79 ਸਰਕਾਰੀ ਸਕੂਲਾਂ ਨੂੰ ਸੈਨੀਟਾਇਜ਼ਰ ਡਿਸਪੈਂਸਰ ਦਿੱਤੇ
ਸਕੂਲ ਮੁਖੀ ਅਤੇ ਅਧਿਆਪਕ ਬੱਚਿਆਂ ਨੂੰ ਕੋਵਿਡ ਤੋਂ ਬਚਾਅ ਸਬੰਧੀ ਹਦਾਇਤਾਂ ਤੋਂ ਜਾਣੂੰ ਕਰਵਾਉਣ ਲਈ ਮਾਪਿਆਂ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਰੱਖਣ - ਇੰਜੀ: ਅਮਰਜੀਤ ਸਿੰਘ ਡੀਈਓ ਐਲੀਮੈਂਟਰੀ ਸਿੱਖਿਆ ਪਟਿਆਲਾ
ਪਟਿਆਲਾ 5 ਜਨਵਰੀ ( ਅਨੂਪ ਸ਼ਰਮਾ )
ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਹਿਨੁਮਾਈ ਵਿੱਚ ਜ਼ਿਲ੍ਹਾ ਪਟਿਆਲਾ ਦੇ 79 ਸਰਕਾਰੀ ਸਕੂਲਾਂ ਨੂੰ ਸੈਨੀਟਾਇਜ਼ਰ ਡਿਸਪੈਂਸਰਾਂ ਦੀ ਵੰਡ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਇੰਜੀ: ਅਮਰਜੀਤ ਸਿੰਘ ਨੇ ਕੀਤੀ। ਇਸ ਸਬੰਧੀ ਇੰਜੀ: ਅਮਰਜੀਤ ਸਿੰਘ ਨੇ ਮੀਟਿੰਗ ਵਿੱਚ ਮੌਜੂਦ ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਕੋਵਿਡ ਸਬੰਧੀ ਹਲਾਤ ਨੂੰ ਦੇਖਦਿਆਂ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਕੋਵਿਡ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਨਾ ਸਾਡਾ ਸਭ ਦਾ ਮੁੱਢਲਾ ਫਰਜ਼ ਹੈ।
ਉਹਨਾਂ ਕਿਹਾ ਕਿ ਸੋਸ਼ਲ਼ ਮੀਡੀਆ ਦੀ ਵਰਤੋਂ ਕਰਕੇ ਕੋਵਿਡ ਤੋਂ ਬਚਾਅ ਦੀਆਂ ਸਾਵਧਾਨੀਆਂ ਦੀਆਂ ਵੱਧ ਤੋਂ ਵੱਧ ਪੋਸਟਰ ਅਤੇ ਵੀਡੀਓਜ਼ ਬੱਚਿਆਂ ਦੇ ਮਾਪਿਆਂ ਨਾਲ ਸਾਂਝੀਆਂ ਕੀਤੀਆਂ ਜਾਣ। ਉਹਨਾਂ ਕਿਹਾ ਕਿ ਸਕੂਲਾਂ ਵਿੱਚ ਵੀ ਹਦਾਇਤਾਂ ਅਨੁਸਾਰ ਆਪਸੀ ਦੂਰੀ, ਵਾਰ-ਵਾਰ ਹੱਥ ਧੋਣ ਅਤੇ ਹੋਰ ਹਦਾਇਤਾਂ ਦਾ ਵੀ ਪਾਲਣ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਵੱਖ-ਵੱਖ ਸੈਨੀਟਾਇਜ਼ਰ ਡਿਸਪੈਂਸਰ ਪ੍ਰਾਪਤ ਕਰਨ ਵਾਲੇ ਸਕੂਲਾਂ ਦੇ ਨਾਲ ਸਬੰਧਿਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਅਤੇ ਸਬੰਧਿਤ ਅਧਿਆਪਕਾਂ ਨੇ ਸਿੱਖਿਆ ਵਿਭਾਗ ਦਾ ਸੈਨੀਟਾਇਜ਼ਰ ਡਿਸਪੈਂਸਰ ਦੇਣ ਲਈ ਧੰਨਵਾਦ ਕੀਤਾ।