ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਤੋਂ ਸਿੱਖਿਆ ਲੈਂਦੇ ਹੋਏ ਜਾਬਰ ਹਕੂਮਤਾਂ ਨਾਲ ਭਿੜ ਕੇ ਕਾਣੀ ਵੰਡ ਖ਼ਤਮ ਕਰਨ ਤੇ ਲੋਕ-ਪੱਖੀ ਰਾਜ ਦੀ ਸਿਰਜਣਾ ਕਰਨ ਦੀ ਲੋੜ: ਭਾਕਿਯੂ ਉਗਰਾਹਾਂ

 ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਤੋਂ ਸਿੱਖਿਆ ਲੈਂਦੇ ਹੋਏ ਜਾਬਰ ਹਕੂਮਤਾਂ ਨਾਲ ਭਿੜ ਕੇ ਕਾਣੀ ਵੰਡ ਖ਼ਤਮ ਕਰਨ ਤੇ ਲੋਕ-ਪੱਖੀ ਰਾਜ ਦੀ ਸਿਰਜਣਾ ਕਰਨ ਦੀ ਲੋੜ: ਭਾਕਿਯੂ ਉਗਰਾਹਾਂ


ਦਲਜੀਤ ਕੌਰ ਭਵਾਨੀਗੜ੍ਹ


ਨਵੀਂ ਦਿੱਲੀ, 8 ਦਸੰਬਰ, 2021: ਅੱਜ ਦਾ ਦਿਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਟਿੱਕਰੀ ਬਾਰਡਰ ਤੇ ਗ਼ਦਰੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਕਿਰਤੀ ਲੋਕਾਂ ਦੇ ਮਹਾਨ ਰਹਿਬਰ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 346ਵੇਂ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਲਾਮਿਸਾਲ ਸ਼ਹਾਦਤ ਨੂੰ ਸਮਰਪਿਤ ਰਿਹਾ। ਸਾਰੇ ਪੰਡਾਲ ਨੇ ਖੜ੍ਹੇ ਹੋ ਕੇ ਨਾਅਰਿਆਂ ਦੀ ਗੂੰਜ ਵਿਚ ਉਨ੍ਹਾਂ ਦੀ ਘਾਲਣਾ ਨੂੰ ਸਿਜਦਾ ਕੀਤਾ। ਨੌਂਵੇਂ ਗੁਰੂ ਦੇ ਉਸ ਕਥਨ "ਭੈ ਕਾਹੂੰ ਕੋ ਦੇਤ ਨਹਿ ,ਨਹਿਂ ਭੈ ਮਾਨਤ ਆਨ " ਨੂੰ ਬੁਲੰਦ ਕੀਤਾ, ਯਾਨੀ ਨਾ ਅਸੀਂ ਕਿਸੇ ਨੂੰ ਭੈ ਦਿੰਦੇ ਹਾਂ ਅਤੇ ਨਾ ਹੀ ਭੈ ਮੰਨਦੇ ਹਾਂ। 



ਅੱਜ ਦੀ ਸਟੇਜ ਦੀ ਕਾਰਵਾਈ ਨੌਜਵਾਨਾਂ ਨੇ ਸੰਭਾਲੀ। ਨੌਜਵਾਨ ਆਗੂ ਬਿੱਟੂ ਮੱਲਣ (ਮੁਕਤਸਰ) ਅਤੇ ਗੁਰਪ੍ਰੀਤ ਸਿੰਘ ਨੂਰਪੁਰ (ਲੁਧਿਆਣਾ ) ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਕਿਹਾ ਕਿ ਅੱਜ ਜਦੋਂ ਕਿਰਤੀ ਲੋਕਾਂ ਦਾ ਮੱਥਾ ਕੇਂਦਰ ਦੀ ਜਾਬਰ ਹਕੂਮਤ ਨਾਲ ਲੋਕ ਵਿਰੋਧੀ ਨੀਤੀਆਂ ਨੂੰ ਲੈ ਕੇ ਲੱਗਾ ਹੋਇਆ ਹੈ ਤਾਂ ਪੂਰੇ ਇੱਕ ਸਾਲ ਦੇ ਸਮੇਂ ਦੌਰਾਨ ਲਗਭਗ 700 ਕਿਸਾਨਾਂ ਮਜ਼ਦੂਰਾਂ ਸਮੇਤ ਔਰਤਾਂ ਦੀਆਂ ਇਸ ਸੰਘਰਸ਼ ਵਿੱਚ ਸ਼ਹਾਦਤਾਂ ਹੋ ਚੁੱਕੀਆਂ ਹਨ। 


ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਅੱਜ ਤੋਂ 346 ਸਾਲ ਪਹਿਲਾਂ ਜਦੋਂ ਭਾਰਤ 'ਤੇ ਮੁਗਲ ਸਾਮਰਾਜ ਦਾ ਕਬਜ਼ਾ ਸੀ ਤਾਂ ਹਿੰਦੂਆਂ ਦਾ ਜਬਰੀ ਧਰਮ ਤਬਦੀਲ ਕਰਨ ਵਿਰੁੱਧ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਗਵਾਈ ਕੀਤੀ ਅਤੇ ਸੰਨ 1675 ਵਿੱਚ ਦਿੱਲੀ ਦੀ ਜਾਬਰ ਹਕੂਮਤ ਨਾਲ ਟੱਕਰ ਲੈਂਦੇ ਹੋਏ ਚਾਂਦਨੀ ਚੌਂਕ ਅੰਦਰ ਜਬਰ ਦਾ ਮੁਕਾਬਲਾ ਸਬਰ ਨਾਲ ਕਰਦੇ ਹੋਏ ਸ਼ਹੀਦੀ ਜਾਮ ਪੀ ਗਏ। ਅੱਜ ਉਨ੍ਹਾਂ ਦੀ ਇਸ ਅਦੁੱਤੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਚੱਲਣ ਦੀ ਲੋੜ ਹੈ, ਕਿਉਂਕਿ ਕੇਂਦਰ ਦੀ ਫ਼ਿਰਕੂ ਫਾਸ਼ੀਵਾਦੀ ਭਾਜਪਾ ਹਕੂਮਤ ਵੱਲੋਂ ਹਿੰਦੂ ਰਾਸ਼ਟਰਵਾਦ ਦੇ ਨਾਅਰੇ ਹੇਠ ਘੱਟ ਗਿਣਤੀ ਧਰਮ ਦੇ ਲੋਕਾਂ 'ਤੇ ਜਬਰ ਕੀਤਾ ਜਾ ਰਿਹਾ ਹੈ। 


