ਡੀ.ਟੀ.ਐਫ਼. ਜ਼ਿਲ੍ਹਾ ਇਕਾਈ ਫ਼ਤਹਿਗੜ੍ਹ ਸਾਹਿਬ ਦੇ ਜੱਥੇ ਨੇ ਸਿੱਖਿਆ ਮੰਤਰੀ ਦੇ ਸ਼ਹਿਰ ਬਰਨਾਲਾ ਰੈਲੀ ਵਿੱਚ ਕੀਤੀ ਸ਼ਮੂਲੀਅਤ
ਹੱਕ ਮੰਗਦੇ ਅਧਿਆਪਕਾਂ ਨਾਲ ਹੋਈ ਧੱਕੇਮੁੱਕੀ ਦੀ ਨਿਖੇਧੀ
ਫ਼ਤਹਿਗੜ੍ਹ ਸਾਹਿਬ 30 ਮਈ
ਐੱਸ.ਐੱਸ.ਏ./ਰਮਸਾ ਅਧਿਆਪਕ ਆਗੂ ਹਰਿੰਦਰ ਸਿੰਘ ਪਟਿਆਲਾ ਅਤੇ ਮੈਡਮ ਨਵਲਦੀਪ ਸ਼ਰਮਾ ਦੇ ਬਿਨਾਂ ਕਾਰਣ ਰੋਕੇ ਰੈਗੂਲਰ ਆਰਡਰ ਜਾਰੀ ਕਰਵਾਉਣ, 59 ਅਧਿਆਪਕਾਂ ਉੱਤੇ ਦਰਜ ਝੂਠੇ ਪੁਲਿਸ ਕੇਸ ਰੱਦ ਕਰਵਾਉਣ ਦੀ ਮੰਗ ਦੀ ਪੂਰਤੀ ਲਈ ਪੰਜਾਬ ਦੇ ਅਧਿਆਪਕਾਂ ਦੀ ਸੰਘਰਸ਼ਸ਼ੀਲ ਜਥੇਬੰਦੀ "ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ(ਡੀ.ਟੀ.ਐੱਫ.)" ਵੱਲੋਂ ਸਿੱਖਿਆ ਮੰਤਰੀ ਪੰਜਾਬ ਦੇ ਸ਼ਹਿਰ ਬਰਨਾਲਾ ਵਿਖੇ ਸੂਬਾ ਪੱਧਰੀ ਰੈਲੀ ਕੀਤੀ।
ਇਸ ਰੈਲੀ ਵਿੱਚ ਡੀ.ਟੀ.ਐੱਫ. ਫ਼ਤਹਿਗੜ੍ਹ ਸਾਹਿਬ ਤੋਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ, ਜਨਰਲ ਸਕੱਤਰ ਜੋਸ਼ੀਲ ਤਿਵਾੜੀ ਦੀ ਅਗਵਾਈ ਹੇਠ ਅਧਿਆਪਕਾਂ ਦਾ ਜੱਥਾ ਹਰਿੰਦਰਜੀਤ ਸਿੰਘ, ਰਾਜਵਿੰਦਰ ਸਿੰਘ ਧਨੋਆ, ਸੁਖਜਿੰਦਰ ਸਿੰਘ, ਜਤਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਪਲਵਿੰਦਰ ਸਿੰਘ ਆਗੂਆਂ ਸਮੇਤ ਭਰਵੀਂ ਗਿਣਤੀ ਵਿਚ ਸ਼ਾਮਿਲ ਹੋਇਆ। ਆਗੂਆਂ ਨੇ ਪੁਲਿਸ ਦੁਆਰਾ ਕੀਤੀ ਗਈ ਬੈਰੀਕੇਟਿੰਗ ਦੌਰਾਨ ਧੱਕਾਮੁੱਕੀ ਅਤੇ ਅਧਿਆਪਕਾਂਵਾਂ ਨਾਲ ਬਦਸਲੂਕੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸੰਘਰਸ਼ੀ ਅਧਿਆਪਕਾਂ ਦੇ ਰੈਗੂਲਰ ਕੀਤੇ ਜਾਣ ਦੇ ਮਸਲੇ ਨੂੰ ਅਣਗੌਲਿਆਂ ਕਰਕੇ ਅਤੇ ਰੈਲੀ ਦੌਰਾਨ ਅਧਿਆਪਕਾਂ ਖਿਲਾਫ ਧੱਕੇਸ਼ਾਹੀ ਅਤੇ ਬਦਸਲੂਕੀ ਕਰਕੇ ਸਰਕਾਰ ਨੇ ਪੰਜਾਬ ਦੇ ਅਧਿਆਪਕਾਂ ਦਾ ਆਪਣੇ ਖ਼ਿਲਾਫ਼ ਮੋਰਚਾ ਖੁੱਲ੍ਹਵਾ ਲਿਆ ਹੈ, ਇਸ ਮੋਰਚੇ ਦੀ ਸਮਾਪਤੀ ਦੋਵੇਂ ਅਧਿਆਪਕਾਂ ਨੂੰ ਰੈਗੂਲਰ ਕਰਨ ਅਤੇ 59 ਅਧਿਆਪਕਾਂ ਦੇ ਪਰਚੇ ਰੱਦ ਕਰਕੇ ਹੀ ਹੋ ਸਕਦੀ ਹੈ। ਆਗੂਆਂ ਨੇ ਕਿਹਾ ਕਿ ਜੇਕਰ 9 ਜੂਨ ਨੂੰ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਸਿੱਖਿਆ ਮੰਤਰੀ ਪੰਜਾਬ ਨਾਲ ਹੋਣ ਵਾਲੀ ਮੀਟਿੰਗ ਵਿੱਚ ਠੋਸ ਹੱਲ ਨਾ ਨਿਕਲਿਆ ਤਾਂ ਜੱਥੇਬੰਦੀ ਪੰਜਾਬ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਐਕਸ਼ਨ ਉਲੀਕਣ ਵਿੱਚ ਦੇਰੀ ਨਹੀਂ ਕਰੇਗੀ।