ਸੂਬੇ 'ਚ ਇਕ ਮਹੀਨੇ 'ਚ 9000 ਡਾਕਟਰਾਂ ਤੇ ਪੈਰਾਮੈਡਿਕਸ ਦੀ ਹੋਵੇਗੀ ਭਰਤੀ, ਡਾ: ਵਿਜੇ ਸਿੰਗਲਾ
ਮਾਨਸਾ, 23 ਅਪ੍ਰੈਲ, 2022: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਮੌਜੂਦਾ ਸਿਹਤ ਪ੍ਰਣਾਲੀ ਨੂੰ ਹੁਲਾਰਾ ਦੇਣ ਲਈ, ਪੰਜਾਬ ਸਰਕਾਰ ਜਲਦੀ ਹੀ ਰਾਜ ਵਿੱਚ ਲਗਭਗ 9,000 ਡਾਕਟਰਾਂ ਅਤੇ ਪੈਰਾਮੈਡਿਕਸ ਦੀ ਭਰਤੀ ਕਰਨ ਜਾ ਰਹੀ ਹੈ।
-ਮਲੇਰੀਆ ਦੀ ਰੋਕਥਾਮ ਲਈ 50 ਲੱਖ ਰੁਪਏ ਦੀਆਂ 100 ਫੌਗਿੰਗ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਹਨ।
- ਸਿਹਤ ਵਿਭਾਗ ਸਾਲ 2024 ਤੱਕ ਪੰਜਾਬ ਨੂੰ ਮਲੇਰੀਆ ਮੁਕਤ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ
-ਮਾਨਸਾ ਵਿਖੇ ਰਾਜ ਪੱਧਰੀ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ
ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਵਿਜੇ ਸਿੰਗਲਾ ਨੇ ਅੱਜ ਮਾਨਸਾ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਉਣ ਸਬੰਧੀ ਕਰਵਾਏ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਿਹਤ ਖੇਤਰ ਲਈ ਬਿਹਤਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਮਲੇਰੀਆ ਅਤੇ ਡੇਂਗੂ ਵਰਗੀਆਂ ਵੈਕਟਰ ਬੋਰਨ ਬਿਮਾਰੀਆਂ ਤੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਜਲਦੀ ਹੀ 50 ਲੱਖ ਰੁਪਏ ਦੀ ਲਾਗਤ ਨਾਲ 100 ਫੋਗਿੰਗ ਮਸ਼ੀਨਾਂ ਖਰੀਦ ਰਹੀ ਹੈ। ਇਸ ਤੋਂ ਇਲਾਵਾ ਵੈਕਟਰ ਬੋਰਨ ਬਿਮਾਰੀਆਂ ਦਾ ਇਹ ਮੁਫ਼ਤ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਪਹਿਲਾਂ ਹੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਾਲ 2024 ਤੱਕ ਮਲੇਰੀਆ ਮੁਕਤ ਐਲਾਨਣ ਲਈ ਸਿਹਤ ਵਿਭਾਗ ਦਿਨ-ਰਾਤ ਕੰਮ ਕਰ ਰਿਹਾ ਹੈ।