*ਤਨਖਾਹ ਉਡੀਕਦੇ ਅਧਿਆਪਕਾਂ ਨੇ ਘੇਰਿਆ ਜ਼ਿਲ੍ਹਾ ਸਿੱਖਿਆ ਦਫ਼ਤਰ*
*ਸਾਂਝੇ ਅਧਿਆਪਕ ਮੋਰਚੇ ਦਾ ਵਫ਼ਦ ਡੀ ਪੀ ਆਈ ਨੂੰ ਮਿਲੇਗਾ - ਦੌੜਕਾ*
ਮਾਰਚ ਮਹੀਨੇ ਦੀ ਤਨਖਾਹ ਉਡੀਕਦੇ ਪ੍ਰਾਇਮਰੀ ਅਧਿਆਪਕਾਂ ਨੇ ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਕੁਲਦੀਪ ਸਿੰਘ ਦੌੜਕਾ, ਬਿਕਰਮਜੀਤ ਸਿੰਘ, ਗੁਰਦਿਆਲ ਮਾਨ, ਗੁਰਦੀਸ਼ ਸਿੰਘ, ਹਰਪ੍ਰੀਤ ਸਿੰਘ, ਹਰਕੇਸ਼ ਕੁਮਾਰ, ਬਲਜੀਤ ਸਿੰਘ, ਜਸਵਿੰਦਰ ਭੱਟੀ ਅਤੇ ਅਸ਼ੋਕ ਪਠਲਾਵਾ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਦਾ ਘਿਰਾਓ ਕੀਤਾ। ਜਿਕਰਯੋਗ ਹੈ ਕਿ ਜ਼ਿਲ੍ਹੇ ਦੇ ਸਾਰੇ ਬੀ ਪੀ ਈ ਓਜ਼ ਦੀਆਂ ਪੋਸਟਾਂ ਖਾਲੀ ਹੋ ਗਈਆਂ ਹਨ, ਜਿਸ ਕਾਰਨ ਅਧਿਆਪਕਾਂ ਦੀ ਮਾਰਚ ਮਹੀਨੇ ਦੀ ਤਨਖਾਹ ਨਹੀਂ ਕਢਵਾਈ ਜਾ ਸਕੀ। ਇਸ ਤੋਂ ਪਹਿਲਾਂ ਵੀ ਦਸੰਬਰ, ਜਨਵਰੀ ਅਤੇ ਫਰਵਰੀ ਦੀ ਤਨਖਾਹ ਬਜਟ ਨਾ ਹੋਣ ਕਾਰਨ ਮਾਰਚ ਦੇ ਆਖਰੀ ਦਿਨਾਂ ਵਿੱਚ ਕਢਵਾਈ ਗਈ ਸੀ। ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਲੋਂ ਧਰਨਾਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਰਚ ਦੀ ਤਨਖਾਹ ਕਢਵਾਉਣ ਵਾਲਾ ਕੋਈ ਬੀ ਪੀ ਈ ਓ ਜ਼ਿਲ੍ਹੇ ਵਿੱਚ ਨਾ ਹੋਣ ਕਾਰਨ ਉਨ੍ਹਾਂ ਵਲੋਂ ਵਾਰ-ਵਾਰ ਉਚ ਸਿੱਖਿਆ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ, ਪਰ ਉਨ੍ਹਾਂ ਵਲੋਂ ਹਾਲੇ ਤੱਕ ਕਿਸੇ ਵੀ ਅਧਿਕਾਰੀ ਨੂੰ ਡੀ ਡੀ ਓ ਪਾਵਰਾਂ ਜਾਰੀ ਨਹੀਂ ਕੀਤੀਆਂ ਗਈਆਂ। ਜਿਸ ਕਰਕੇ ਇਹ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ।
ਧਰਨਾਕਾਰੀਆਂ ਨੇ ਸੋਮਵਾਰ ਨੂੰ ਡੀ ਪੀ ਆਈ ਪ੍ਰਾਇਮਰੀ ਨੂੰ ਵਫਦ ਦੇ ਰੂਪ ਵਿੱਚ ਮਿਲ ਕੇ ਤਨਖਾਹਾਂ ਕਢਵਾਉਣ ਲਈ ਡੀ ਡੀ ਓ ਪਾਵਰਾਂ ਦਾ ਮਸਲਾ ਹੱਲ ਕਰਵਾਉਣ ਦਾ ਫੈਸਲਾ ਕੀਤਾ। ਇਸ ਸਮੇਂ ਚਰਨਜੀਤ ਕੌਰ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਸੁਨੀਤਾ ਰਾਣੀ, ਨਰਿੰਦਰ ਸਿੰਘ, ਸੰਦੀਪ ਕੁਮਾਰ, ਜਸਪਾਲ, ਬਲਬੀਰ ਚੰਦ, ਸੁਰਿੰਦਰ ਪਾਲ, ਨਿਰਮਲ ਕੁਮਾਰ, ਰਣਬੀਰ ਸਿੰਘ, ਹਰੀ ਦਾਸ, ਮਨਮੋਹਨ ਚੱਢਾ, ਸਤਪਾਲ ਆਦਿ ਹਾਜ਼ਰ ਸਨ।