ਸਿੱਖਿਆ ਵਿਭਾਗ ਵੱਲੋਂ '100 ਦਿਨਾਂ ਪੜ੍ਹਨ ਮੁਹਿੰਮ' ਦੇ ਪੰਜਵੇਂ ਹਫ਼ਤੇ ਦੀ ਹੋਈ ਸ਼ੁਰੂਆਤ
#ਜਿਲੇ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਇਸ ਪੜ੍ਹਨ ਮੁਹਿੰਮ ਲਈ ਦਿਖਾਇਆ ਜਾ ਰਿਹਾ ਵਿਸ਼ੇਸ਼ ਉਤਸ਼ਾਹ -ਕੁਲਵਿੰਦਰ ਸਿੰਘ ਸਰਾਏ ਅਤੇ ਹਰਕੰਵਲਜੀਤ ਸਿੰਘ
ਨਵਾਂਸਹਿਰ 2 ਫਰਵਰੀ () ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਭਾਸ਼ਾ ਵਿੱਚ ਨਿਪੁੰਨਤਾ ਲਈ ਚਲਾਈ ਜਾ ਰਹੀ 100 ਦਿਨਾਂ ਪੜ੍ਹਨ ਮੁਹਿੰਮ ਦੇ ਪੰਜਵੇਂ ਹਫ਼ਤੇ ਦੀ ਸ਼ੁਰੂਆਤ ਹੋ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਕੁਲਵਿੰਦਰ ਸਿਮਘ ਸਰਾਏ ਜਿਲਾ ਸਿੱਖਿਆ ਅਫਸਰ(ਸੈ.ਸਿ) ਅਤੇ ਹਰਕੰਵਲਜੀਤ ਸਿੰਘ ਜਿਲਾ ਸਿੱਖਿਆ ਅਫਸਰ(ਐਲੀ.ਸਿ) ਨੇ ਦੱਸਿਆ ਕਿ ਵਿਭਾਗ ਵੱਲੋਂ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰਾਜੈਕਟ ਅਧੀਨ ਵਿਦਿਆਰਥੀਆਂ ਦੇ ਭਾਸ਼ਾ ਕੌਸ਼ਲ ਦੇ ਵਿਕਾਸ ਲਈ ਚਲਾਈ ਜਾ ਰਹੀ '100 ਦਿਨਾਂ ਪੜ੍ਹਨ ਮੁਹਿੰਮ' ਨੂੰ ਜਿਲੇ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੁਹਿੰਮ ਦੇ ਹੁਣ ਤੱਕ ਚਾਰ ਹਫ਼ਤੇ ਸਮਾਪਤ ਹੋ ਚੁੱਕੇ ਹਨ।
ਉਹਨਾਂ ਅਨੁਸਾਰ ਇਸ ਮੁਹਿੰਮ ਦੇ ਪੰਜਵੇਂ ਹਫ਼ਤੇ ਅਧੀਨ ਵਿਦਿਆਰਥੀਆਂ ਤੋਂ ਪ੍ਰੀ- ਪ੍ਰਾਇਮਰੀ ਤੋਂ ਦੂਜੀ ਜਮਾਤ ਅਤੇ ਤੀਜੀ ਜਮਾਤ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ 'ਕਹਾਣੀ ਮੇਰੀ ਜ਼ੁਬਾਨੀ' ਗਤੀਵਿਧੀ ਕਰਵਾਈ ਜਾਣੀ ਹੈ। ਇਸ ਗਤੀਵਿਧੀ ਤਹਿਤ ਵਿਦਿਆਰਥੀਆਂ ਤੋਂ ਸੰਖੇਪ ਵਿੱਚ ਕਹਾਣੀ ਸੁਣੀ ਜਾਵੇਗੀ। ਇਸ ਗਤੀਵਿਧੀ ਦੀ ਤਿਆਰੀ ਕਰਨ ਲਈ ਵਿਦਿਆਰਥੀ ਪਾਠ ਪੁਸਤਕਾਂ/ ਸਲਾਈਡਾਂ/ ਲਾਇਬ੍ਰੇਰੀ ਦੀਆਂ ਕਿਤਾਬਾਂ ਵਿੱਚੋਂ ਕਹਾਣੀਆਂ ਲਈਆਂ ਜਾ ਸਕਦੀਆਂ ਹਨ। ਵਿਦਿਆਰਥੀਆਂ ਨੂੰ ਕਹਾਣੀ ਪੜ੍ਹਨ ਲਈ ਦਿੱਤੀ ਜਾਵੇਗੀ। ਇਸ ਕਹਾਣੀ ਬਾਰੇ ਚਰਚਾ ਕੀਤੀ ਜਾਵੇਗੀ ਅਤੇ ਇਸ ਕਹਾਣੀ ਨੂੰ ਵਿਦਿਆਰਥੀਆਂ ਨੂੰ ਆਪਣੇ ਸ਼ਬਦਾਂ ਵਿੱਚ ਸੁਣਾਉਣ ਲਈ ਕਿਹਾ ਜਾਵੇਗਾ। ਇਸ ਨਾਲ ਵਿਦਿਆਰਥੀਆਂ ਅੰਦਰ ਭਾਸ਼ਾ ਦੇ ਸਹੀ ਉਚਾਰਣ ਕਰਨ ਵਿੱਚ ਮੌਕਾ ਤਾਂ ਮਿਲੇਗਾ ਹੀ ਬਲਕਿ ਉਹਨਾਂ ਅੰਦਰ ਆਪਣੇ ਵਿਚਾਰਾਂ ਦੇ ਸਵੈ -ਪ੍ਰਗਟਾਵੇ ਰਾਹੀਂ ਆਤਮ ਵਿਸ਼ਵਾਸ ਦੀ ਭਾਵਨਾ ਵੀ ਪੈਦਾ ਹੋਵੇਗੀ। ਇਸ ਗਤੀਵਿਧੀ ਵਿੱਚ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਦੀ ਵੀ ਭਾਗੀਦਾਰੀ ਰਹੇਗੀ। ਉਹ ਇਹ ਯਕੀਨੀ ਬਣਾਉਣਗੇ ਵਿਦਿਆਰਥੀ ਇਸ ਗਤੀਵਿਧੀ ਵਿੱਚ ਭਾਗ ਲੈ ਰਹੇ ਹਨ। ਉਹ ਵਿਦਿਆਰਥੀਆਂ ਤੋਂ ਕਹਾਣੀ ਬਾਰੇ ਅਤੇ ਲਾਇਬ੍ਰੇਰੀ ਵਿੱਚੋਂ ਲਈ ਗਈ ਕਿਤਾਬ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਵਿਦਿਆਰਥੀਆਂ ਤੋਂ ਕਹਾਣੀ ਸੁਣ ਕੇ ਗਲਤੀਆਂ ਦਰੁਸਤ ਵੀ ਕਰ ਸਕਦੇ ਹਨ।