ਮਾਨਸਾ ਜ਼ਿਲ੍ਹੇ ਦੇ ਆਗੂ ਜਗਸੀਰ ਸਿੰਘ ਦੋਦੜਾ ਨੇ ਕਿਹਾ ਕਿ ਸਦੀਆਂ ਤੋਂ ਕਿਰਤੀ ਲੋਕਾਂ ਦੇ ਹੱਕਾਂ 'ਤੇ ਡਾਕੇ ਵੱਜਦੇ ਆ ਰਹੇ ਹਨ ਭਾਵੇਂ ਮੁਗਲ ਸਾਮਰਾਜ ਹੋਵੇ ਚਾਹੇ ਅੰਗਰੇਜ਼ ਸਾਮਰਾਜ ਹੋਵੇ ਜਾਂ ਅੱਜ ਦੇ ਸਾਡੇ ਲੁਟੇਰੇ ਹਾਕਮ ਹੋਣ, ਪਰ ਇਨ੍ਹਾਂ ਸਾਰਿਆਂ ਦਾ ਖਾਸਾ ਇੱਕੋ ਹੀ ਹੈ। ਲੁਟੇਰੇ ਹਾਕਮਾਂ ਦੇ ਖਿਲਾਫ ਸਮੇਂ ਸਮੇਂ 'ਤੇ ਕਿਰਤੀ ਲੋਕ ਵੀ ਆਪਣੀ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਇਸ ਲਈ ਅੱਜ ਸ੍ਰੀ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਕੁਰਬਾਨੀ ਤੋਂ ਸਿੱਖਿਆ ਲੈਂਦੇ ਹੋਏ ਜਾਬਰ ਹਕੂਮਤਾਂ ਨਾਲ ਭਿੜ ਕੇ ਕਾਣੀ ਵੰਡ ਖ਼ਤਮ ਕਰਨ ਤੇ ਲੋਕ-ਪੱਖੀ ਰਾਜ ਦੀ ਸਿਰਜਣਾ ਕਰਨ ਦੀ ਲੋੜ ਹੈ। ਫਿਰ ਹੀ ਖਰੀ ਆਜ਼ਾਦੀ ਅਤੇ ਖਰੀ ਜਮਹੂਰੀਅਤ ਬਹਾਲ ਕੀਤੀ ਜਾ ਸਕਦੀ ਹੈ। 


ਜ਼ਿਲ੍ਹਾ ਬਠਿੰਡਾ ਦੇ ਆਗੂ ਬਿੱਕਰਜੀਤ ਸਿੰਘ ਪੂਹਲਾ ਅਤੇ ਕਾਲਾ ਸਿੰਘ ਪਿੱਥੋ ਨੇ ਕਿਹਾ ਕਿ ਕੇਂਦਰ ਸਰਕਾਰ ਹਾਲੇ ਵੀ ਕਿਸਾਨਾਂ ਦਾ ਸਬਰ ਪਰਖ ਰਹੀ ਹੈ ਅਤੇ ਸੰਯੁਕਤ ਕਿਸਾਨ ਮੋਰਚੇ ਨੂੰ ਦੋਫਾੜ ਕਰਨਾ ਚਾਹੁੰਦੀ ਹੈ, ਪਰ ਕਿਸਾਨ ਜਥੇਬੰਦੀਆਂ ਦੇ ਆਗੂ ਸਰਕਾਰ ਦੀਆਂ ਇਹਨਾਂ ਚਾਲਾਂ ਤੋਂ ਪਹਿਲੇ ਦਿਨ ਤੋਂ ਹੀ ਸੁਚੇਤ ਹਨ ਅਤੇ ਇਕਮੁੱਠਤਾ ਨਾਲ ਸਾਰੀਆਂ ਮੰਗਾਂ ਮੰਨਵਾ ਕੇ ਹੀ ਸਾਂਝੇ ਕਿਸਾਨ ਮੋਰਚੇ ਦੀ ਸਮਾਪਤੀ ਦਾ ਐਲਾਨ ਕਰਨਗੇ। 


ਅੱਜ ਦੀ ਸਟੇਜ ਤੋਂ ਸੰਦੀਪ ਘਰਾਚੋਂ, ਗਮਦੂਰ ਸਿੰਘ ਬਾਬਰਪੁਰ, ਸੋਨੂੰ ਹਿਸਾਰ, ਜਸਬੀਰ ਸਿੰਘ ਰਾਮੂਵਾਲ , ਕੁਲਦੀਪ ਸਿੰਘ ਹੈਰੀ ਅਤੇ ਹਰਜੀਤ ਸਿੰਘ ਬੀਹਲਾ ਨੇ ਵੀ ਸੰਬੋਧਨ ਕੀਤਾ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends