ਸਟੇਟ ਸਕੂਲ ਆਫ ਸਪੋਰਟਸ ਜਲੰਧਰ ਵਿਖੇ ਸਪੋਰਟਸ ਵਿੰਗ ਦੇ ਟਰਾਇਲ 25 ਤੇ 26 ਮਈ ਨੂੰ ਹੋਣਗੇ
ਜ਼ਿਲ੍ਹਾ ਪੱਧਰੀ ਟਰਾਇਲ 27 ਅਤੇ 28 ਮਈ ਨੂੰ
ਖੇਡਾਂ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਮੁੜ ਬਹਾਲ ਕਰਨ ਲਈ ਵਚਨਬੱਧ: ਮੀਤ ਹੇਅਰ
ਚੰਡੀਗੜ੍ਹ, 21 ਮਈ:( ਚਾਨੀ)
ਖੇਡ ਵਿਭਾਗ ਵੱਲੋਂ ਸਕੂਲਾਂ ਦੇ ਵੱਖ- ਵੱਖ ਸਪੋਰਟਸ ਵਿੰਗਾਂ ਵਿਚ ਦਾਖਲਾ ਲੈਣ ਲਈ ਲੜਕਿਆਂ ਅਤੇ ਲੜਕੀਆਂ ਦੋਵਾਂ ਲਈ ਅੰਡਰ-14, ਅੰਡਰ-17 ਅਤੇ ਅੰਡਰ-19 ਉਮਰ ਵਰਗ ਲਈ ਟਰਾਇਲ ਲਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਸਟੇਟ ਸਕੂਲ ਆਫ ਸਪੋਰਟਸ, ਜਲੰਧਰ (ਰਿਹਾਇਸ਼ੀ) ਦੇ ਵਿੰਗ ਲਈ ਟਰਾਇਲ 25 ਅਤੇ 26 ਮਈ, 2022 ਨੂੰ ਹੋਣਗੇ ਜਦਕਿ ਸਾਰੇ ਜ਼ਿਲਿਆਂ ਦੱਥੇ ਜ਼ਿਲਾ ਪੱਧਰ (ਰਿਹਾਇਸ਼ੀ ਤੇ ਡੇਅ ਸਕਾਲਰ) ਨਾਲ ਸਬੰਧ ਵਿੰਗਾਂ ਦੇ ਟਰਾਇਲ 27 ਅਤੇ 28 ਮਈ, 2022 ਨੂੰ ਕਰਵਾਏ ਜਾਣਗੇ।
ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਅੰਡਰ- 14 ਉਮਰ ਵਰਗ ਦੇ ਖਿਡਾਰੀਆਂ ਦਾ ਜਨਮ 1-1-2009 ਨੂੰ ਜਾਂ ਇਸ ਤੋਂ ਬਾਅਦ ਹੋਇਆ ਹੋਣਾ ਚਾਹੀਦਾ ਹੈ, ਅੰਡਰ- 17 ਦੇ ਖਿਡਾਰੀ 1-1-2006 ਨੂੰ ਜਾਂ ਇਸ ਤੋਂ ਬਾਅਦ ਜਨਮੇ ਹੋਣ ਜਦਕਿ ਅੰਡਰ-19 ਵਰਗ ਦੇ ਖਿਡਾਰੀਆਂ ਦਾ ਜਨਮ 01-01-2004 ਨੂੰ ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ।
ਸ੍ਰੀ ਮੀਤ ਹੇਅਰ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਗੁਆਚੀ ਸ਼ਾਨ ਮੁੜ ਬਹਾਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸੇ ਟੀਚੇ ਨੂੰ ਮੁੱਖ ਰੱਖਦਿਆਂ ਉਨਾਂ ਨੇ ਵੱਖ-ਵੱਖ ਸਕੂਲਾਂ ਅਤੇ ਖੇਡ ਕੰਪਲੈਕਸਾਂ ਦਾ ਦੌਰਾ ਕਰ ਕੇ ਜ਼ਮੀਨੀ ਹਕੀਕਤਾਂ ਦੇਖੀਆਂ। ਇਸੇ ਫੀਡਬੈਕ ਦੇ ਆਧਾਰ ਉੱਤੇ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਖੇਤਰ ਵਿੱਚ ਜਿਹੜੀ ਖੇਡ ਦੀ ਮੰਗ ਹੈ ਅਤੇ ਖਿਡਾਰੀਆਂ ਦੀ ਗਿਣਤੀ ਹੈ, ਉਸ ਹਿਸਾਬ ਨਾਲ ਵਿੰਗ ਅਲਾਟ ਕੀਤੇ ਜਾ ਰਹੇ ਹਨ।