ਮੁੱਖ ਸਕੱਤਰ ਵੱਲੋਂ ਚੰਡੀਗੜ੍ਹ ਵਿਚਲੇ ਸਰਕਾਰੀ ਮਕਾਨਾਂ ਦੀ ਆਨਲਾਈਨ ਅਲਾਟਮੈਂਟ ਲਈ ਪੋਰਟਲ ਲਾਂਚ
ਪਾਰਦਰਸ਼ੀ, ਸੁਖਾਲੀਆਂ ਤੇ ਬਿਹਤਰ ਪ੍ਰਸ਼ਾਸਨਿਕ ਸੇਵਾਂ ਮੁਹੱਈਆ ਕਰਵਾਉਣਾ ਸੂਬਾ ਸਰਕਾਰ ਦੀ ਮੁੱਖ ਪਹਿਲ: ਵਿਜੈ ਕੁਮਾਰ ਜੰਜੂਆ
ਚੰਡੀਗੜ੍ਹ, 12 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬਾ ਵਾਸੀਆਂ ਨੂੰ ਪਾਰਦਰਸ਼ੀ, ਸੁਖਾਲੀਆਂ ਤੇ ਬਿਹਤਰ ਪ੍ਰਸ਼ਾਸਨਿਕ ਸੇਵਾਂ ਦੇਣ ਦੀ ਵਚਨਬੱਧਤਾ ਉਤੇ ਚੱਲਦਿਆਂ ਸੂਬਾ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਲਈ ਚੰਡੀਗੜ੍ਹ ਵਿਚਾਲੇ ਸਰਕਾਰੀ ਮਕਾਨਾਂ ਦੀ ਅਲਾਟਮੈਂਟ ਦੀ ਪ੍ਰਕਿਰਿਆ ਨੂੰ ਆਸਾਨ ਕਰਦਿਆਂ ਆਨਲਾਈਨ ਅਲਾਟ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵੱਲੋਂ ਐਨ.ਆਈ.ਸੀ. ਵੱਲੋਂ ਆਮ ਰਾਜ ਪ੍ਰਬੰਧ ਨਾਲ ਮਿਲ ਕੇ ਤਿਆਰ ਕੀਤਾ ਈ-ਅਵਾਸ ਰਿਹਾਇਸ਼ ਪ੍ਰਬੰਧਨ ਪ੍ਰਣਾਲੀ ਦਾ ਪੋਰਟਲ ਲਾਂਚ ਕੀਤਾ ਗਿਆ।
ਮੁੱਖ ਸਕੱਤਰ ਸ੍ਰੀ ਜੰਜੂਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੋਰਟਲ ਜ਼ਰੀਏ ਚੰਡੀਗੜ੍ਹ ਸਥਿਤ ਪੰਜਾਬ ਪੂਲ ਦੇ ਮਕਾਨਾਂ ਦੀ ਅਲਟਾਟਮੈਂਟ ਹੁਣ ਸਿਰਫ ਆਨਲਾਈਨ ਸਵਿਕਾਰ ਕੀਤੀਆਂ ਜਾਣਗੀਆਂ। ਪੋਰਟਲ ਉਤੇ ਮੈਰਿਟ ਅਨੁਸਾਰ ਸਰਕਾਰੀ ਅਧਿਕਾਰੀ/ਮੁਲਾਜ਼ਮ ਦੀ ਸੀਨੀਅਰਤਾ ਅਨੁਸਾਰ ਆਪਣੇ-ਆਪ ਸਰਕਾਰੀ ਮਕਾਨ ਅਲਾਟ ਹੋ ਜਾਵੇਗਾ। ਇਸ ਨਾਲ ਜਿੱਥੇ ਸਰਕਾਰੀ ਕਰਮਚਾਰੀ ਨੂੰ ਮਕਾਨ ਅਲਾਟ ਕਰਨ ਲਈ ਖੱਜਲ ਖੁਆਰ ਨਹੀਂ ਹੋਣਾ ਪਵੇਗਾ ਉਥੇ ਪੁਰਾਣੇ ਸਿਸਟਮ ਅਨੁਸਾਰ ਕਿਸੇ ਕਰਮਚਾਰੀ ਪਲਾਟ ਨਾ ਲੈਣ ਦੀ ਸੂਰਤ ਵਿੱਚ ਕੋਈ ਵੀ ਮਕਾਨ ਲੰਬਾ ਸਮਾਂ ਖਾਲੀ ਨਹੀਂ ਰਹੇਗਾ।
