ਮੁੱਖ ਮੰਤਰੀ ਦੇ ਨਿਰਦੇਸ਼ਾਂ ਤੇ ਭੇਜੇ ਜਾਣਗੇ ਵਧਾਈ ਸੰਦੇਸ਼
· ਇਸ ਕਦਮ ਦਾ ਉਦੇਸ਼ ਅਜਿਹੇ ਮੌਕਿਆਂ ਨੂੰ ਯਾਦਗਾਰੀ ਬਣਾਉਣਾ ਅਤੇ ਪੁਲਿਸ ਬਲਾਂ ਵਿੱਚ ਅਪਣੱਤ ਦੀ ਭਾਵਨਾ ਪੈਦਾ ਕਰਨਾ
ਚੰਡੀਗੜ੍ਹ, 1 ਅਪ੍ਰੈਲ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ `ਤੇ ਪੰਜਾਬ ਪੁਲਿਸ ਨੇ ਪੁਲਿਸ ਮੁਲਾਜ਼ਮਾਂ ਦੇ ਜਨਮ ਦਿਨ ਨੂੰ ਖੁਸ਼ਨੁਮਾ ਅਤੇ ਯਾਦਗਾਰੀ ਬਣਾਉਣ ਲਈ ਨਿਵੇਕਲੀ ਪਹਿਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ ਨੂੰ ਇਸ ਵਿਸ਼ੇਸ਼ ਦਿਨ `ਤੇ ਵਧਾਈ ਸੰਦੇਸ਼ ਦੇ ਨਾਲ ਵਧਾਈ ਦਾ ਇੱਕ ਕਾਰਡ ਭੇਜਣਾ ਲਾਜ਼ਮੀ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਵਿੱਚ ਆਪਸੀ ਸਾਂਝ ਦੀ ਭਾਵਨਾ ਸਹੀ ਮਾਅਨਿਆਂ ਵਿੱਚ ਪੈਦਾ ਕੀਤੀ ਜਾ ਸਕੇ।
ਇਹ ਜਾਣਕਾਰੀ ਸਾਂਝੀ ਕਰਦਿਆਂ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ ਵੀ.ਕੇ. ਭਾਵੜਾ ਨੇ ਦੱਸਿਆ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਵੱਲੋਂ ਸਾਂਝੇ ਤੌਰ ਤੇ ਲਿਖਿਆ ਹੈ, “ਅੱਜ ਤੁਹਾਡੇ ਜਨਮ ਦਿਨ `ਤੇ ਅਸੀਂ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਆਉਣ ਵਾਲਾ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਚੰਗੀ ਸਿਹਤ ਅਤੇ ਖੁਸ਼ੀਆਂ ਲੈ ਕੇ ਆਵੇ। ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਪੂਰੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਲਈ ਆਪਣਾ ਫਰਜ਼ ਨਿਭਾਓਗੇ।"
On the directives of Chief Minister @BhagwantMann the @PunjabPoliceInd has taken a unique initiative to make the birthdays of police personnel a happy & memorable event as a goodwill gesture. Move to inculcate sense of belongingness among the police force.
— Government of Punjab (@PunjabGovtIndia) April 1, 2022
ਸੂਬੇ ਦੇ ਪੁਲਿਸ ਮੁਲਾਜ਼ਮਾਂ ਦੀ ਮਿਹਨਤ ਅਤੇ ਸਖ਼ਤ ਡਿਊਟੀ ਨੂੰ ਸਮਝਦਿਆਂ ਭਗਵੰਤ ਮਾਨ ਨੇ ਡੀਜੀਪੀ ਨੂੰ ਸਾਰੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦੇਣ ਦੇ ਨਿਰਦੇਸ਼ ਦਿੱਤੇ ਸਨ।
ਸ੍ਰੀ ਭਾਵੜਾ ਨੇ ਉਮੀਦ ਜਤਾਈ ਕਿ ਇਹ ਨਵੀਂ ਪਹਿਲਕਦਮੀ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਨਿਭਾਈਆਂ ਗਈਆਂ ਨਿਰਸਵਾਰਥ ਸੇਵਾਵਾਂ ਨੂੰ ਮਾਨਤਾ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਾਣ ਸਨਮਾਨ ਦੀ ਭਾਵਨਾ ਦੇਵੇਗੀ ਅਤੇ ਉਹਨਾਂ ਦੇ ਮਨੋਬਲ ਨੂੰ ਵਧਾਏਗੀ।
ਜ਼ਿਕਰਯੋਗ ਹੈ ਕਿ ਇਹ ਵਧਾਈ ਕਾਰਡ ਸੂਬੇ ਦੀ 80,000 ਤੋਂ ਵੱਧ ਪੁਲਿਸ ਫੋਰਸ ਦੇ ਹਰੇਕ ਜਵਾਨ ਨੂੰ ਭੇਜੇ ਜਾਣਗੇ।