੀਂ ਕੀਤੀ ਗਈ ਤਾਂ ਫਿਰ ਇਨ੍ਹਾਂ ਦੀ ਭਰਤੀ ਦਾ ਇਸ਼ਤਿਹਾਰ ਹੀ ਕਿਉਂ ਜਾਰੀ ਕੀਤਾ ਗਿਆ? ਕੀ ਸਰਕਾਰ ਵੱਲੋਂ ਇਨ੍ਹਾਂ ਦੀ ਭਰਤੀ ਦਾ ਇਸ਼ਤਿਹਾਰ ਬਾਹਰਲੇ ਸੂਬਿਆਂ ਦੇ ਉਮੀਦਵਾਰਾਂ ਨੂੰ ਸੱਦਾ ਦੇਣ ਲਈ ਦਿੱਤਾ ਗਿਆ ਸੀ? ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 2018 ਸਮੇਂ ਸਰਵਿਸ ਸਬੰਧੀ ਨਿਯਮਾਂ ਵਿੱਚ ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਸਿਫ਼ਾਰਿਸ਼ ਤੇ ਕੁੱਝ ਤਬਦੀਲੀਆਂ ਕੀਤੀਆਂ ਗਈਆਂ, ਇਸ ਸਮੇਂ ਕਲੈਰੀਕਲ ਗ਼ਲਤੀ ਕਾਰਨ ਮਾਸਟਰ ਕੇਡਰ ਦੀਆਂ ਸਭ ਭਰਤੀਆਂ ਲਈ ਬੀ.ਐੱਡ. ਉਪਰੰਤ ਟੈੱਟ ਪਾਸ ਕਰਨਾ ਜ਼ਰੂਰੀ ਕਰਾਰ ਦੇ ਦਿੱਤਾ ਗਿਆ, ਜਦੋਂ ਕਿ ਬਤੌਰ ਡੀ.ਪੀ.ਈ. ਅਧਿਆਪਕਾਂ ਦੀ ਭਰਤੀ ਵਾਸਤੇ ਉਮੀਦਵਾਰ ਵੱਲੋਂ ਬੀ.ਐੱਡ. ਦੀ ਥਾਂ ਡੀ.ਪੀ.ਐੱਡ. ਜਾਂ ਬੀ.ਪੀ.ਐੱਡ. ਦੀ ਯੋਗਤਾ ਹੋਣੀ ਜ਼ਰੂਰੀ ਹੁੰਦੀ ਹੈ। ਹੁਣ ਸਵਾਲ ਹੈ ਕਿ ਬੀ.ਐੱਡ. ਦੀ ਡਿਗਰੀ ਲਏ ਬਿਨਾਂ ਇਹ ਅਧਿਆਪਕ ਟੈਂਟ ਦੀ ਪ੍ਰੀਖਿਆ ਵਿੱਚ ਬੈਠਣ ਲਈ ਯੋਗ ਕਿਵੇਂ ਪਾਏ ਜਾਣਗੇ। ਇਸ ਤੋਂ ਇਲਾਵਾ ਬੀ.ਐੱਡ. ਦੀ ਡਿਗਰੀ ਅਕਾਦਮਿਕ ਹੁੰਦੀ ਹੈ ਅਤੇ ਡੀ.ਪੀ.ਐੱਡ. ਦੀ ਡਿਗਰੀ ਲੱਗਪਗ ਪ੍ਰੈਕਟੀਕਲ ਹੁੰਦੀ ਹੈ।
ਅਧਿਆਪਕ ਆਗੂਆਂ ਸੰਦੀਪ ਸਿੰਘ ਬਦੇਸ਼ਾ, ਰਾਜਵਿੰਦਰ ਸਿੰਘ ਛੀਨਾ, ਕੇਵਲ ਸਿੰਘ, ਜਤਿੰਦਰਪਾਲ ਸਿੰਘ, ਕੁਲਵਿੰਦਰ ਸਿੰਘ, ਪ੍ਰੇਮ ਕੁਮਾਰ, ਇੰਦਰਜੀਤ ਸਿੰਗਲਾ ਆਦਿ ਨੇ ਕਿਹਾ ਕਿ ਇਨ੍ਹਾਂ ਉਮੀਦਰਵਾਰਾਂ ਵਿੱਚੋਂ ਬਹੁਤ ਸਾਰੇ ਰਾਸ਼ਟਰੀ ਪੱਧਰ ਤੇ ਖੇਡਾਂ ਵਿੱਚ ਸੋਨ ਤਗਮਾ ਜੇਤੂ ਹੋਣ ਦੇ ਨਾਲ-ਨਾਲ ਏਸ਼ੀਅਨ ਖੇਡਾਂ ਵਿੱਚੋਂ ਮੈਡਲਿਸਟ ਹਨ।
