ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਚੰਡੀਗੜ ਯੂਨੀਵਰਸਿਟੀ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਨ ਲਈ ਤਿੰਨ ਮੈਂਬਰੀ ਆਲ ਵੁਮੈਨ ਐਸ.ਆਈ.ਟੀ. ਦਾ ਗਠਨ
ਏਡੀਜੀਪੀ ਮਹਿਲਾ ਮਾਮਲੇ ਗੁਰਪ੍ਰੀਤ ਕੌਰ ਦਿਓ ਦੀ ਪੂਰਨ ਨਿਗਰਾਨੀ ਵਿੱਚ ਗਠਿਤ ਕੀਤੀ ਗਈ ਐਸ.ਆਈ.ਟੀ.
ਮਾਮਲੇ ਦੀ ਪੂਰੀ ਤਹਿ ਤੱਕ ਜਾਂਚ ਕਰੇਗੀ ਵਿਸ਼ੇਸ਼ ਜਾਂਚ ਟੀਮ ,ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਡੀਜੀਪੀ ਗੌਰਵ ਯਾਦਵ
ਡੀਜੀਪੀ ਪੰਜਾਬ ਵੱਲੋਂ ਵਿਦਿਆਰਥੀਆਂ , ਮਾਪਿਆਂ ਅਤੇ ਭਾਈਚਾਰੇ ਨੂੰ ਅਮਨ ਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ
ਚੰਡੀਗੜ, 19 ਸਤੰਬਰ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਏ.ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਿਵੀਜਨ ਅਤੇ ਮਹਿਲਾ ਮਾਮਲੇ ਗੁਰਪ੍ਰੀਤ ਕੌਰ ਦਿਓ ਦੀ ਨਿਗਰਾਨੀ ਹੇਠ ਤਿੰਨ ਮੈਂਬਰੀ ਆਲ ਵੂਮੈਨ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਹੈ ਤਾਂ ਜੋ ਚੰਡੀਗੜ ਯੂਨੀਵਰਸਿਟੀ ਮਾਮਲੇ ਦੀ ਪ੍ਰਭਾਵੀ ਅਤੇ ਫੌਰੀ ਜਾਂਚ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਵਿਸ਼ੇਸ਼ ਜਾਂਚ ਟੀਮ ਵਿੱਚ ਐਸ.ਪੀ. ਕਾਊਂਟਰ ਇੰਟੈਲੀਜੈਂਸ ਲੁਧਿਆਣਾ ਰੁਪਿੰਦਰ ਕੌਰ ਭੱਟੀ ਬਤੌਰ ਇੰਚਾਰਜ ਅਤੇ ਦੋ ਮੈਂਬਰਾਂ ਡੀ.ਐਸ.ਪੀ. ਖਰੜ-1 ਰੁਪਿੰਦਰ ਕੌਰ ਅਤੇ ਡੀ.ਐਸ.ਪੀ. ਏ.ਜੀ.ਟੀ.ਐਫ. ਦੀਪਿਕਾ ਸਿੰਘ ਮੈਂਬਰਾਂ ਵਜੋਂ ਸ਼ਾਮਲ ਹਨ। ਇਹ ਐਸ.ਆਈ.ਟੀ. ਡੀਆਈਜੀ ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ.ਐਸ.ਪੀ. ਐਸ.ਏ.ਐਸ. ਨਗਰ ਵਿਵੇਕ ਸ਼ੀਲ ਸੋਨੀ ਦੀ ਨਿਗਰਾਨੀ ਹੇਠ ਕੰਮ ਕਰੇਗੀ, ਅਤੇ ਕੰਮ ਦੀ ਲੋੜ ਅਨੁਸਾਰ ਕਿਸੇ ਹੋਰ ਮੈਂਬਰ ਦੀ ਚੋਣ ਕਰ ਸਕਦੀ ਹੈ।
ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਸਾਹਮਣੇ ਆਈ ਹੈ।
ਚੰਡੀਗੜ ਯੂਨੀਵਰਸਿਟੀ ਵਿਖੇ ਵਾਪਰੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਪੂਰੀ ਸਰਗਰਮੀ ਨਾਲ ਚੱਲ ਰਹੀ ਹੈ ਅਤੇ ਪੁਲਿਸ ਨੇ ਐਤਵਾਰ ਦੇਰ ਸ਼ਾਮ ਉਸ ਵਿਦਿਆਰਥੀ ਅਤੇ ਹਿਮਾਚਲ ਪ੍ਰਦੇਸ਼ ਦੇ ਦੋ ਹੋਰ ਵਿਅਕਤੀਆਂ ਸਮੇਤ ਕੁੱਲ ਤਿੰਨ ਗਿ੍ਰਫਤਾਰੀਆਂ ਕੀਤੀਆਂ ਹਨ ਅਤੇ ਦੋਸ਼ੀਆਂ ਕੋਲੋਂ ਕੁਝ ਇਲੈਕਟ੍ਰਾਨਿਕ ਯੰਤਰ ਵੀ ਜ਼ਬਤ ਕੀਤੇ ਹਨ। ਉਨਾਂ ਪੰਜਾਬ ਪੁਲਿਸ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਲਈ ਡੀਜੀਪੀ ਹਿਮਾਚਲ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਦਾ ਵੀ ਧੰਨਵਾਦ ਕੀਤਾ।
ਉਨਾਂ ਭਰੋਸਾ ਦਿੰਦਿਆਂ ਕਿਹਾ ਕਿ ਐਸ.ਆਈ.ਟੀ. ਇਸ ਮਾਮਲੇ ਦੀ ਤਹਿ ਤੱਕ ਜਾਂਚ ਕਰੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਵਿਦਿਆਰਥੀਆਂ, ਮਾਪਿਆਂ ਅਤੇ ਸਮੂਹ ਭਾਈਚਾਰੇ ਨੂੰ ਅਮਨ- ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹੋਏ, ਡੀਜੀਪੀ ਨੇ ਉਨਾਂ ਨੂੰ ਸਾਰੇ ਸਬੰਧਤ ਵਿਦਿਆਰਥੀਆਂ ਦੀ ਨਿੱਜਤਾ ਅਤੇ ਸਨਮਾਨ ਦੀ ਰੱਖਿਆ ਕਰਨ ਦਾ ਭਰੋਸਾ ਦਿੱਤਾ। ਉਨਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਜਾਣਕਾਰੀ ਲਈ ਸਿਰਫ ਪ੍ਰਮਾਣਿਕ ਚੈਨਲਾਂ ‘ਤੇ ਭਰੋਸਾ ਕਰਨ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ, ਜੋ ਕਿ ਕਈ ਵਾਰ ਅਣ-ਪ੍ਰਮਾਣਿਤ ਹੁੰਦੀਆਂ ਹਨ, ਤੋਂ ਗੁਰੇਜ਼ ਕੀਤਾ ਜਾਵੇ।