ਘਰ ਘਰ ਚੱਲੀ ਗੱਲ
ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਦਾ ਵੀ ਕਰੋ ਕੋਈ ਹੱਲ
ਸਿਰਫ ਸ਼੍ਰੋਮਣੀ ਅਕਾਲੀ ਦਲ ਵੱਲ੍ਹੋਂ ਜਨਤਕ ਤੌਰ 'ਤੇ ਕੀਤਾ ਗਿਆ ਵਾਅਦਾ, ਮੈਨੀਫੈਸਟੋ ਚ ਵੀ ਪਾਉਣ ਦਾ ਦਿੱਤਾ ਭਰੋਸਾ
ਬਠਿੰਡਾ 4 ਫਰਵਰੀ(ਪੱਤਰ ਪ੍ਰੇਰਕ) ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਮਾਨਸਾ ਜਿਲਾ ਕਨਵੀਨਰ ਦਰਸ਼ਨ ਸਿੰਘ ਅਲੀਸ਼ੇਰ ਤੇ ਕਰਮਜੀਤ ਤਾਮਕੋਟ ਦੀ ਅਗਵਾਈ ਵਿੱਚ ਪੋਸਟਰ ਮੁਹਿੰਮ ਦਾ ਆਗਾਜ਼ ਕਰਦਿਆਂ ਸਮੂਹ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ ਆਪਣੇ ਮੈਨੀਫੈਸਟੋ ਵਿੱਚ ਨਾ ਪਾਇਆ ਗਿਆ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ।ਆਗੂਆਂ ਨੇ ਕਿਹਾ ਕਿ ਇਹ ਮੁਲਾਜ਼ਮਾਂ ਦੀ ਹੱਕੀ ਮੰਗ ਹੈ,ਪਰ ਹਰ ਪਾਰਟੀ ਇਸ ਨੂੰ ਅਣਗੋਲਿਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਹੱਕੀ ਮੰਗ ਨੂੰ ਨਾ ਮੰਨਿਆ ਤਾਂ ਉਸ ਪਾਰਟੀ ਦੇ ਉਮੀਦਵਾਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਕਿਸੇ ਵੀ ਮੁਲਾਜ਼ਮ ਦੇ ਘਰ ਵੋਟ ਮੰਗਣ ਨਾ ਆਵੇ।
ਆਗੂਆਂ ਨੇ ਦੱਸਿਆ ਕਿ ਹੁਣ ਤੱਕ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲ੍ਹੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲ੍ਹੋਂ ਜਨਤਕ ਤੌਰ 'ਤੇ ਐਲਾਨ ਕੀਤਾ ਗਿਆ ਹੈ,ਉਨ੍ਹਾਂ ਵੱਲ੍ਹੋਂ ਚੋਣ ਮੈਨੀਫੈਸਟੋ ਵਿੱਚ ਵੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਗਿਆ ਹੈ।ਪਰ ਹੋਰ ਕਿਸੇ ਪਾਰਟੀ ਨੇ ਜਨਤਕ ਤੌਰ ਤੇ ਇਸ ਹੱਕੀ ਮੰਗ ਸਬੰਧੀ ਕੋਈ ਐਲਾਨ ਨਹੀਂ ਕੀਤਾ, ਜਿਸ ਕਰਕੇ ਪੰਜਾਬ ਭਰ ਦੇ ਮੁਲਾਜ਼ਮਾਂ ਚ ਸਖਤ ਰੋਸ ਹੈ।