ਸ੍ਰੀ ਜੰਜੂਆ ਨੇ ਅੱਗੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਸਿਰਫ ਚੰਡੀਗੜ੍ਹ ਸਥਿਤ ਪੰਜਾਬ ਪੂਲ ਦੇ ਵੱਖ-ਵੱਖ ਕੈਟੇਗਰੀਆਂ ਦੇ 1257 ਸਰਕਾਰੀ ਮਕਾਨਾਂ ਦੀ ਅਲਾਟਮੈਂਟ ਆਨਲਾਈਨ ਹੋਵੇਗੀ ਜਦੋਂ ਕਿ ਆਉਣ ਵਾਲੇ ਸਮੇਂ ਵਿੱਚ ਦੂਜੇ ਪੜਾਅ ਵਿੱਚ ਸੂਬੇ ਅੰਦਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਪੰਜਾਬ ਪੂਲ ਦੇ ਸਰਕਾਰੀ ਮਕਾਨਾਂ ਦੀ ਅਲਾਟਮੈਂਟ ਵੀ ਇਸ ਪੋਰਟਲ ਰਾਹੀਂ ਲਾਂਚ ਕੀਤੀ ਜਾਵੇਗੀ। ਇਸ ਮੌਕੇ ਮੁੱਖ ਸਕੱਤਰ ਵੱਲੋਂ ਆਮ ਰਾਜ ਪ੍ਰਬੰਧ ਤੇ ਐਨ.ਆਈ.ਐਸ. ਨੂੰ ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ ਆਉਣ ਵਾਲੇ ਲੋਕਾਂ ਲਈ ਆਨਲਾਈਨ ਦਾਖਲਾ ਪਾਸ ਬਣਾਉਣ ਉਤੇ ਕੋਈ ਪ੍ਰਣਾਲੀ ਸਥਾਪਤ ਕਰਨ ਉਤੇ ਕੰਮ ਕਰਨ ਲਈ ਆਖਿਆ ਗਿਆ।
ਆਮ ਰਾਜ ਪ੍ਰਬੰਧ ਦੇ ਸਕੱਤਰ ਕੁਮਾਰ ਰਾਹੁਲ ਨੇ ਦੱਸਿਆ ਕਿ ਮਕਾਨ ਅਪਲਾਈ ਕਰਨ ਦੀ ਜਾਣਕਾਰੀ eawas.punjab.gov.in ਉਤੇ ਉਪਲੱਬਧ ਹੋਵੇਗੀ। ਸਰਕਾਰੀ ਕਰਮਚਾਰੀ ਪੋਰਟਲ ਉਤੇ ਖਾਲੀ ਮਕਾਨਾਂ ਦੀ ਸੂਚੀ ਨੂੰ ਦੇਖ ਕੇ ਆਪਣੀ ਪਹਿਲ ਅਨੁਸਾਰ ਅਪਲਾਈ ਕਰ ਸਕਦਾ ਹੈ। ਐਨ.ਆਈ.ਐਸ. ਦੇ ਸਟੇਟ ਇਨਫਾਰਮੈਟਿਕਸ ਅਫਸਰ ਤੇ ਡਿਪਟੀ ਡਾਇਰੈਕਟਰ ਜਨਰਲ ਵਿਵੇਕ ਵਰਮਾ ਨੇ ਦੱਸਿਆ ਕਿ ਇਸ ਪ੍ਰਣਾਲੀ ਰਾਹੀਂ ਹੁਣ ਮੁਲਾਜ਼ਮ ਆਪਣੇ ਘਰ ਬੈਠਿਆਂ ਮਕਾਨ ਲਈ ਅਪਲਾਈ ਕਰ ਸਕਣਗੇ ਅਤੇ ਪੋਰਟਲ ਉਤੇ ਆਈ.ਐਚ.ਆਰ.ਐਮ.ਐਸ. ਰਾਹੀਂ ਹਰ ਸਰਕਾਰੀ ਕਰਮਚਾਰੀ ਦਾ ਡਾਟਾ ਮੌਜੂਦ ਹੈ।
ਇਸ ਮੌਕੇ ਆਮ ਰਾਜ ਪ੍ਰਬੰਧ ਦੇ ਜੁਆਇੰਟ ਸਕੱਤਰ ਜਗਜੀਤ ਸਿੰਘ, ਐਨ.ਆਈ.ਐਸ. ਦੇ ਸਹਾਇਕ ਸਟੇਟ ਇਨਫਾਰਮੈਟਿਕ ਅਫਸਰ ਵਿਕਰਮ ਜੀਤ ਗਰੋਵਰ, ਸੀਨੀਅਰ ਤਕਨੀਕੀ ਡਾਇਰੈਕਟਰ ਅਨੂਮ ਕੁਮਾਰ ਜਲਾਲੀ ਤੇ ਤਕਨੀਤੀ ਡਾਇਰੈਕਟਰ ਨਰਿੰਦਰ ਸਿੰਘ ਵੀ ਹਾਜ਼ਰ ਸਨ।