ਇੱਕ ਪਾਸੇ ਤਾਂ ਅੰਤਰਰਾਸ਼ਟਰੀ ਪੱਧਰ ਤੇ ਖੇਡਾਂ ਵਿਚ ਦੂਜੇ ਦੇਸ਼ਾਂ ਦੇ ਮੁਕਬਾਲੇ ਸਾਡੇ ਦੇਸ਼ ਦੀ ਕਿਰਕਿਰੀ ਆਮ ਹੀ ਹੁੰਦੀ ਰਹਿੰਦੀ ਹੈ ਅਤੇ ਦੂਜੇ ਪਾਸੇ ਸਰਕਾਰ ਤੋਂ ਤੰਗ ਆ ਕੇ ਅੱਜ ਅਜਿਹੇ ਉਮੀਦਵਾਰ ਠੰਢ ਦੀ ਰੁੱਤੇ ਮੀਂਹ ਪੈਣ ਦੇ ਬਾਵਜੂਦ ਵੀ ਸੜਕਾਂ ਤੇ ਰੁਲਣ ਲਈ ਅਤੇ ਪਾਣੀ ਦੀਆਂ ਟੈਂਕੀਆਂ ਤੇ ਚੜ੍ਹਨ ਲਈ ਮਜ਼ਬੂਰ ਹੋ ਚੁੱਕੇ ਹਨ। ਜੀ.ਟੀ.ਯੂ. ਵਿਗਿ ਆਗੂਆਂ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਜੌਹਲ ਸਮੇਤ ਯੂਨੀਅਨ ਆਗੂਆਂ ਵੱਲੋਂ 168 ਡੀ.ਪੀ.ਈ. ਉਮੀਦਵਾਰਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਵੇ ਅਤੇ ਨਿਯਮਾਂ ਵਿੱਚ ਲੋੜੀਂਦੀ ਢਿੱਲ ਦੇ ਕੇ ਉਨ੍ਹਾਂ ਨੂੰ ਨੌਕਰੀਆਂ ਦੇਵੇ ਅਤੇ ਮੀਂਹ ਅਤੇ ਠੰਢ ਦੀ ਰੁੱਤੇ ਸੜਕ ਉੱਪਰ ਦੇ ਰਹੇ ਧਰਨਿਆਂ / ਪਾਣੀਆਂ ਦੀਆਂ ਟੈਂਕੀਆਂ ਤੋਂ ਸਨਮਾਨ ਸਹਿਤ ਰੁਖ਼ਸਤ ਕਰੇ ਤਾਂ ਕਿ ਇਹ ਖਿਡਾਰੀ ਏਸ਼ੀਅਨ / ਉਲੰਪਕ ਖੇਡਾਂ ਵਿਚ ਭਾਗ ਲੈ ਕੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਉਹ ਮਸਲੇ ਨੂੰ ਹੱਲ ਲਈ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਹਨ। 168 ਡੀ.ਪੀ.ਈ. ਉਮੀਦਵਾਰਾਂ ਸ੍ਰੀ ਮਨਪ੍ਰੀਤ ਸਿੰਘ, ਲਖਵੀਰ ਸਿੰਘ, ਜਸਵਿੰਦਰ ਸਿੰਘ, ਰਿਸ਼ੀ ਕੁਮਾਰ, ਬਖਸ਼ੀਸ਼ ਸਿੰਘ, ਪ੍ਰਿਅੰਕਾ ਰਾਣੀ (ਕਬੱਡੀ ਖਿਡਾਰਨ) ਅਤੇ ਹਰਪ੍ਰੀਤ ਕੌਰ (ਸਾਰੇ ਰਾਸ਼ਟਰੀ ਮੈਡਲਿਸਟ) ਆਦਿ ਨੇ ਜੀ.ਟੀ.ਯੂ. ਵਿਗਿ: ਲੁਧਿਆਣਾ ਦੇ ਆਗੂਆਂ ਵੱਲੋਂ ਉਨ੍ਹਾਂ ਦੇ ਹੱਕ ਵਿੱਚ ਖੜ੍ਹਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਉਮੀਦ ਪ੍ਰਗਟਾਈ ਕਿ ਸਰਕਾਰ ਜਲਦੀ ਹੀ ਸੰਜੀਦਗੀ ਨਾਲ ਉਨ੍ਹਾਂ ਦਾ ਮਸਲਾ ਹੱਲ ਕਰੇਗੀ।