ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਪ੍ਰਾਇਮਰੀ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲੇ ਸੰਪੰਨ।
ਜੇਤੂ ਵਿਦਿਆਰਥੀ ਅਤੇ ਅਧਿਆਪਕ ਸਰਟੀਫਿਕੇਟ ਅਤੇ ਮੈਡਲਾਂ ਨਾਲ ਸਨਮਾਨਿਤ।
ਪਠਾਨਕੋਟ, 30 ਨਵੰਬਰ (ਬਲਕਾਰ ਅੱਤਰੀ)
ਭਾਸ਼ਾ ਅਤੇ ਸਿੱਖਿਆ ਮੰਤਰੀ ਪੰਜਾਬ ਸ੍ਰੀ ਪਰਗਟ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਮਹੀਨਾ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਸਿੱਖਿਆ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਸ੍ਰੀ ਅਜੋਏ ਸ਼ਰਮਾ ਦੀ ਅਗਵਾਈ ਹੇਠ ਪ੍ਰਾਇਮਰੀ ਸਕੂਲਾਂ ਵਿੱਚ ਮਾਂ-ਬੋਲੀ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੀ ਅੱਜ ਮੰਗਲਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਸਰਨਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਦੇਵ ਰਾਜ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿੱਚ ਬਲਾਕ ਪੱਧਰ ਦੇ ਜੇਤੂ ਵਿਦਿਆਰਥੀਆਂ ਅਤੇ ਸੁੰਦਰ ਲਿਖਾਈ ਦੇ ਜੇਤੂ ਅਧਿਆਪਕਾਂ ਨੇ ਭਾਗ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਦੇਵ ਰਾਜ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਮੇਸ਼ ਲਾਲ ਠਾਕੁਰ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਪੜ੍ਹਣ-ਲਿਖਣ ਦੀਆਂ ਰੁਚੀਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਿੱਖਿਆ ਵਿਭਾਗ ਸਮੇਂ-ਸਮੇਂ 'ਤੇ ਨਿਵੇਕਲੀਆਂ ਗਤੀਵਿਧੀਆਂ ਅਤੇ ਮੁਕਾਬਲੇ ਆਯੋਜਿਤ ਕਰਦਾ ਹੈ। ਨਵੰਬਰ ਮਹੀਨਾ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਹੈ। ਇਸ ਲਈ ਸਿੱਖਿਆ ਵਿਭਾਗ ਵੱਲੋਂ 30 ਨਵੰਬਰ ਤੱਕ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਪੜ੍ਹਦੇ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਮੁਕਾਬਲੇ (ਕਲਮ ਨਾਲ), ਸੁੰਦਰ ਲਿਖਾਈ ਮੁਕਾਬਲੇ (ਜੈੱਲ ਪੈੱਨ ਨਾਲ), ਭਾਸ਼ਣ ਮੁਕਾਬਲੇ, ਕਵਿਤਾ ਗਾਇਨ ਮੁਕਾਬਲੇ, ਪੜ੍ਹਣ ਮੁਕਾਬਲੇ, ਬੋਲ ਲਿਖਤ ਮੁਕਾਬਲੇ, ਕਹਾਣੀ ਸੁਣਾਉਣ ਮੁਕਾਬਲੇ, ਚਿੱਤਰਕਲਾ ਮੁਕਾਬਲੇ, ਆਮ ਗਿਆਨ ਮੁਕਾਬਲੇ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਅਧਿਆਪਕਾਂ ਦੇ ਵੀ ਸੁਲੇਖ ਮੁਕਾਬਲੇ ਕਰਵਾਏ ਗਏ ਹਨ। ਅਧਿਆਪਕਾਂ ਨੇ ਸਕੂਲ ਪੱਧਰ ਤੋਂ ਆਪਣੀ ਕਲਾ ਦਾ ਲੋਹਾ ਮਨਵਾਉਂਦੇ ਹੋਏ ਜ਼ਿਲ੍ਹਾ ਪੱਧਰ ਤੱਕ ਆਪਣੀ ਸੁੰਦਰ ਲਿਖਾਈ ਦੀ ਛਾਪ ਛੱਡੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ ਅਤੇ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਬਹੁਤ ਜਿਆਦਾ ਉਤਸ਼ਾਹ ਸੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਨਾਲ ਬੱਚਿਆਂ ਦਾ ਹੁਨਰ ਨਿਖਰ ਕੇ ਬਾਹਰ ਆਉਂਦਾ ਹੈ ਅਤੇ ਪ੍ਰਤਿਭਸ਼ਾਲੀ ਬੱਚਿਆਂ ਦੀ ਪਛਾਣ ਹੁੰਦੀ ਹੈ। ਇਹ ਮੁਕਾਬਲੇ ਵਿਦਿਆਰਥੀਆਂ ਦੀ ਸ਼ਖਸ਼ੀਅਤ ਉਸਾਰੀ ਵਿੱਚ ਵੀ ਵਡਮੁੱਲਾ ਯੋਗਦਾਨ ਪਾਉਂਦੇ ਹਨ।
ਇਸ ਮੌਕੇ ਤੇ ਬੀਪੀਈਓ ਕੁਲਦੀਪ ਸਿੰਘ, ਬੀਪੀਈਓ ਰਾਕੇਸ਼ ਠਾਕੁਰ, ਬੀਪੀਈਓ ਨਰੇਸ਼ ਪਨਿਆੜ, ਬੀਪੀਈਓ ਪੰਕਜ ਅਰੋੜਾ, ਸਟੈਨੋ ਤਰੁਣ ਪਠਾਨੀਆ, ਸੀਐਚਟੀ ਤਿਲਕ ਰਾਜ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਸੀਐਚਟੀ ਸੁਨੀਲ ਕੁਮਾਰ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਸਮੂਹ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਅਤੇ ਅਧਿਆਪਕ ਹਾਜ਼ਰ ਸਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਦੇਵ ਰਾਜ ਦਾ ਸਵਾਗਤ ਕਰਦੇ ਹੋਏ ਅਧਿਆਪਕ। |