ਸਰਕਾਰੀ ਕਾਲਜ ਜਾਡਲਾ ਦੀ ਨਵੀਂ ਇਮਾਰਤ ਦਾ ਪ੍ਰਗਟ ਸਿੰਘ ਕਰਨਗੇ ਉਦਘਾਟਨ
ਸਰਕਾਰੀ ਸਮਾਰਟ ਸਕੂਲ ਨਵਾਂਸ਼ਹਿਰ ਦਾ ਵੀ ਕਰਨਗੇ ਦੌਰਾ
ਨਵਾਂਸ਼ਹਿਰ, 21 ਨਵੰਬਰ:
ਪੰਜਾਬ ਸਰਕਾਰ ਵਲੋਂ ਸਰਕਾਰੀ ਕਾਲਜ ਜਾਡਲਾ ਦੀ 12 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਨਵੀਂ ਇਮਾਰਤ ਦਾ 22 ਨਵੰਬਰ ਨੂੰ ਪੰਜਾਬ ਦੇ ਸਕੂਲੀ ਅਤੇ ਉੱਚ ਸਿੱਖਿਆ, ਖੇਡਾਂ, ਐਨ ਆਰ ਆਈ ਮਾਮਲੇ ਅਤੇ ਯੁਵਕ ਸੇਵਾਵਾਂ ਮੰਤਰੀ ਪੰਜਾਬ ਸ. ਪ੍ਰਗਟ ਸਿੰਘ ਵਲੋਂ ਸਵੇਰੇ 9:30 ਵਜੇ ਲੋਕ ਅਰਪਣ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਹ ਸਵੇਰੇ 9 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ ਦੀ 5 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਇਮਾਰਤ ਦਾ ਜਾਇਜ਼ਾ ਲੈਣਗੇ।
ਇਹ ਜਾਣਕਾਰੀ ਦਿੰਦੇ ਹੋਏ ਹਲਕਾ ਨਵਾਂਸ਼ਹਿਰ ਦੇ ਵਿਧਾਇਕ ਸ. ਅੰਗਦ ਸਿੰਘ ਨੇ ਦੱਸਿਆ ਕਿ ਇਸ ਕਾਲਜ ਦੇ ਮੁਕੰਮਲ ਹੋਣ ਨਾਲ ਮਰਹੂਮ ਖੇਤੀਬਾੜੀ ਮੰਤਰੀ ਸ. ਦਿਲਬਾਗ਼ ਸਿੰਘ ਦਾ ਇਸ ਪੇਂਡੂ ਇਲਾਕੇ ਚ ਲੋੜਵੰਦ ਵਿਦਿਆਥੀਆਂ ਨੂੰ ਉੱਚ ਸਿਖਿਆ ਮੁੱਹਈਆ ਕਰਵਾਉਣ ਦਾ ਸੁਫ਼ਨਾ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਵਰਗੀ ਸ. ਦਿਲਬਾਗ਼ ਸਿੰਘ ਵਲੋਂ ਸਾਲ 1995-96 'ਚ ਲਏ ਇਸ ਸੁਫ਼ਨੇ ਨੂੰ ਉਸ ਸਮੇਂ ਛੋਕਰਾਂ ਪਿੰਡ ਚ ਜ਼ਮੀਨ ਅਲਾਟ ਹੋਣ ਦੇ ਬਾਵਜੂਦ ਇਸ ਕਰਕੇ ਸਾਕਾਰ ਨਹੀਂ ਸੀ ਕੀਤਾ ਜਾ ਸਕਿਆ ਕਿ ਉਸ ਮੌਕੇ ਉਨ੍ਹਾਂ ਦਾ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਮਾਰਚ 2019 ਵਿੱਚ ਸ਼ੁਰੂ ਹੋਈ ਕਾਲਜ ਦੀ ਇਮਾਰਤ ਦੀ ਉਸਾਰੀ ਰਿਕਾਰਡ ਸਮੇਂ 'ਚ ਮੁਕੰਮਲ ਹੋਈ ਹੈ ਅਤੇ ਕਾਲਜ ਵਿੱਚ ਕਲਾਸਾਂ ਚਾਲੂ ਅਕਾਦਮਿਕ ਸਾਲ ਦੇ ਸ਼ੁਰੂ 'ਚ ਹੀ ਚੱਲ ਪਈਆਂ ਸਨ। ਉਨ੍ਹਾਂ ਇਸ ਪ੍ਰਾਜੈਕਟ ਨੂੰ ਅਮਲੀ ਰੂਪ ਦੇਣ ਲਈ ਜਾਡਲਾ ਦੀ ਪੰਚਾਇਤ ਵੱਲੋਂ ਦਿੱਤੇ ਯੋਗਦਾਨ ਦੀ ਸ਼ਲਾਘਾ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਕਾਲਜ ਦੀ ਨਵੀਂ ਇਮਾਰਤ 'ਚ 12 ਕਮਰੇ, ਚਾਰ ਲੈਬਜ਼, ਐਡਮਨ ਬਲਾਕ, ਲਾਇਬ੍ਰੇਰੀ, ਕੰਟੀਨ ਅਤੇ ਖੇਡ ਗਰਾਊਂਡ ਸ਼ਾਮਿਲ ਹੈ। ਉਨ੍ਹਾਂ ਅੱਗੇ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਦਿੱਤੇ ਆਸ਼ੀਰਵਾਦ ਸਦਕਾ ਹੀ ਇਹ ਸਭ ਸੰਭਵ ਹੋ ਸਕਿਆ, ਜਿਸ ਦੀ ਕਿ ਨਵਾਂ ਸ਼ਹਿਰ ਨੂੰ ਬੁਹਤ ਜਰੂਰਤ ਸੀ। ਐਮ ਐਲ ਏ ਅੰਗਦ ਸਿੰਘ ਨੇ ਆਸ ਪ੍ਰਗਟਾਈ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿਚ ਸਰਕਾਰੀ ਕਾਲਜ ਜਾਡਲਾ ਦਾ ਅਹਿਮ ਯੋਗਦਾਨ ਹੋਵੇਗਾ, ਜਿੱਥੇ ਗਰੀਬ ਤੇ ਲੋੜਵੰਦ ਵਿਦਿਆਰਥੀ ਉੱਚ ਸਿਖਿਆ ਪ੍ਰਾਪਤ ਕਰਕੇ ਉੱਜਵਲ ਭਵਿੱਖ ਬਣਾ ਸਕਣਗੇ।
ਉਨ੍ਹਾਂ ਇਲਾਕੇ ਦੇ ਸਮੂਹ ਲੋਕਾਂ ਨੂੰ ਇਸ ਖੁਸ਼ੀ ਭਰੇ ਅਵਸਰ ਚ ਸ਼ਮੂਲੀਅਤ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਹਮੇਸ਼ਾਂ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਜੁਟੇ ਰਹਿਣਗੇ ਅਤੇ ਨਵਾਂ ਸ਼ਹਿਰ ਨੂੰ ਮਾਡਲ ਹਲਕਾ ਬਣਾਉਣ ਦੇ ਆਪਣੇ ਵਾਅਦੇ ਨੂੰ ਸਰਕਾਰ ਅਤੇ ਲੋਕਾਂ ਦੇ ਸਹਿਯੋਗ ਨਾਲ ਸਿਰੇ ਚਾੜ੍ਹਨ ਲਈ ਯਤਨ ਕਰਦੇ ਰਹਿਣਗੇ।